ਨਵੀਂ ਦਿੱਲੀ— ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਸੋਮਵਾਰ ਭਾਵ ਅੱਜ 73 ਸਾਲ ਦੀ ਹੋ ਗਈ ਹੈ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸਮੇਤ ਕਈ ਨੇਤਾਵਾਂ ਨੇ ਉਨ੍ਹਾਂ ਨੂੰ ਜਨਮ ਦਿਨ ਦੀਆਂ ਸ਼ੁੱਭਕਾਮਨਾਵਾਂ ਦਿੱਤੀਆਂ। ਹਾਲਾਂਕਿ ਦੇਸ਼ ਦੇ ਵੱਖ-ਵੱਖ ਹਿੱਸਿਆਂ ‘ਚ ਔਰਤਾਂ ਨਾਲ ਬਲਾਤਕਾਰ ਦੀਆਂ ਵਧ ਰਹੀਆਂ ਘਟਨਾਵਾਂ ਕਾਰਨ ਸੋਨੀਆ ਗਾਂਧੀ ਨੇ ਕਿਹਾ ਕਿ ਉਹ ਸੋਮਵਾਰ ਨੂੰ ਆਪਣਾ ਜਨਮ ਦਿਨ ਨਹੀਂ ਮਨਾ ਰਹੀ ਹੈ, ਕਿਉਂਕਿ ਉਹ ਇਨ੍ਹਾਂ ਘਟਨਾਵਾਂ ਤੋਂ ਦੁਖੀ ਹਨ। ਸੋਨੀਆ ਦੇ ਜਨਮ ਦਿਨ ‘ਤੇ ਉਨ੍ਹਾਂ ਦੇ ਘਰ ਦੇ ਬਾਹਰ ਕਾਂਗਰਸ ਵਰਕਰ ਉਨ੍ਹਾਂ ਨੂੰ ਵਧਾਈ ਦੇਣ ਪੁੱਜੇ।
ਪ੍ਰਧਾਨ ਮੰਤਰੀ ਮੋਦੀ ਨੇ ਉਨ੍ਹਾਂ ਨੂੰ ਜਨਮ ਦਿਨ ‘ਤੇ ਟਵੀਟ ਕੀਤਾ, ”ਸੋਨੀਆ ਗਾਂਧੀ ਨੂੰ ਜਨਮ ਦਿਨ ਦੀਆਂ ਸ਼ੁੱਭਕਾਮਨਾਵਾਂ। ਮੈਂ ਉਨ੍ਹਾਂ ਦੀ ਲੰਬੀ ਉਮਰ ਅਤੇ ਚੰਗੀ ਸਿਹਤ ਦੀ ਪ੍ਰਾਰਥਨਾ ਕਰਦਾ ਹਾਂ।”
ਕਾਂਗਰਸ ਨੇ ਆਪਣੇ ਟਵਿੱਟਰ ਹੈਂਡਲ ‘ਤੇ ਲਿਖਿਆ, ਸੋਨੀਆ ਗਾਂਧੀ ਦੀ ਮਿਸਾਲੀ ਤਾਕਤ ਨੇ ਕਾਂਗਰਸ ਨੇਤਾਵਾਂ ਦੀਆਂ ਪੀੜ੍ਹੀਆਂ ਨੂੰ ਪ੍ਰੇਰਿਤ ਕੀਤਾ। ਉਨ੍ਹਾਂ ਦੀ ਤਾਕਤ, ਮਾਣ, ਰਹਿਮਤ ਅਤੇ ਕ੍ਰਿਪਾ ਨੇ ਸਾਨੂੰ ਇਕਜੁੱਟ ਕੀਤਾ ਹੈ ਅਤੇ ਸਾਨੂੰ ਮਜ਼ਬੂਤ ਬਣਾਇਆ। ਉਨ੍ਹਾਂ ਨੂੰ ਜਨਮ ਦਿਨ ਬਹੁਤ-ਬਹੁਤ ਮੁਬਾਰਕਾਂ।”
ਹਰਿਆਣਾ ਪ੍ਰਦੇਸ਼ ਕਾਂਗਰਸ ਕਮੇਟੀ ਦੀ ਪ੍ਰਧਾਨ ਕੁਮਾਰੀ ਸ਼ੈਲਜਾ ਨੇ ਕਿਹਾ, ”ਸੋਨੀਆ ਗਾਂਧੀ ਜੀ ਨੂੰ 73ਵੇਂ ਜਨਮ ਦਿਨ ‘ਤੇ ਢੇਰ ਸਾਰੀਆਂ ਸ਼ੁੱਭਕਾਮਨਾਵਾਂ। ਤੁਹਾਡਾ ਦੇਸ਼ ਲਈ ਤਿਆਗ, ਮਜ਼ਬੂਤ ਵਚਨਬੱਧਤਾ, ਚੰਗੀ ਲੀਡਰਸ਼ਿਪ ਅਤੇ ਮਿਹਨਤ ਹਮੇਸ਼ਾ ਸਾਨੂੰ ਪ੍ਰੇਰਣਾ ਦਿੰਦਾ ਹੈ। ਪਰਮਾਤਮਾ ਤੋਂ ਤੁਹਾਡੀ ਚੰਗੀ ਸਿਹਤ ਅਤੇ ਲੰਬੀ ਉਮਰ ਹੋਣ ਦੀ ਕਾਮਨਾ ਕਰਦੀ ਹਾਂ।” ਦਰਮੁਕ ਨੇਤਾ ਐੱਮ. ਕੇ. ਸਟਾਲਿਨ, ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਅਤੇ ਕਈ ਹੋਰ ਨੇਤਾਵਾਂ ਨੇ ਵੀ ਸੋਨੀਆ ਗਾਂਧੀ ਨੂੰ ਜਨਮ ਦਿਨ ਦੀ ਵਧਾਈ ਦਿੱਤੀ।