ਗੁਹਾਟੀ — ਆਸਾਮ ‘ਚ ਨਾਗਰਿਕਤਾ ਸੋਧ ਬਿੱਲ ਵਿਰੁੱਧ ਦੋ ਵਿਦਿਆਰਥੀਆਂ ਸੰਗਠਨਾਂ ਦੇ ਰਾਜ ਵਿਆਪੀ ਬੰਦ ਦੇ ਸੱਦੇ ਤੋਂ ਬਾਅਦ ਜਨ-ਜੀਵਨ ਪੂਰੀ ਤਰ੍ਹਾਂ ਠੱਪ ਹੈ। ਪ੍ਰਦਰਸ਼ਨਕਾਰੀ ਇਸ ਬਿੱਲ ਵਿਰੁੱਧ ਨਾਅਰੇਬਾਜ਼ੀ ਕਰ ਰਹੇ ਹਨ। ਸੂਤਰਾਂ ਮੁਤਾਬਕ ਸਕੱਤਰੇਤ ਅਤੇ ਵਿਧਾਨ ਸਭਾ ਦੀਆਂ ਇਮਾਰਤਾਂ ਦੇ ਬਾਹਰ ਗੁਹਾਟੀ ‘ਚ ਪ੍ਰਦਰਸ਼ਨਕਾਰੀਆਂ ਨਾਲ ਸੁਰੱਖਿਆ ਫੋਰਸਾਂ ਦੀ ਝੜਪ ਹੋ ਗਈ, ਕਿਉਂਕਿ ਉਨ੍ਹਾਂ ਨੂੰ ਅੱਗੇ ਵਧਣ ਤੋਂ ਰੋਕਿਆ ਜਾ ਰਿਹਾ ਸੀ। ਦੱਸਣਯੋਗ ਹੈ ਕਿ ਨਾਗਰਿਕਤਾ ਸੋਧ ਬਿੱਲ ਸੋਮਵਾਰ ਭਾਵ ਕੱਲ ਲੋਕ ਸਭਾ ‘ਚ ਪਾਸ ਹੋ ਗਿਆ ਹੈ। ਇਸ ਦੇ ਵਿਰੋਧ ਵਿਚ ਆਲ ਆਸਾਮ ਸਟੂਡੈਂਟਸ ਯੂਨੀਅਨ ਅਤੇ ਉੱਤਰੀ-ਪੂਰਬੀ ਵਿਦਿਆਰਥੀ ਸੰਗਠਨ ਵਲੋਂ ਸੱਦੇ ਗਏ 12 ਘੰਟੇ ਦੇ ਬੰਦ ਜਾ ਅਸਰ ਬੰਗਾਲੀ ਬਹੁਲ ਬਰਾਕ ਘਾਟੀ ਵਿਚ ਕੁਝ ਖਾਸ ਨਹੀਂ ਰਿਹਾ। ਸ਼ਹਿਰ ਦੇ ਮਾਲੀਗਾਂਵ ਖੇਤਰ ‘ਚ ਇਕ ਸਰਕਾਰੀ ਬੱਸ ‘ਤੇ ਪੱਥਰਬਾਜ਼ੀ ਹੋਈ ਅਤੇ ਇਕ ਸਕੂਟਰ ਨੂੰ ਅੱਗ ਦੇ ਹਵਾਲੇ ਕਰ ਦਿੱਤਾ ਗਿਆ।
ਅਧਿਕਾਰਤ ਸੂਤਰਾਂ ਨੇ ਦੱਸਿਆ ਕਿ ਦੁਕਾਨਾਂ, ਬਾਜ਼ਾਰ ਅਤੇ ਕਾਰੋਬਾਰੀ ਅਦਾਰੇ ਇਸ ਦੌਰਾਨ ਬੰਦ ਰਹੇ। ਇਸ ਤੋਂ ਇਲਾਵਾ ਸਿੱਖਿਅਕ ਅਤੇ ਵਿੱਤੀ ਸੰਸਥਾਵਾਂ ਵੀ ਪੂਰੇ ਦਿਨ ਲਈ ਬੰਦ ਹਨ। ਗੁਹਾਟੀ ਦੇ ਵੱਖ-ਵੱਖ ਖੇਤਰਾਂ ‘ਚ ਵੱਡੇ ਜਲੂਸ ਕੱਢੇ ਗਏ। ਕੁਝ ਪ੍ਰਦਰਸ਼ਨਕਾਰੀਆਂ ਨੇ ਨਾਰਥ ਫਰੰਟੀਅਰ ਰੇਲਵੇ ਹੈੱਡਕੁਆਰਟਰ ਦੇ ਐਂਟਰੀ ਗੇਟ ਵੀ ਬੰਦ ਕਰਨ ਦੀ ਕੋਸ਼ਿਸ਼ ਕੀਤੀ। ਬੰਦ ਨੂੰ ਦੇਖਦਿਆਂ ਪਹਿਲਾਂ ਤੋਂ ਤੈਅ ਪ੍ਰੀਖਿਆਵਾਂ ਦਾ ਸਮਾਂ ਬਦਲ ਦਿੱਤਾ ਗਿਆ ਹੈ। ਪ੍ਰਦਰਸ਼ਨਕਾਰੀਆਂ ਨੇ ਨੈਸ਼ਨਲ ਹਾਈਵੇਅ ‘ਤੇ ਵਾਹਨਾਂ ਦੀ ਆਵਾਜਾਈ ਬੰਦ ਕਰ ਦਿੱਤੀ ਅਤੇ ਟਾਇਰ ਸਾੜੇ।