ਪਟਿਆਲਾ : ਪਟਿਆਲਾ ਜ਼ਿਲੇ ਦੇ ਪਿੰਡ ਤਖਤੂਮਾਜਰਾ ਵਿਖੇ ਸਥਾਨਕ ਵਿਧਾਇਕ ਮਦਨ ਲਾਲ ਜਲਾਲਪੁਰ ਦੀ ਸ਼ਹਿ ‘ਤੇ ਸਰਪੰਚ ਵੱਲੋਂ ਕੀਤੀ ਧੱਕੇਸ਼ਾਹੀ ਤੋਂ ਅਕਾਲੀ ਦਲ ਭੜਕ ਉੱਠਿਆ ਹੈ ਅਤੇ ਪਾਰਟੀ ਨੇ ਇਸ ਮਾਮਲੇ ‘ਚ ਬੀਬੀ ਜਗੀਰ ਕੌਰ ਦੀ ਮੌਤ ਨੂੰ ਸਰਕਾਰ ਵੱਲੋਂ ਕਰਵਾਇਆ ਕਤਲ ਕਰਾਰ ਦਿੰਦਿਆਂ ਇਸ ਲਈ ਵਿਧਾਇਕ ਜਲਾਲਪੁਰ ‘ਤੇ ਕਤਲ ਦਾ ਕੇਸ ਦਰਜ ਕਰਨ ਦੀ ਮੰਗ ਕੀਤੀ ਹੈ।
ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੇ ਹੁਕਮਾਂ ‘ਤੇ ਪਿੰਡ ਤਖਤੂਮਾਜਰਾ ਵਿਖੇ ਪੀੜਤ ਪਰਿਵਾਰ ਦੇ ਘਰ ਅਫਸੋਸ ਕਰਨ ਪਹੁੰਚੇ ਸਾਬਕਾ ਮੰਤਰੀ ਬਿਕਰਮ ਸਿੰਘ ਮਜੀਠੀਆ, ਡਾ. ਦਲਜੀਤ ਸਿੰਘ ਚੀਮਾ ਅਤੇ ਵਿਧਾਇਕ ਹਰਿੰਦਰਪਾਲ ਸਿੰਘ ਚੰਦੂਮਾਜਰਾ ਦੀ ਸ਼ਮੂਲੀਅਤ ਵਾਲੀ ਟੀਮ ਨੇ ਗੱਲਬਾਤ ਕਰਦਿਆਂ ਕਿਹਾ ਕਿ ਜਲਾਲਪੁਰ ਦੀ ਸ਼ਹਿ ‘ਤੇ ਨਾ ਸਿਰਫ ਪਿੰਡ ‘ਚ ਬਲਕਿ ਥਾਣੇ ‘ਚ ਵੀ ਧੱਕੇਸ਼ਾਹੀ ਦਾ ਨੰਗਾ ਨਾਚ ਹੋਇਆ ਤੇ ਹਾਲਾਤ ਗੱਦਾਫੀ ਦੇ ਰਾਜ ਤੋਂ ਵੀ ਬਦਤਰ ਬਣੇ ਹੋਏ ਹਨ। ਉਨ੍ਹਾਂ ਕਿਹਾ ਕਿ ਹੈਰਾਨੀ ਵਾਲੀ ਗੱਲ ਇਹ ਹੈ ਕਿ ਪੁਲਸ ਨੇ ਉਲਟਾ ਪੀੜਤ ਧਿਰ ਦੇ 42 ਵਿਅਕਤੀਆਂ ‘ਤੇ ਕੇਸ ਦਰਜ ਕਰ ਦਿੱਤਾ, ਜੋ ਪੂਰੀ ਤਰ੍ਹਾਂ ਨਾਜਾਇਜ਼ ਹੈ।
ਮਜੀਠੀਆ ਅਤੇ ਡਾ. ਚੀਮਾ ਨੇ ਕਿਹਾ ਕਿ ਹੈਰਾਨੀ ਵਾਲੀ ਗੱਲ ਹੈ ਕਿ ਪਿੰਡ ਵਿਚ ਲਾਊਡ ਸਪੀਕਰ ਲਾ ਕੇ ਧਮਕੀਆਂ ਦਿੱਤੀਆਂ ਜਾ ਰਹੀਆਂ ਹਨ ਕਿ ਕੋਈ ਵੀ ਪੀੜਤ ਪਰਿਵਾਰ ਨਾਲ ਰਾਬਤਾ ਨਾ ਰੱਖੇ। ਉਨ੍ਹਾਂ ਦੇ ਡੰਗਰ ਖੋਲ੍ਹ ਦਿੱਤੇ ਗਏ ਤੇ ਖੇਤਾਂ ‘ਚ ਫਸਲਾਂ ਨੂੰ ਪਾਣੀ ਛੱਡ ਕੇ ਅਤੇ ਹੋਰ ਤਰੀਕਿਆਂ ਨਾਲ ਤਬਾਹ ਕਰ ਦਿੱਤਾ ਗਿਆ। ਉਨ੍ਹਾਂ ਕਿਹਾ ਕਿ ਇੰਨਾ ਜ਼ਿਆਦਾ ਜ਼ੁਲਮ ਤੇ ਤਸ਼ੱਦਦ ਵਿਧਾਇਕ ਦੀ ਸ਼ਹਿ ‘ਤੇ ਪਿੰਡ ਦੇ ਸਰਪੰਚ ਵੱਲੋਂ ਕੀਤਾ ਜਾ ਰਿਹਾ ਹੈ, ਜੋ ਇਤਿਹਾਸ ‘ਚ ਵੇਖਣ ਨੂੰ ਨਹੀਂ ਮਿਲਦਾ ਤੇ ਸਭ ਤੋਂ ਮੰਦਭਾਗੀ ਗੱਲ ਇਹ ਹੈ ਕਿ ਇਹ ਸਭ ਕੁਝ ਮੁੱਖ ਮੰਤਰੀ ਅਮਰਿੰਦਰ ਸਿੰਘ ਦੇ ਜ਼ਿਲੇ ਅਤੇ ਉਨ੍ਹਾਂ ਦੀ ਧਰਮਪਤਨੀ ਪ੍ਰਨੀਤ ਕੌਰ ਦੇ ਸੰਸਦੀ ਹਲਕੇ ‘ਚ ਵਾਪਰ ਰਿਹਾ ਹੈ। ਉਨ੍ਹਾਂ ਕਿਹਾ ਕਿ ਆਪਸ ‘ਚ ਰਿਸ਼ਤੇਦਾਰ ਵਿਧਾਇਕਾਂ ਦੀ ਜੋੜੀ ਨੇ ਨਾਜਾਇਜ਼ ਸ਼ਰਾਬ ਤੇ ਮਾਈਨਿੰਗ ਸਮੇਤ ਹਰ ਤਰ੍ਹਾਂ ਦੇ ਧੰਦੇ ਪੂਰੇ ਜ਼ੋਰਾਂ-ਸ਼ੋਰਾਂ ਨਾਲ ਚਲਾਏ ਹੋਏ ਹਨ ਤੇ ਇਸ ਪਿੰਡ ਦਾ ਸਰਪੰਚ ਵੀ ਉਸ ‘ਚ ਸ਼ਾਮਲ ਹੈ।
ਦੋਵਾਂ ਆਗੂਆਂ ਨੇ ਕਿਹਾ ਕਿ ਰਾਜ ‘ਚ ਵੱਖ-ਵੱਖ ਥਾਵਾਂ ‘ਤੇ ਅਜਿਹੀਆਂ ਹੀ ਘਟਨਾਵਾਂ ਰਹੀਆਂ ਹਨ। ਗੁਰਦਾਸਪੁਰ ‘ਚ ਵੀ ਉਥੋਂ ਦੇ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਦੀ ਸ਼ਹਿ ‘ਤੇ ਗੈਂਗਸਟਰਾਂ ਦੀ ਮਦਦ ਨਾਲ ਵਿਅਕਤੀ ਦਾ ਕਤਲ ਕੀਤਾ ਗਿਆ ਅਤੇ ਇਥੇ ਵੀ ਔਰਤ ਸਿਰਫ ਇਸ ਕਾਰਨ ਮੌਤ ਦੇ ਮੂੰਹ ‘ਚ ਜਾ ਪਈ ਕਿਉਂਕਿ ਵਿਧਾਇਕ ਦੇ ਧੱਕੇਸ਼ਾਹੀ ਕਰਨ ਵਾਲੇ ਬੰਦਿਆਂ ਨੇ ਨਾ ਤਾਂ ਪਰਿਵਾਰ ਦਾ ਕੋਈ ਜੀਅ ਉਸ ਕੋਲ ਰਹਿਣ ਦਿੱਤਾ ਤੇ ਨਾ ਹੀ ਆਂਢੀ-ਗੁਆਂਢੀ ਹੀ ਇਸ ਦੀ ਸਾਰ ਲੈ ਸਕਦੇ ਸਨ। ਉਨ੍ਹਾਂ ਕਿਹਾ ਕਿ ਪਿੰਡ ਵਿਚ 40 ਘਰਾਂ ਨੂੰ ਤਾਲੇ ਵਜੇ ਹੋਏ ਹਨ ਤੇ ਜੇਕਰ ਅਸੀਂ ਅਫਸੋਸ ਕਰਨ ਪਹੁੰਚੇ ਤਾਂ ਅਫਸੋਸ ਕਰਨ ‘ਤੇ ਕਾਲੀਆਂ ਝੰਡੀਆਂ ਲੈ ਕੇ ਪੁਲਸ ਦੀ ਮਦਦ ਨਾਲ ਰੋਸ ਮੁਜ਼ਾਹਰੇ ਕੀਤੇ ਜਾ ਰਹੇ ਹਨ। ਮਜੀਠੀਆ ਨੇ ਐੱਸ. ਐੱਸ. ਪੀ. ਮਨਦੀਪ ਸਿੰਘ ਸਿੱਧੂ ਨਾਲ ਖੁਦ ਫੋਨ ‘ਤੇ ਗੱਲ ਕੀਤੀ ਤੇ ਮਾਮਲੇ ਵਿਚ ਪੀੜਤਾਂ ਨਾਲ ਨਿਆਂ ਕਰਨ ਦੀ ਸਲਾਹ ਦਿੱਤੀ।
11 ਦਸੰਬਰ ਤੱਕ ਦਾ ਅਲਟੀਮੇਟਮ ਦਿੱਤਾ ਸਰਕਾਰ ਤੇ ਪੁਲਸ ਨੂੰ
ਉਨ੍ਹਾਂ ਦੱਸਿਆ ਕਿ ਅਸੀਂ ਮਾਮਲੇ ਵਿਚ 11 ਦਸੰਬਰ ਤੱਕ ਦਾ ਅਲਟੀਮੇਟਮ ਸਰਕਾਰ ਤੇ ਪੁਲਸ ਨੂੰ ਦਿੱਤਾ ਹੈ ਅਤੇ ਜੇਕਰ 11 ਦਸੰਬਰ ਤੱਕ ਨਿਆ ਨਾ ਮਿਲਿਆ ਤਾਂ ਫਿਰ ਪਟਿਆਲਾ ਜ਼ਿਲੇ ਦੀ ਲੀਡਰਸ਼ਿਪ ਦੀ ਸਲਾਹ ਅਨੁਸਾਰ ਅਗਲੇ ਪ੍ਰੋਗਰਾਮ ਦਾ ਐਲਾਨ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਅਕਾਲੀ ਦਲ ਇਸ ਮਾਮਲੇ ‘ਤੇ ਅਦਾਲਤ ਤੱਕ ਪਹੁੰਚ ਕਰਨ ਤੋਂ ਵੀ ਗੁਰੇਜ਼ ਨਹੀਂ ਕਰੇਗਾ।
ਪ੍ਰਦਰਸ਼ਨਕਾਰੀ ਲਿਆਂਦੇ ਸੀ ਕਿਰਾਏ ‘ਤੇ !
ਸਾਬਕਾ ਮੰਤਰੀ ਬਿਕਰਮ ਸਿੰਘ ਮਜੀਠੀਆ ਜਦੋਂ ਪਿੰਡ ਤਖਤੂਮਾਜਰਾ ਪੁੱਜੇ ਤਾਂ ਉਥੇ ਦੋ ਦਰਜਨ ਵਿਅਕਤੀ ਕਾਲੀਆਂ ਝੰਡੀਆਂ ਲੈ ਕੇ ਰੋਸ ਵਿਖਾਵਾ ਕਰਨ ਵਾਲੇ ਖੜ੍ਹੇ ਸਨ, ਜਿਸ ਵਿਚ ਬਹੁਤੀ ਗਿਣਤੀ ਔਰਤਾਂ ਦੀ ਸੀ। ਦਿਲਚਸਪੀ ਵਾਲੀ ਗੱਲ ਹੈ ਕਿ ਜਦੋਂ ਮੀਡੀਆ ਨੇ ਇਨ੍ਹਾਂ ਔਰਤਾਂ ਸਵਾਲ ਕੀਤਾ ਕਿ ਕਿਸ ਦਾ ਵਿਰੋਧ ਕੀਤਾ ਜਾ ਰਿਹਾ ਹੈ ਅਤੇ ਕਿਉਂ ਕੀਤਾ ਜਾ ਰਿਹਾ ਹੈ ਤਾਂ ਇਨ੍ਹਾਂ ਵਿਚੋਂ ਬਹੁਤੀਆਂ ਦੱਸ ਨਹੀਂ ਸਕੀਆਂ। ਇਕ ਔਰਤ ਇਹ ਕਹਿੰਦੀ ਨਜ਼ਰ ਆਈ ਕਿ ਇਨ੍ਹਾਂ ਵਿਚਾਰੀਆਂ ਨੂੰ ਪਤਾ ਨਹੀਂ ਹੈ ਜੀ, ਤੁਸੀਂ ਇਨ੍ਹਾਂ ਨੂੰ ਨਾ ਪੁੱਛੋ। ਇਨ੍ਹਾਂ ਔਰਤਾਂ ਵੱਲੋਂ ਜਵਾਬ ਨਾ ਦੇ ਸਕਣ ਦੀਆਂ ਵੀਡੀਓ ਸ਼ਾਮ ਤੱਕ ਵਾਇਰਲ ਹੋ ਗਈਆਂ ਤੇ ਇਹ ਖਬਰ ਫੈਲ ਗਈ ਕਿ ਪ੍ਰਦਰਸ਼ਨ ਵਾਸਤੇ ਬੀਬੀਆਂ ਤੇ ਹੋਰ ਪ੍ਰਦਰਸ਼ਨਕਾਰੀ ਕਿਰਾਏ ‘ਤੇ ਲਿਆਂਦੇ ਗਏ ਸਨ। ਪਿੰਡ ਵਿਚ ਜਦੋਂ ਪ੍ਰੈੱਸ ਕਾਨਫਰੰਸ ਹੋਣ ਲੱਗੀ ਤਾਂ ਡਾ. ਦਲਜੀਤ ਸਿੰਘ ਚੀਮਾ ਨੇ ਇਸ ‘ਤੇ ਗਿਲਾ ਕੀਤਾ ਕਿ ਅਸੀਂ ਅਫਸੋਸ ਕਰਨ ਆਏ ਸੀ ਪਰ ਇਹ ਤਾਂ ਅਫਸੋਸ ਕਰਨ ਦਾ ਵੀ ਵਿਰੋਧ ਕਰਨ ਲੱਗ ਪਏ ਹਨ।