ਐਡੀਲੇਡ – ਆਸਟਰੇਲੀਆ ਦੇ ਸਲਾਮੀ ਬੱਲੇਬਾਜ਼ ਡੇਵਿਡ ਵਾਰਨਰ ਨੇ ਪਾਕਿਸਤਾਨ ਖ਼ਿਲਾਫ਼ ਦੂਜੇ ਟੈੱਸਟ ਵਿੱਚ ਤੀਹਰਾ ਸੈਂਕੜਾ ਲਾਇਆ ਸੀ। 33 ਸਾਲਾ ਵਾਰਨਰ ਨੇ ਮੁਹੰਮਦ ਅੱਬਾਸ ਦੀ ਗੇਂਦ ‘ਤੇ ਚੌਕਾ ਲਾ ਕੇ ਤੀਹਰਾ ਸੈਂਕੜਾ ਲਾਇਆ। ਉਸ ਨੇ 389 ਗੇਂਦਾਂ ਦੀ ਆਪਣੀ ਪਾਰੀ ਵਿੱਚ 37 ਚੌਕਿਆਂ ਦੀ ਮਦਦ ਨਾਲ ਅਜੇਤੂ 335 ਦੌੜਾਂ ਬਣਾਈਆਂ। ਉਹ ਕਰੀਬ ਨੌਂ ਘੰਟਿਆਂ ਤਕ ਕ੍ਰੀਜ਼ ‘ਤੇ ਖੜ੍ਹਾ ਰਿਹਾ। ਵਾਰਨਰ ਭਾਰਤ ਦੇ ਕਰੁਣ ਨਾਇਰ ਤੋਂ ਬਾਅਦ ਤੀਹਰਾ ਸੈਂਕੜਾ ਲਾਉਣ ਵਾਲਾ ਪਹਿਲੇ ਖਿਡਾਰੀ ਹੈ। ਨਾਇਰ ਨੇ 2016 ਵਿੱਚ ਇੰਗਲੈਂਡ ਖ਼ਿਲਾਫ਼ ਅਜੇਤੂ 303 ਦੌੜਾਂ ਦੀ ਪਾਰੀ ਖੇਡੀ ਸੀ। ਟੈੱਸਟ ਕ੍ਰਿਕਟ ਵਿੱਚ ਸਭ ਤੋਂ ਵੱਡਾ ਸਕੋਰ ਬ੍ਰਾਇਨ ਲਾਰਾ ਦੇ ਨਾਂ ਹੈ ਜਿਸ ਨੇ ਇੰਗਲੈਂਡ ਖਿਲਾਫ਼ 2004 ਵਿੱਚ ਸੇਂਟ ਜੋਨਜ਼ ਵਿੱਚ ਅਜੇਤੂ 400 ਦੌੜਾਂ ਬਣਾਈਆਂ ਸੀ। ਏਸ਼ਿਜ਼ ਸੀਰੀਜ਼ ਵਿੱਚ 10 ਪਾਰੀਆਂ ਵਿੱਚ ਸਿਰਫ਼ 95 ਦੌੜਾਂ ਬਣਾ ਸਕਣ ਵਾਲੇ ਵਾਰਨਰ ਨੇ ਸ਼ਾਨਦਾਰ ਵਾਪਸੀ ਕੀਤੀ ਹੈ।
ਤੀਹਰਾ ਸੈਂਕੜਾ ਲਾਉਣ ਵਾਲਾ ਦੂਜਾ ਬੱਲੇਬਾਜ਼
ਡੇਅ ਨਾਈਟ ਟੈੱਸਟ ਵਿੱਚ ਸਭ ਤੋਂ ਪਹਿਲਾਂ ਪਾਕਿਸਤਾਨ ਦੇ ਅਜ਼ਹਰ ਅਲੀ ਨੇ ਤੀਹਰਾ ਸੈਂਕੜਾ ਲਾਇਆ ਸੀ। ਅਜ਼ਹਰ ਅਲੀ ਨੇ 13 ਅਕਤੂਬਰ 2016 ਨੂੰ ਵੈੱਸਟ ਇੰਡੀਜ਼ ਖ਼ਿਲਾਫ਼ ਅਜੇਤੂ 302 ਦੌੜਾਂ ਬਣਾਈਆਂ ਸੀ ਜੋ ਗ਼ੁਲਾਬੀ ਗੇਂਦ ਦਾ ਪਹਿਲਾ ਤੀਹਰਾ ਸੈਂਕੜਾ ਸੀ। ਟੈੱਸਟ ਕ੍ਰਿਕਟ ਵਿੱਚ ਵਾਰਨਰ ਦਾ ਇਹ ਸਰਵਉੱਚ ਸਕੋਰ ਸੀ। ਇਸ ਤੋਂ ਪਹਿਲਾਂ ਉਸ ਦਾ ਸਰਵਉੱਚ ਸਕੋਰ 253 ਦੌੜਾਂ ਸੀ ਜੋ ਉਸ ਨੇ ਨਿਊ ਜ਼ੀਲੈਂਡ ਖ਼ਿਲਾਫ਼ ਸਾਲ 2015 ਵਿੱਚ ਪਰਥ ਵਿੱਚ ਖੇਡੇ ਗਏ ਟੈੱਸਟ ਵਿੱਚ ਬਣਾਇਆ ਸੀ।