ਨਵੀਂ ਦਿੱਲੀ/ਓਨਾਵ— ਓਨਾਵ ਰੇਪ ਪੀੜਤਾ ਦੀ ਹਾਲਤ ਬੇਹੱਦ ਗੰਭੀਰ ਹੈ। ਦਿੱਲੀ ਦੇ ਸਫ਼ਦਰਗੰਜ ਹਸਪਤਾਲ ‘ਚ ਉਹ ਵੈਂਟੀਲੇਟਰ ‘ਤੇ ਜ਼ਿੰਦਗੀ ਅਤੇ ਮੌਤ ਨਾਲ ਜੰਗ ਲੜ ਰਹੀ ਹੈ ਪਰ ਭਿਆਨਕ ਦਰਦ ‘ਚ ਵੀ ਉਹ ਆਪਣੇ ਦੋਸ਼ੀਆਂ ਲਈ ਸਖਤ ਸਜ਼ਾ ਮੰਗ ਰਹੀ ਹੈ। ਉਸ ਨੇ ਆਪਣੇ ਭਰਾ ਨੂੰ ਵੀ ਕਿਹਾ ਕਿ ਉਸ ਦੇ ਦੋਸ਼ੀਆਂ ਨੂੰ ਛੱਡਣਾ ਨਹੀਂ। ਹਸਪਤਾਲ ‘ਚ ਡਾਕਟਰਾਂ ਦੀ ਟੀਮ ਉਸ ਨੂੰ ਬਚਾਉਣ ਦੀ ਹਰ ਸੰਭਵ ਕੋਸ਼ਿਸ਼ ਕਰ ਰਹੀ ਹੈ। ਪੀੜਤਾ ਦਾ ਕਹਿਣਾ ਹੈ ਕਿ ਉਹ ਮਰਨਾ ਨਹੀਂ ਚਾਹੁੰਦੀ ਹੈ।
ਮੈਂ ਮਰਨਾ ਨਹੀਂ ਚਾਹੁੰਦੀ
ਹਸਪਤਾਲ ਦੇ ਮੈਡੀਕਲ ਸੁਪਰਡੈਂਟ ਡਾ. ਸੁਨੀਲ ਗੁਪਤਾ ਨੇ ਦੱਸਿਆ,”ਪੀੜਤਾ ਨੂੰ ਜਦੋਂ ਲਖਨਊ ਤੋਂ ਦਿੱਲੀ ਸ਼ਿਫਟ ਕੀਤਾ ਗਿਆ ਤਾਂ ਉਹ ਥੋੜ੍ਹੀ ਹੋਸ਼ ‘ਚ ਸੀ ਅਤੇ ਵਾਰ-ਵਾਰ ਇਕ ਹੀ ਗੱਲ ਕਹਿ ਰਹੀ ਸੀ, ਮੈਂ ਬਚ ਤਾਂ ਜਾਵਾਂਗੀ ਨਾ? ਮੈਂ ਮਰਨਾ ਨਹੀਂ ਚਾਹੁੰਦੀ ਹਾਂ।” ਉਸ ਨੇ ਆਪਣੇ ਭਰਾ ਨੂੰ ਵੀ ਕਿਹਾ,”ਉਸ ਦੇ ਦੋਸ਼ੀਆਂ ਨੂੰ ਛੱਡਣਾ ਨਹੀਂ।
48 ਘੰਟੇ ਬੇਹੱਦ ਨਾਜ਼ੁਕ
ਡਾਕਟਰ ਸੁਨੀਲ ਨੇ ਦੱਸਿਆ ਕਿ ਪੀੜਤਾ ਦੇ ਅੰਗ ਕੰਮ ਕਰ ਰਹੇ ਹਨ ਪਰ ਉਹ ਹਾਲੇ ਬੇਹੋਸ਼ੀ ਦੀ ਹਾਲਤ ‘ਚ ਹੈ। ਉਨ੍ਹਾਂ ਨੇ ਕਿਹਾ,”ਅਸੀਂ ਉਸ ਨੂੰ ਬਚਾਉਣ ਦੀ ਹਰ ਕੋਸ਼ਿਸ਼ ਕਰ ਰਹੇ ਹਾਂ ਪਰ ਸ਼ੁਰੂਆਤ ਦੇ 48 ਘੰਟੇ ਬੇਹੱਦ ਨਾਜ਼ੁਕ ਹੁੰਦੇ ਹਨ। ਹਾਲੇ ਉਹ ਬੇਹੋਸ਼ ਹੈ ਅਤੇ ਅਸੀਂ ਜ਼ਿਆਦਾ ਕੁਝ ਨਹੀਂ ਕਹਿ ਸਕਦੇ ਹਾਂ।”