ਜਤਿੰਦਰ ਸਿੰਘ
ਰੰਗਾਂ ਦਾ ਜ਼ਿੰਦਗੀ ਨਾਲ ਗੂੜ੍ਹਾ ਅਤੇ ਗਹਿਰਾ ਸਬੰਧ ਹੈ। ਰੰਗਾਂ ਤੋਂ ਬਿਨਾਂ ਜ਼ਿੰਦਗੀ ਨੀਰਸ ਲੱਗਦੀ ਹੈ। ਖ਼ਾਸ ਤੌਰ ‘ਤੇ ਤਸਵੀਰਾਂ ਰੰਗਾਂ ਤੋਂ ਬਗੈਰ ਜਚਦੀਆਂ ਹੀ ਨਹੀਂ। ਫ਼ਿਲਮਾਂ ਵੀ ਚੱਲਦੀਆਂ ਫ਼ਿਰਦੀਆਂ ਤਸਵੀਰਾਂ ਹਨ, ਇਨ੍ਹਾਂ ਦਾ ਰੰਗੀਨ ਹੋਣਾ ਵੀ ਦਰਸ਼ਕਾਂ ਅੰਦਰ ਸੁਹਜ-ਸੁਆਦ ਅਤੇ ਚੇਤਨਾ ਪੈਦਾ ਕਰਦਾ ਹੈ। ਜਿਸ ਸਮੇਂ ਕਾਲੀਆਂ-ਚਿੱਟੀਆਂ ਫ਼ਿਲਮਾਂ ਤੋਂ ਬਾਅਦ ਰੰਗਦਾਰ ਫ਼ਿਲਮਾਂ ਦਰਸ਼ਕਾਂ ਦੇ ਸਾਹਮਣੇ ਆਈਆਂ ਹੋਣਗੀਆਂ ਤਾਂ ਸੁਭਾਵਿਕ ਤੌਰ ‘ਤੇ ਹੀ ਇਨ੍ਹਾਂ ਫ਼ਿਲਮਾਂ ਨੇ ਦਰਸ਼ਕਾਂ ਦੇ ਮਨ ਮੋਹ ਲਏ ਹੋਣਗੇ।
ਦੂਜੇ ਪਾਸੇ, ਖ਼ਾਸ ਧਿਆਨ ਦੇਣ ਵਾਲੀ ਗੱਲ ਇਹ ਹੈ ਕਿ ਜਿਹੜੀਆਂ ਫ਼ਿਲਮਾਂ ਦੇ ਨਾਮ ਰੰਗਾਂ ਦੇ ਨਾਵਾਂ ‘ਤੇ ਰੱਖੇ ਗਏ, ਉਨ੍ਹਾਂ ਫ਼ਿਲਮਾਂ ਦੇ ਬਿਰਤਾਂਤ ਦਰਸ਼ਕਾਂ ‘ਤੇ ਕੀ ਪ੍ਰਭਾਵ ਪਾਉਂਦੇ ਹਨ? ਉਨ੍ਹਾਂ ਬਾਰੇ ਵਾਕਿਫ਼ ਹੋਣਾ ਬਹੁਤ ਜ਼ਰੂਰੀ ਹੈ ਕਿ ਫ਼ਿਲਮਾਂ ਦੇ ਸਿਰਲੇਖ ਜੋ ਰੰਗਾਂ ਦੇ ਨਾਵਾਂ ‘ਤੇ ਹਨ ਕੀ ਉਹ ਫ਼ਿਲਮਾਂ ਨਾਲ ਨਿਆਂ ਕਰ ਪਾਉਂਦੇ ਹਨ? ਜਿਵੇਂ ਰੰਗ ਦੇ ਬਸੰਤੀ, ਕੇਸਰੀ, ਪਿੰਕ, ਗ਼ੁਲਾਬੀ ਗੈਂਗ, ਦਾ ਸਕਾਈ ਇਜ਼ ਪਿੰਕ, ‘ਬਲੈਕ’, ਬਲੈਕ ਫ਼ਰਾਈਡੇਅ, ਕਾਲਾ ਸੋਨਾ, ਗੋਲਡ, ਖਾਕੀ, ਮਹਿੰਦੀ, ਬਲਿਊ, ਬਲਿਊ ਅਮਬ੍ਰੈਲਾ, ਆਦਿ।
ਰੰਗ ਦੇ ਬਸੰਤੀ ਫ਼ਿਲਮ ਵਿੱਚ ਦੋ ਸਮਾਨਾਂਤਰ ਬਿਰਤਾਂਤ ਚੱਲਦੇ ਹਨ। ਭਗਤ ਸਿੰਘ ਅਤੇ ਉਸ ਦੇ ਸਾਥੀਆਂ ਦੇ ਜੀਵਨ ਅਤੇ ਦੂਸਰੀ ਤਰਫ਼ ਮੌਜੂਦਾ ਨੌਜਵਾਨ ਪੀੜ੍ਹੀ ਅੰਦਰ ਸ੍ਵੈਮਾਣ ਦੀ ਤਲਬ ਜਗਾਉਣ ਦੀ ਗੱਲ ਤੁਰਦੀ ਹੈ। ਬਸੰਤੀ ਰੰਗ ਆਜ਼ਾਦੀ ਅਤੇ ਸ੍ਵੈਮਾਣ ਦਾ ਪ੍ਰਤੀਕ ਹੈ ਜਿਸ ਕਰ ਕੇ ਨਿਰਦੇਸ਼ਕ ਅਤੇ ਲੇਖਕ ਵਲੋਂ ਇਸ ਰੰਗ ਦੀ ਭਾਵਪੂਰਨ ਵਰਤੋਂ ਕੀਤੀ ਗਈ ਹੈ ਜਦੋਂਕਿ ਕੇਸਰੀ ਰੰਗ ਨੂੰ ਹਿੰਦੋਸਤਾਨੀ ਸਭਿਆਚਾਰ ਵਿੱਚ ਬਲੀਦਾਨ ਭਾਵ ਕੁਰਬਾਨੀ ਦਾ ਰੰਗ ਮੰਨਿਆ ਜਾਂਦਾ ਹੈ। ਕੇਸਰੀ ਫ਼ਿਲਮ ਵਿੱਚ ਸਿੱਖ ਫ਼ੌਜੀਆਂ ਵਲੋਂ ਅਫ਼ਗ਼ਾਨਿਸਤਾਨ ਦੇ ਕਬਾਇਲੀ ਲੋਕਾਂ ਨਾਲ ਯੁੱਧ ਦਿਖਾਇਆ ਗਿਆ ਹੈ। ਸਿੱਖ ਫ਼ੌਜੀ ਬਸਤੀਵਾਦੀ ਸਰਕਾਰ ਵਲੋਂ ਲੜਦੇ ਹਨ। ਇਨ੍ਹਾਂ ਫ਼ੌਜੀਆਂ ਦੀ ਸ਼ਹਾਦਤ ਤਾਂ ਆਜ਼ਾਦੀ ਦੀ ਲੜਾਈ ਲੜ ਰਹੇ ਅਫ਼ਗ਼ਾਨਿਸਤਾਨੀਆਂ ਕਰ ਕੇ ਹੁੰਦੀ ਹੈ। ਸਵਾਲ ਇਹ ਪੈਦਾ ਹੁੰਦਾ ਹੈ ਕਿ ਅਫ਼ਗ਼ਾਨਿਸਤਾਨ ਦੇ ਲੋਕ ਜੋ ਆਪਣੇ ਹੱਕਾਂ ਲਈ ਬਸਤੀਵਾਦੀ ਸਰਕਾਰ ਨਾਲ ਲੜ ਰਹੇ ਸਨ, ਉਨ੍ਹਾਂ ਦੀ ਲੜਾਈ ਨੂੰ ਕਿਸ ਅਰਥਾਂ ਵਿੱਚ ਲੈਣਾ ਚਾਹੀਦਾ ਹੈ?
ਫ਼ਿਲਮ ਪਿੰਕ ਅਨਿਰੁੱਧ ਰਾਏ ਚੌਧਰੀ ਦੇ ਨਿਰਦੇਸ਼ਨ ਹੇਠ ਬਣੀ ਹੈ। ਪਿੰਕ ਰੰਗ ਦੀ ਮਹੱਤਤਾ ਅੰਗਰੇਜ਼ੀ ਭਾਵ ਪੱਛਮੀ ਸੱਭਿਆਚਾਰ ਦੇ ਸੰਦਰਭ ਵਿੱਚ ਦੇਖਣੀ ਪਵੇਗੀ। ਭਾਵੇਂ ਪਿੰਕ ਨੂੰ ਗ਼ੁਲਾਬੀ ਭਾਵ ਲਾਲ ਦੇ ਅਰਥਾਂ ਵਿੱਚ ਸਮਝ ਲਿਆ ਜਾਂਦਾ ਹੈ, ਪਰ ਗ਼ੁਲਾਬੀ ਤਾਂ ਸੂਹਾ ਰੰਗ ਹੈ, ਪਿੰਕ ਰੰਗ ਦਾ ਸੁਭਾਅ ਲਾਲ ਦੇ ਮੁਕਾਬਲੇ ਹਲਕਾ ਤੇ ਨਰਮ ਤਬੀਅਤ ਵਾਲਾ ਹੈ। ਪਿੰਕ ਲਾਲ ਰੰਗ ਦਾ ਹੀ ਫ਼ਿੱਕਾ ਜਿਹਾ ਭਾਅ ਮਾਰਨ ਵਾਲਾ ਇੱਕ ਰੰਗ ਹੈ। ਇਸ ਫ਼ਿਲਮ ਦੇ ਸਿਰਲੇਖ ਤੋਂ ਹੀ ਸਪੱਸ਼ਟ ਹੋ ਜਾਂਦਾ ਹੈ ਕਿ ਔਰਤਾਂ ਦੇ ਸ੍ਵੈਮਾਣ ਅਤੇ ਅਧਿਕਾਰਾਂ ਦੀ ਗੱਲ ਮਰਦ ਪ੍ਰਧਾਨ ਸਮਾਜ ਵਲੋਂ ਬਣਾਏ ਨੈਤਿਕ ਅਤੇ ਕਾਨੂੰਨ ਦੇ ਦਾਇਰੇ ਅੰਦਰ ਰਹਿ ਕੇ ਹੀ ਹੋ ਸਕਦੀ ਹੈ। ਇਸੇ ਤਰ੍ਹਾਂ ਦੇ ਵਿਸ਼ੇ ਵਾਲੀ ਦੂਸਰੀ ਫ਼ਿਲਮ ਗ਼ੁਲਾਬੀ ਗੈਂਗ ਹੈ। ਜਿਸ ਤਰ੍ਹਾਂ ਗ਼ੁਲਾਬ ਦਾ ਰੰਗ ਸੂਹਾ ਭਾਵ ਗੂੜ੍ਹਾ ਲਾਲ ਹੈ ਠੀਕ ਉਸੇ ਤਰ੍ਹਾਂ ਫ਼ਿਲਮ ਦਾ ਬਿਰਤਾਂਤ ਵੀ ਪਿੰਕ ਫ਼ਿਲਮ ਦੇ ਸੁਭਾਅ ਵਾਂਗ ਨਹੀਂ ਸਗੋਂ ਉਸ ਦੇ ਉਲਟ ਚੱਲਦਾ ਹੈ। ਪਿੰਕ ਪੱਛਮੀਕਰਨ ਅਤੇ ਸ਼ਹਿਰੀਕਰਨ ਦੇ ਪ੍ਰਭਾਵ ਅਧੀਨ ਬਣੀ ਇੱਕ ਫ਼ਿਲਮ ਹੈ, ਦੂਸਰੇ ਪਾਸੇ ਗ਼ੁਲਾਬੀ ਗੈਂਗ ਫ਼ਿਲਮ ਪੇਂਡੂ ਔਰਤਾਂ ਦੀ ਆਪਣੇ ਅਧਿਕਾਰਾਂ ਦੇ ਸੰਘਰਸ਼ ਦੀ ਕਹਾਣੀ ਹੈ। ਉਹ ਆਪਣੇ ਕੁਦਰਤੀ ਸੁਭਾਅ ਵਾਂਗ ਮਰਦ ਪ੍ਰਧਾਨ ਸਮਾਜ ਨਾਲ ਭਿੜ ਕੇ ਔਰਤਾਂ ਦੇ ਅਧਿਕਾਰਾਂ ਦੀ ਲੜਾਈ ਲੜਦੀਆਂ ਹਨ।
ਤੀਜੀ ਫ਼ਿਲਮ ਦਾ ਸਕਾਈ ਇਜ਼ ਪਿੰਕ ‘(2019) ਸੋਨਾਲੀ ਬੋਸ ਦੇ ਨਿਰਦੇਸ਼ਨ ਹੇਠ ਤਿਆਰ ਹੋਈ ਹੈ। ਇਸ ਦਾ ਸਿਰਲੇਖ ਅਸਮਾਨ ਦੀ ਗੱਲ ਕਰਦਾ ਹੈ ਕਿ ਉਹ ਪਿੰਕ ਹੈ। ਪਿੰਕ ਇੱਥੇ ਵੀ ਪੱਛਮੀ ਸੱਭਿਅਤਾ ਦੇ ਪ੍ਰਭਾਵ ਅਧੀਨ ਉੱਭਰਿਆ ਇੱਕ ਰੰਗ ਹੈ। ਇਹ ਰੰਗ ਫ਼ਿਲਮ ਵਿੱਚ ਮਿੱਥਾਂ ਨੂੰ ਤੋੜ ਕੇ ਖ਼ਵਾਹਿਸ਼ਾਂ ਦਾ ਪ੍ਰਤੀਕ ਬਣਦਾ ਹੈ। ਉਹ ਵੀ ਔਰਤਾਂ ਦੀਆਂ ਖ਼ਵਾਹਿਸ਼ਾਂ ਦਾ। ਫ਼ਿਲਮ ਬਿਰਤਾਂਤ ਹਿੰਦੋਸਤਾਨੀ ਸੱਭਿਅਤਾ ਦੇ ਧਰਾਤਲ ‘ਤੇ ਨਹੀਂ ਵਿੱਚਰਦਾ ਭਾਵ ਹਿੰਦੋਸਤਾਨੀ ਸੱਭਿਅਤਾ ਦੀਆਂ ਨੈਤਿਕ ਕਦਰਾਂ-ਕੀਮਤਾਂ ‘ਤੇ ਖਰਾ ਨਹੀਂ ਉਤਰਦਾ। ਇਹ ਫ਼ਿਲਮ ਭਾਵੁਕਤਾ ਦੇ ਵਹਿਣ ਵਿੱਚ ਵਹਿੰਦੀ ਹੋਈ ਬਣੀਆਂ ਬਣਾਈਆਂ ਕਦਰਾਂ-ਕੀਮਤਾਂ ਦੇ ਉਲਟ ਗੱਲ ਕਰਦੀ ਹੈ। ਕਿਉਂ ਇਸ ਫ਼ਿਲਮ ਵਿੱਚ ਮਾਂ-ਪਿਓ ਵਲੋਂ ਆਪਣੀ ਕੁੜੀ ਨੂੰ ਬਿਮਾਰੀ ਦੀ ਹਾਲਾਤ ਵਿੱਚ ਜ਼ਿੰਦਗੀ ਨਾਲ ਜਦੋਜਹਿਦ ਕਰਦੇ ਦੇਖਿਆ ਗਿਆ ਹੈ। ਇਸੇ ਕਰ ਕੇ ਦਾ ਸਕਾਈ ਇਜ਼ ਬਲਿਊ ਦੀ ਮਿੱਥ ਨੂੰ ਤੋੜ ਕੇ ਫ਼ਿਲਮ ਦਾ ਸਿਰਲੇਖ ਦਾ ਸਕਾਈ ਇਜ਼ ਪਿੰਕ ਰੱਖਿਆ ਗਿਆ ਲੱਗਦਾ ਹੈ।
ਇਨ੍ਹਾਂ ਫ਼ਿਲਮਾਂ ਤੋਂ ਇਲਾਵਾ ਬਲੈਕ ਫ਼ਿਲਮ ਸੰਜੇ ਲੀਲਾ ਭੰਸਾਲੀ ਦੇ ਨਿਰਦੇਸ਼ਨ ਹੇਠ ਬਣੀ ਜਿਸ ਵਿੱਚ ਮੁੱਖ ਅਦਾਕਾਰਾ ਰਾਣੀ ਮੁਖਰਜੀ ਜਿਸ ਕੁੜੀ ਦਾ ਰੋਲ ਕਰਦੀ ਹੈ ਉਹ ਬਿਮਾਰੀ ਕਾਰਨ ਨਾ ਸੁਣ ਸਕਦੀ ਹੈ ਅਤੇ ਨਾ ਹੀ ਬੋਲ ਸਕਦੀ ਹੈ। ਇਸ ਕਰ ਕੇ ਉਸ ਦਾ ਇਸ ਸੰਸਾਰ ਨਾਲੋਂ ਨਾਤਾ ਟੁੱਟ ਜਾਂਦਾ ਹੈ ਜਿਸ ਕਰ ਕੇ ਉਸ ਦੀ ਜ਼ਿੰਦਗੀ ਹਨੇਰੇ ਵਾਂਗ ਬਤੀਤ ਹੁੰਦੀ ਹੈ। ਇਸ ਵਿੱਚ ਕਾਲੇ ਨੂੰ ਹਨੇਰੇ ਦੇ ਅਰਥਾਂ ਵਿੱਚ ਵਿਚਾਰਿਆ ਜਾਂਦਾ ਹੈ। ਇਸੇ ਸੰਦਰਭ ਵਿੱਚ ਦੂਸਰੀ ਫ਼ਿਲਮ ਬਲੈਕ ਫ਼ਰਾਈਡੇਅ ਵਿੱਚ ਬਲੈਕ ਨੂੰ ਨਾਕਾਰਾਤਮਕ ਵਰਤਾਰੇ ਵਾਲਾ ਦਿਖਾਇਆ ਗਿਆ ਹੈ। ਇਹ ਫ਼ਿਲਮ 1993 ਵਿੱਚ ਬੰਬਈ ਬੰਬ ਕਾਂਡ ਨਾਲ ਸਬੰਧਤ ਹੈ। ਇਸੇ ਤਰ੍ਹਾਂ ਕਾਲਾ ਸੋਨਾ ਫ਼ਿਲਮ ਅਫ਼ੀਮ ਦੇ ਕਾਰੋਬਾਰ ‘ਤੇ ਆਧਾਰਿਤ ਹੈ। ਇੱਥੇ ਅਫ਼ੀਮ ਦੇ ਵਪਾਰ ਨੂੰ ਸੋਨੇ ਨਾਲ ਜੋੜ ਦਿੱਤਾ ਗਿਆ ਹੈ। ਜਿੱਥੇ ਕਾਲੇ ਦੇ ਅਰਥ ਭਾਵੇਂ ਵੱਖਰੇ ਹਨ ਪਰ ਸੁਭਾਅ ਪਹਿਲੀਆਂ ਫ਼ਿਲਮਾਂ ਵਰਗਾ ਹੀ ਹੋ ਨਿੱਬੜਦਾ ਹੈ। ਇਸੇ ਲਈ ਰੰਗਾਂ ਦਾ ਸਿੱਧਾ ਸਬੰਧ ਸਭਿਆਚਾਰ ਅਤੇ ਖਿੱਤੇ ਨਾਲ ਹੁੰਦਾ ਹੈ ਜਿਸ ਨੂੰ ਉਸ ਸਮਾਜ ਨਾਲ ਜੋੜ ਕੇ ਹੀ ਸਮਝਿਆ ਜਾ ਸਕਦਾ ਹੈ।