ਪਟਨਾ— ਬਿਹਾਰ ਦੀ ਬਕਸਰ ਜੇਲ ਨੂੰ ਇਸ ਹਫ਼ਤੇ ਦੇ ਅੰਤ ਤੱਕ ਫਾਂਸੀ ਦੇ 10 ਫੰਦੇ ਤਿਆਰ ਰੱਖਣ ਦਾ ਨਿਰਦੇਸ਼ ਦਿੱਤਾ ਗਿਆ ਹੈ, ਜਿਸ ਤੋਂ ਇਹ ਕਿਆਸ ਲਗਾਇਆ ਜਾ ਰਿਹਾ ਹੈ ਕਿ ਇਹ ਦਿੱਲੀ ਦੇ ਬਹੁਚਰਚਿਤ ਨਿਰਭਿਆ ਮਾਮਲੇ ਦੇ ਦੋਸ਼ੀਆਂ ਲਈ ਹੋ ਸਕਦੇ ਹਨ। ਬਿਹਾਰ ਦੀ ਬਕਸਰ ਜੇਲ, ਰਾਜ ਦੀ ਇਕਮਾਤਰ ਅਜਿਹੀ ਜੇਲ ਹੈ, ਜਿਸ ਨੂੰ ਫਾਂਸੀ ਦੇ ਫੰਦੇ ਬਣਾਉਣ ‘ਚ ਮਹਾਰਤ ਹਾਸਲ ਹੈ। ਇਸ ਦਾ ਨਿਰਦੇਸ਼ ਪਿਛਲੇ ਹਫ਼ਤੇ ਪ੍ਰਾਪਤ ਹੋਇਆ ਸੀ, ਹਾਲਾਂਕਿ ਜੇਲ ਪ੍ਰਸ਼ਾਸਨ ਨੂੰ ਇਹ ਨਹੀਂ ਪਤਾ ਹੈ ਕਿ ਫਾਂਸੀ ਦੇ ਇਨ੍ਹਾਂ ਫੰਦਿਆਂ ਲਈ ਮੰਗ ਕਿੱਥੋਂ ਅਤੇ ਕਿਸ ਮਕਸਦ ਨਾਲ ਕੀਤੀ ਗਈ ਹੈ। ਬਕਸਰ ਜੇਲ ਸੁਪਰਡੈਂਟ ਵਿਜੇ ਕੁਮਾਰ ਅਰੋੜਾ ਨੇ ਦੱਸਿਆ,”ਸਾਨੂੰ ਪਿਛਲੇ ਹਫ਼ਤੇ ਜੇਲ ਡਾਇਰੈਕਟੋਰੇਟ ਤੋਂ 14 ਦਸੰਬਰ ਤੱਕ 10 ਫਾਂਸੀ ਦੇ ਫੰਦੇ ਤਿਆਰ ਕਰਨ ਦੇ ਨਿਰਦੇਸ਼ ਮਿਲੇ ਸਨ। ਸਾਨੂੰ ਨਹੀਂ ਪਤਾ ਕਿ ਇਹ ਕਿੱਥੇ ਇਸਤੇਮਾਲ ਹੋਣ ਜਾ ਰਹੇ ਹਨ।”
ਕੈਦੀ ਬਣਾਉਂਦੇ ਹਨ ਫੰਦੇ
ਉਨ੍ਹਾਂ ਨੇ ਕਿਹਾ,”ਸੰਸਦ ਹਮਲੇ ਦੇ ਮਾਮਲੇ ‘ਚ ਅਫਜ਼ਲ ਗੁਰੂ ਨੂੰ ਮੌਤ ਦੀ ਸਜ਼ਾ ਦੇਣ ਲਈ ਇਸ ਜੇਲ ‘ਚ ਤਿਆਰ ਕੀਤੇ ਗਏ ਫਾਂਸੀ ਦੇ ਫੰਦੇ ਦੀ ਵਰਤੋਂ ਕੀਤੀ ਗਈ ਸੀ। 2016-17 ‘ਚ ਸਾਨੂੰ ਪਟਿਆਲਾ ਜੇਲ ਤੋਂ ਆਦੇਸ਼ ਦਿੱਤੇ ਸਨ, ਹਾਲਾਂਕਿ ਅਸੀਂ ਇਹ ਨਹੀਂ ਜਾਣਦੇ ਕਿ ਕਿਸ ਮਕਸਦ ਲਈ ਉਹ ਫੰਦੇ ਤਿਆਰ ਕਰਵਾਏ ਗਏ ਸਨ।” ਅਰੋੜਾ ਨੇ ਕਿਹਾ,”ਬਕਸਰ ਜੇਲ ‘ਚ ਲੰਬੇ ਸਮੇਂ ਤੋਂ ਫਾਂਸੀ ਦੇ ਫੰਦੇ ਬਣਾਏ ਜਾਂਦੇ ਹਨ ਅਤੇ ਇਕ ਫਾਂਸੀ ਦਾ ਫੰਦਾ 7200 ਕੱਚੇ ਧਾਗਿਆਂ ਨਾਲ ਬਣਦਾ ਹੈ। ਉਸ ਨੂੰ ਤਿਆਰ ਕਰਨ ‘ਚ 2 ਤੋਂ 3 ਦਿਨ ਲੱਗ ਜਾਂਦੇ ਹਨ, ਜਿਸ ‘ਤੇ 5-6 ਕੈਦੀ ਕੰਮ ਕਰਦੇ ਹਨ ਅਤੇ ਇਸ ਦੀ ਲਟ ਤਿਆਰ ਕਰਨ ‘ਚ ਮੋਟਰ ਚਾਲਤ ਮਸ਼ੀਨ ਦੀ ਵੀ ਥੋੜ੍ਹੀ ਵਰਤੋਂ ਕੀਤੀ ਜਾਂਦੀ ਹੈ।”
ਫਾਂਸੀ ਦੇ ਫੰਦੇ ਦੀ ਕੀਮਤ ‘ਚ ਹੋ ਸਕਦਾ ਵਾਧਾ
ਉਨ੍ਹਾਂ ਨੇ ਦੱਸਿਆ,”ਪਿਛਲੀ ਵਾਰ ਜਦੋਂ ਇੱਥੋਂ ਫਾਂਸੀ ਦੇ ਫੰਦੇ ਦੀ ਸਪਲਾਈ ਕੀਤੀ ਗਈ ਸੀ ਤਾਂ ਇਕ ਦੀ ਕੀਮਤ 1725 ਰੁਪਏ ਰਹੀ ਸੀ ਪਰ ਇਸ ਵਾਰ 10 ਫਾਂਸੀ ਦੇ ਫੰਦੇ ਤਿਆਰ ਕਰਨ ਦੇ ਜੋ ਨਿਰਦੇਸ਼ ਪ੍ਰਾਪਤ ਹੋਏ ਹਨ। ਉਸ ‘ਚ ਪਿੱਤਲ ਦੇ ਬੁਸ਼ ਜੋ ਕਿ ਗਰਦਨ ‘ਚ ਫਸਦੀ ਹੈ ਦੀ ਕੀਮਤ ‘ਚ ਹੋਏ ਵਾਧੇ ਕਾਰਨ ਫਾਂਸੀ ਦੇ ਫੰਦੇ ਦੀ ਕੀਮਤ ‘ਚ ਥੋੜ੍ਹਾ ਵਾਧਾ ਹੋ ਸਕਦਾ ਹੈ।”
2012 ਗੈਂਗਰੇਪ ਦੇ ਦੋਸ਼ੀਆਂ ਨੂੰ ਦਿੱਤੀ ਜਾ ਸਕਦੀ ਹੈ ਫਾਂਸੀ
ਮੀਡੀਆ ਦੇ ਇਕ ਵਰਗ ਵਲੋਂ ਇਹ ਕਿਆਸ ਲਗਾਇਆ ਜਾ ਰਿਹਾ ਹੈ ਕਿ 16 ਦਸੰਬਰ 2012 ਨੂੰ ਦਿੱਲੀ ‘ਚ ਚੱਲਦੀ ਬੱਸ ‘ਚ ਇਕ ਕੁੜੀ ਨਾਲ ਗੈਂਗਰੇਪ ਦੇ ਚਾਰ ਦੋਸ਼ੀਆਂ ਨੂੰ ਇਸ ਮਹੀਨੇ ਦੇ ਅੰਤ ‘ਚ ਫਾਂਸੀ ਦਿੱਤੀ ਜਾ ਸਕਦੀ ਹੈ। ਸੰਯੋਗ ਨਾਲ ਦੋਸ਼ੀਆਂ ‘ਚੋਂ ਇਕ ਅਕਸ਼ੈ ਠਾਕੁਰ ਬਿਹਾਰ ਦੇ ਔਰੰਗਾਬਾਦ ਜ਼ਿਲੇ ਦਾ ਵਾਸੀ ਹੈ। ਹੈਦਰਾਬਾਦ ‘ਚ ਇਕ ਔਰਤ ਨਾਲ ਰੇਪ ਅਤੇ ਉਸ ਦੇ ਕਤਲ ਦੇ ਚਾਰ ਦੋਸ਼ੀਆਂ ਦੀ ਪੁਲਸ ਮੁਕਾਬਲੇ ‘ਚ ਮੌਤ ਨਿਰਭਿਆ ਮਾਮਲੇ ਦੇ ਦੋਸ਼ੀਆਂ ਨੂੰ ਜਲਦ ਤੋਂ ਜਲਦ ਫਾਂਸੀ ਦਿੱਤੇ ਜਾਣ ਦੀ ਮੰਗ ਨੇ ਹੋਰ ਜ਼ੋਰ ਫੜ ਲਿਆ ਹੈ।