ਲੁਧਿਆਣਾ : ਆਮ ਆਦਮੀ ਪਾਰਟੀ ਵਲੋਂ ਸੋਮਵਾਰ ਨੂੰ ਹੱਥਾਂ ‘ਚ ਪਿਆਜ ਤੇ ਸਿਲੰਡਰ ਫੜ੍ਹਦੇ ਹੋਏ ਮਹਿੰਗਾਈ ਖਿਲਾਫ ਕੇਂਦਰ ਤੇ ਸੂਬਾ ਸਰਕਾਰ ਨੂੰ ਮਿਹਣੇ ਮਾਰਦਿਆਂ ਧਰਨਾ ਪ੍ਰਦਰਸ਼ਨ ਕੀਤਾ ਗਿਆ। ਪਾਰਟੀ ਵਰਕਰਾਂ ਵਲੋਂ ਹੱਥਾਂ ‘ਚ ਭਾਂਡੇ ਖੜਕਾ ਕੇ ਲੋਕਾਂ ਨੂੰ ਮਹਿੰਗਾਈ ਖਿਲਾਫ ਜਾਗਰੂਕ ਕੀਤਾ ਗਿਆ। ਇਸ ਧਰਨੇ ‘ਚ ਜਗਰਾਓਂ ਤੋਂ ਪਾਰਟੀ ਦੇ ਸੀਨੀਅਰ ਆਗੂ ਤੇ ਵਿਧਾਇਕ ਸਰਬਜੀਤ ਕੌਰ ਮਾਣੂਕੇ ਸਮੇਤ ਲੁਧਿਆਣਾ ਦੀ ਲੀਡਰਸ਼ਿਪ ਮੌਜੂਦ ਰਹੀ।
ਇਸ ਮੌਕੇ ਮੀਡੀਆ ਨਾਲ ਗੱਲਬਾਤ ਕਰਦਿਆਂ ਸਰਬਜੀਤ ਕੌਰ ਮਾਣੂਕੇ ਨੇ ਕਿਹਾ ਕਿ ਅੱਜ ਪਿਆਜ ਕਾਰਨ ਲੋਕਾਂ ਦਾ ਬਜਟ ਹਿੱਲ ਗਿਆ ਹੈ ਪਰ ਪਿਆਜ ਦੀ ਸਟੋਰੇਜ ਕਰਕੇ ਉਸ ਨੂੰ ਮਹਿੰਗੀਆਂ ਕੀਮਤਾਂ ‘ਤੇ ਵੇਚਣ ਵਾਲੇ ਕਾਰਪੋਰੇਟ ਘਰਾਣਿਆਂ ‘ਤੇ ਕਾਬੂ ਪਾਉਣ ਲਈ ਕੇਂਦਰ ਸਰਕਾਰ ਨਾਕਾਮ ਸਾਬਿਤ ਹੋਈ ਹੈ। ਉਨ੍ਹਾਂ ਕਿਹਾ ਕਿ ਪਿਆਜ ਦੀ ਜਮ੍ਹਾਂਖੋਰੀ ਕਾਰਨ ਦੀ ਪਿਆਜ ਦੀਆ ਕੀਮਤਾਂ ਲਗਾਤਾਰ ਵਧਦੀਆਂ ਜਾ ਰਹੀਆਂ ਹਨ। ਉਨ੍ਹਾਂ ਕਿਹਾ ਕਿ ਜਿਵੇਂ ਕੇਜਰੀਵਾਲ ਨੇ ਦਿੱਲੀ ‘ਚ ਪਿਆਜ ਦੀਆਂ ਕੀਮਤਾਂ ਕੰਟਰੋਲ ਕਰਨ ਲਈ ਖੁਦ ਸਟੋਰ ਕੀਤੇ ਪਿਆਜਾਂ ਦੇ ਗੋਦਾਮ ਖੁੱਲ੍ਹਵਾਏ, ਉਸੇ ਤਰ੍ਹਾਂ ਸੂਬਾ ਸਰਕਾਰ ਨੂੰ ਵੀ ਅਜਿਹਾ ਕੰਮ ਕਰਨਾ ਚਾਹੀਦਾ ਹੈ ਪਰ ਕੈਪਟਨ ਸਾਹਿਬ ਇਸ ਵੱਲ ਕੋਈ ਧਿਆਨ ਨਹੀਂ ਦੇ ਰਹੇ।