ਰਾਂਚੀ— ਝਾਰਖੰਡ ‘ਚ ਸੁਰੱਖਿਆ ਫੋਰਸਾਂ ਦੀ ਮੌਤ ਦਾ ਇਕ ਹੋਰ ਮਾਮਲਾ ਸਾਹਮਣੇ ਆਇਆ ਹੈ। ਇਸ ਵਾਰ ਕੇਂਦਰੀ ਰਿਜ਼ਰਵ ਪੁਲਸ ਫੋਰਸ (ਸੀ.ਆਰ.ਪੀ.ਐੱਫ.) ਦੇ ਜਵਾਨਾਂ ਦਰਮਿਆਨ ਸੋਮਵਾਰ ਨੂੰ ਹੋਈ ਗੋਲੀਬਾਰੀ ‘ਚ 2 ਅਧਿਕਾਰੀਆਂ ਦੀ ਮੌਤ ਹੋ ਗਈ ਅਤੇ 2 ਹੋਰ ਜ਼ਖਮੀ ਹੋ ਗਏ। ਇਸ ਤੋਂ ਪਹਿਲਾਂ 7 ਦਸੰਬਰ ਯਾਨੀ ਸ਼ਨੀਵਾਰ ਨੂੰ ਗੁਮਲਾ ‘ਚ ਚੋਣਾਂ ਦੌਰਾਨ ਗੋਲੀ ਚੱਲਣ ਨਾਲ ਇਕ ਵਿਅਕਤੀ ਦੀ ਮੌਤ ਹੋ ਗਈ ਸੀ। ਅਧਿਕਾਰੀਆਂ ਨੇ ਮੰਗਲਵਾਰ ਨੂੰ ਦੱਸਿਆ ਨੂੰ ਦੱਸਿਆ ਕਿ ਬੋਕਾਰੋ ‘ਚ ਸੀ.ਆਰ.ਪੀ.ਐੱਫ. ਦੀ 226ਵੀਂ ਬਟਾਲੀਅਨ ਦੀ ‘ਚਾਰਲੀ’ ਕੰਪਨੀ ‘ਚ ਸੋਮਵਾਰ ਰਾਤ 9.30 ਵਜੇ ਇਹ ਘਟਨਾ ਹੋਈ। ਇਸ ‘ਚ ਸਹਾਇਕ ਕਮਾਂਡੈਂਟ ਰੈਂਕ ਦੇ ਇਕ ਅਧਿਕਾਰੀ ਅਤੇ ਇਕ ਸਹਾਇਕ ਸਬ ਇੰਸਪੈਕਟਰ ਦੀ ਮੌਤ ਹੋ ਗਈ ਅਤੇ 2 ਜਵਾਨ ਜ਼ਖਮੀ ਹੋ ਗਏ। ਅਧਿਕਾਰੀਆਂ ਨੇ ਦੱਸਿਆ ਕਿ ਜ਼ਖਮੀਆਂ ‘ਚੋਂ ਇਕ ਜਵਾਨ ਨੇ ਹੀ ਇਸ ਘਟਨਾ ਨੂੰ ਅੰਜਾਮ ਦਿੱਤਾ।
ਜਾਣਕਾਰੀ ਅਨੁਸਾਰ, ਸੀ.ਆਰ.ਪੀ.ਐੱਫ. ਦੀ ਇਹ ਇਕਾਈ ਰਾਜ ‘ਚ ਚੋਣਾਵੀ ਡਿਊਟੀ ‘ਤੇ ਤਾਇਨਾਤ ਸੀ। ਇੱਥੇ 2 ਪੜਾਵਾਂ ਦੀਆਂ ਚੋਣਾਂ ਹੋ ਚੁਕੀਆਂ ਹਨ ਅਤੇ ਤਿੰਨ ਪੜਾਅ ਦੀਆਂ ਚੋਣਾਂ ਹਾਲੇ ਹੋਣੀਆਂ ਹਨ। ਜ਼ਖਮੀ ਜਵਾਨਾਂ ਨਨੂੰ ਰਾਜ ਦੀ ਰਾਜਧਾਨੀ ਰਾਂਚੀ ਲਿਆਂਦਾ ਗਿਆ ਹੈ। ਸੀ.ਆਰ.ਪੀ.ਐੱਫ. ਦੇ ਸੀਨੀਅਰ ਅਧਿਕਾਰੀ ਅਤੇ ਰਾਜ ਪੁਲਸ ਦੇ ਅਧਿਕਾਰੀ ਹਾਦਸੇ ਵਾਲੀ ਜਗ੍ਹਾ ਪਹੁੰਚ ਗਏ ਹਨ।
ਸੀ.ਆਰ.ਪੀ.ਐੱਫ. ਦੇ ਇਕ ਸੀਨੀਅਰ ਅਧਿਕਾਰੀ ਨੇ ਦੱਸਿਆ,”ਇਸ ਘਟਨਾ ਦੇ ਪਿੱਛੇ ਕੀ ਕਾਰਨ ਰਿਹਾ, ਇਹ ਹਾਲੇ ਪਤਾ ਨਹੀਂ ਲੱਗ ਸਕਿਆ ਹੈ। ਇਸ ਤੋਂ ਪਹਿਲਾਂ ਛੱਤੀਸਗੜ੍ਹ ਦੇ ਨਾਰਾਇਣਪੁਰ ‘ਚ ਭਾਰਤ-ਤਿੱਬਤ ਸਰਹੱਦੀ ਪੁਲਸ (ਆਈ.ਟੀ.ਬੀ.ਪੀ.) ਦੇ ਇਕ ਜਵਾਨ ਨੇ ਆਪਣੇ 5 ਸਾਥੀਆਂ ਨੂੰ ਗੋਲੀ ਮਾਰ ਦਿੱਤੀ ਸੀ। ਬਾਅਦ ‘ਚ ਉਸ ਜਵਾਨ ਦੀ ਵੀ ਜਾਨ ਚੱਲੀ ਗਈ। ਦੱਸਿਆ ਗਿਆ ਸੀ ਕਿ ਛੁੱਟੀਆਂ ਨੂੰ ਲੈ ਕੇ ਹੋਏ ਵਿਵਾਦ ਤੋਂ ਬਾਅਦ ਜਵਾਨ ਨੇ ਇਹ ਕਦਮ ਚੁੱਕਿਆ। ਜਾਣਕਾਰੀ ਅਨੁਸਾਰ, ਆਈ.ਟੀ.ਬੀ.ਪੀ. ਜਵਾਨ ਮਸੁਦੁਲ ਰਹਿਮਾਨ ਨੇ ਸਰਵਿਸ ਰਿਵਾਲਵਰ ਨਾਲ ਅਚਾਨਕ ਸਾਥੀ ਜਵਾਨਾਂ ‘ਤੇ ਫਾਇਰਿੰਗ ਸ਼ੁਰੂ ਕਰ ਦਿੱਤੀ। ਅਚਾਨਕ ਹੋਈ ਇਸ ਫਾਇਰਿੰਗ ‘ਚ ਜਵਾਨਾਂ ਨੂੰ ਸੰਭਲਣ ਦਾ ਮੌਕਾ ਵੀ ਨਹੀਂ ਮਿਲਿਆ।