ਨਵੀਂ ਦਿੱਲੀ — ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਸਾਲ 1984 ਦੇ ਸਿੱਖ ਦੰਗਿਆਂ ਦੇ ਪ੍ਰਭਾਵਿਤ ਪਰਿਵਾਰਾਂ ਨੂੰ ਆਰਥਿਕ ਰੂਪ ਨਾਲ ਆਤਮ ਨਿਰਭਰ ਬਣਾਉਣ ਲਈ ਅਹਿਮ ਉਪਰਾਲਾ ਕੀਤਾ ਹੈ। ਕਮੇਟੀ ਨੇ ਦਿੱਲੀ ਦੇ ਸਾਰੇ ਇਤਿਹਾਸਕ ਗੁਰਦੁਆਰਾ ਸਾਹਿਬ ‘ਚ ‘1984 ਸਟੋਰ’ ਨਾਮ ਤੋਂ ਵਿਭਾਗੀ ਸਟੋਰ ਖੋਲ੍ਹਣ ਦਾ ਫੈਸਲਾ ਕੀਤਾ ਹੈ। ਕਮੇਟੀ ਦੇ ਪ੍ਰਧਾਨ ਮਨਜਿੰਦਰ ਸਿੰਘ ਸਿਰਸਾ ਨੇ ਐਤਵਾਰ ਨੂੰ ਦੱਸਿਆ ਕਿ ਪਹਿਲਾ ਵਿਭਾਗੀ ਸਟੋਰ ਕਨਾਟ ਪਲੇਸ ਦੇ ਇਤਿਹਾਸਕ ਗੁਰਦੁਆਰਾ ਬੰਗਲਾ ਸਾਹਿਬ ‘ਚ ਇਸ ਮਹੀਨੇ ਦੇ ਅਖੀਰ ਤਕ ਖੋਲ੍ਹ ਦਿੱਤਾ ਜਾਵੇਗਾ।
ਸਿਰਸਾ ਨੇ ਦੱਸਿਆ ਕਿ ਦੂਜਾ ਸਟੋਰ ਗੁਰਦੁਆਰਾ ਰਕਾਬਗੰਜ ਸਾਹਿਬ ‘ਚ ਜਨਵਰੀ ਮਹੀਨੇ ਯਾਨੀ ਕਿ ਅਗਲੇ ਸਾਲ 2020 ‘ਚ ਖੋਲ੍ਹਿਆ ਜਾਵੇਗਾ। ਬਾਕੀ ਸਾਰੇ ਗੁਰਦੁਆਰਾ ਸਾਹਿਬ ‘ਚ ਇਹ ਸਟੋਰ ਸਾਲ 2020 ਦੇ ਅਖੀਰ ਤਕ ਖੋਲ੍ਹ ਦਿੱਤੇ ਜਾਣਗੇ। ਉਨ੍ਹਾਂ ਨੇ ਕਿਹਾ ਕਿ ਇਨ੍ਹਾਂ ਵਿਭਾਗੀ ਸਟੋਰਾਂ ਨੂੰ ਸਾਲ 1984 ਦੇ ਸਿੱਖ ਦੰਗਿਆਂ ਦੇ ਪ੍ਰਭਾਵਿਤ ਪਰਿਵਾਰਾਂ ਦੇ ਮੈਂਬਰ ਸਮੂਹਕ ਰੂਪ ਨਾਲ ਚਲਾਉਣਗੇ। ਵਿਭਾਗੀ ਸਟੋਰਾਂ ਤੋਂ ਮਿਲਣ ਵਾਲਾ ਲਾਭ ਵੀ ਇਨ੍ਹਾਂ ਪਰਿਵਾਰਾਂ ਦੇ ਮੈਂਬਰਾਂ ਦੇ ਸਮਾਜਿਕ-ਆਰਥਿਕ ਵਿਕਾਸ ਲਈ ਇਸਤੇਮਾਲ ਕੀਤਾ ਜਾਵੇਗਾ।