ਮੁੰਬਈ— ਬੰਬਈ ਹਾਈਕੋਰਟ ਨੇ ਆਈ. ਸੀ. ਆਈ. ਸੀ. ਆਈ. ਬੈਂਕ ਦੀ ਸਾਬਕਾ ਪ੍ਰਬੰਧਕ ਨਿਰਦੇਸ਼ਕ ਤੇ ਸੀ. ਈ. ਓ. ਚੰਦਾ ਕੋਚਰ ਨੂੰ ਆਈ. ਸੀ. ਆਈ. ਸੀ. ਆਈ. ਬੈਂਕ ਵੱਲੋਂ ਬਰਖਾਸਤ ਕਰਨ ਦੇ ਮਾਮਲੇ ‘ਚ ਰਿਜ਼ਰਵ ਬੈਂਕ ਤੋਂ ਵੀ ਜਵਾਬ ਮੰਗਿਆ ਹੈ। ਹਾਈਕੋਰਟ ਨੇ ਆਰ. ਬੀ. ਆਈ. ਨੂੰ 16 ਦਸੰਬਰ ਤਕ ਜਵਾਬ ਦਾਖਲ ਕਰਨ ਦਾ ਹੁਕਮ ਦਿੱਤਾ ਹੈ। ਇਸ ਮਾਮਲੇ ਦੀ ਅਗਲੀ ਸੁਣਵਾਈ 18 ਦਸੰਬਰ ਨੂੰ ਹੋਵੇਗੀ।
ਆਈ. ਸੀ. ਆਈ. ਸੀ. ਆਈ. ਬੈਂਕ ਦੀ ਸਾਬਕਾ ਸੀ. ਈ. ਓ. ਚੰਦਾ ਕੋਚਰ ਨੇ ਆਪਣੇ ਖਿਲਾਫ ਬੈਂਕ ਤੋਂ ਜਾਰੀ ਬਰਖਾਸਤੀ ਲੇਟਰ ਨੂੰ ਬੰਬਈ ਹਾਈਕੋਰਟ ‘ਚ ਚੁਣੌਤੀ ਦਿੱਤੀ ਹੈ। ਉਨ੍ਹਾਂ ਨੇ ਹਾਈਕੋਰਟ ‘ਚ ਉਸ ਲੇਟਰ ਨੂੰ ਵੈਲਿਡ ਐਲਾਨੇ ਜਾਣ ਦੀ ਮੰਗ ਕੀਤੀ ਹੈ, ਜਿਸ ‘ਚ ਉਨ੍ਹਾਂ ਨੇ ਅਕਤੂਬਰ 2018 ‘ਚ ਜਲਦ ਸੇਵਾਮੁਕਤੀ ਲੈਣ ਦੀ ਅਪੀਲ ਕੀਤੀ ਸੀ ਤੇ ਬੈਂਕ ਨੇ ਇਹ ਸਵੀਕਾਰ ਵੀ ਕਰ ਲਿਆ ਸੀ।
ਕੋਚਰ ਨੇ ਪਹਿਲਾਂ ਕਿਹਾ ਸੀ ਕਿ ਆਈ. ਸੀ. ਆਈ. ਸੀ. ਆਈ. ਬੈਂਕ ਨੇ ਉਸ ਨੂੰ ਬਰਖਾਸਤ ਕੀਤੇ ਜਾਣ ਤੋਂ ਪਹਿਲਾਂ ਆਰ. ਬੀ. ਆਈ. ਤੋਂ ਮਨਜ਼ੂਰੀ ਨਹੀਂ ਮੰਗੀ ਸੀ। ਬੈਂਕ ਨੇ ਇਸ ਦਾਅਵੇ ਨੂੰ ਰੱਦ ਕਰ ਦਿੱਤਾ। ਕੋਚਰ ਨੇ ਫਿਰ ਆਪਣੀ ਪਟੀਸ਼ਨ ‘ਚ ਸੋਧ ਕਰਦਿਆਂ ਕਿਹਾ ਕਿ ਆਰ. ਬੀ. ਆਈ. ਨੇ ਸਹੀ-ਗਲਤ ਦਾ ਵਿਚਾਰ ਕੀਤੇ ਬਿਨਾਂ ਪ੍ਰਵਾਨਗੀ ਦੇ ਦਿੱਤੀ। ਕੋਚਰ ਦਾ ਤਰਕ ਹੈ ਕਿ ਆਈ. ਸੀ. ਆਈ. ਸੀ. ਆਈ. ਬੈਂਕ ਨੇ ਪਿਛਲੇ ਸਾਲ 5 ਅਕਤੂਬਰ ਨੂੰ ਉਸ ਦਾ ਸਵੈਇੱਛੁਕ ਅਸਤੀਫਾ ਸਵੀਕਾਰ ਕਰ ਲਿਆ ਸੀ, ਫਿਰ ਉਸ ਨੂੰ 30 ਜਨਵਰੀ ਨੂੰ ਬਰਖਾਸਤ ਕਿਉਂ ਕੀਤਾ ਗਿਆ। ਇਹ ਗੈਰ ਕਾਨੂੰਨੀ ਹੈ। ਜ਼ਿਕਰਯੋਗ ਹੈ ਕਿ ਬੈਂਕ ਨੇ ਕੋਚਰ ਤੋਂ ਅਪ੍ਰੈਲ 2009 ਤੋਂ ਮਾਰਚ 2018 ਤੱਕ ਦਾ ਬੋਨਸ ਤੇ ਹੋਰ ਲਾਭ ਵੀ ਵਾਪਸ ਮੰਗੇ ਸਨ। ਬੈਂਕ ਨੇ ਕਿਹਾ ਵੀਡਿਓਕਾਨ ਲੋਨ ਮਾਮਲੇ ਦੀ ਅੰਦਰੂਨੀ ਜਾਂਚ ਵਿਚ ਕਿ ਕੋਚਰ ਨੂੰ ਦੋਸ਼ੀ ਪਾਇਆ ਗਿਆ ਸੀ।