ਨਵੀਂ ਦਿੱਲੀ— ਦਿੱਲੀ ਸਰਕਾਰ ਨੇ ਅਗਸਤ ‘ਚ ਦੱਖਣ-ਪੂਰਬੀ ਦਿੱਲੀ ਦੇ ਜਾਕਿਰ ਨਗਰ ‘ਚ ਅੱਗ ਲੱਗਣ ਦੀ ਘਟਨਾ ‘ਚ 13 ਲੋਕਾਂ ਨੂੰ ਬਚਾਉਣ ਵਾਲੇ ਚਾਰ ਫਾਇਰ ਬ੍ਰਿਗੇਡ ਕਰਮਚਾਰੀਆਂ ਨੂੰ 2-2 ਲੱਖ ਰੁਪਏ ਦਾ ਇਨਾਮ ਦਿੱਤਾ ਹੈ। ਇਨਾਮ ਰਾਸ਼ੀ ਦੇ ਚੈੱਕ ਫਾਇਰ ਕਰਮਚਾਰੀਆਂ ਨੂੰ ਬੁੱਧਵਾਰ ਨੂੰ ਦਿੱਤੇ ਗਏ। ਅਧਿਕਾਰੀਆਂ ਨੇ ਦੱਸਿਆ ਕਿ ਦੱਖਣ-ਪੂਰਬੀ ਦਿੱਲੀ ਦੇ ਜਾਕਿਰ ਨਗਰ ਦੇ ਇਕ ਭੀੜ ਵਾਲੇ ਇਲਾਕੇ ਦੀ 4 ਮੰਜ਼ਲਾ ਰਿਹਾਇਸ਼ੀ ਇਮਾਰਤ ‘ਚ ਇਸ ਸਾਲ 6 ਅਗਸਤ ਨੂੰ ਸ਼ਾਰਟ ਸਰਕਿਟ ਕਾਰਨ ਭਿਆਨਕ ਅੱਗ ਲੱਗ ਗਈ ਸੀ, ਜਿਸ ‘ਚ ਤਿੰਨ ਬੱਚਿਆਂ ਸਮੇਤ 6 ਲੋਕਾਂ ਦੀ ਮੌਤ ਹੋ ਗਈ ਅਤੇ 13 ਹੋਰ ਜ਼ਖਮੀ ਹੋ ਗਏ ਸਨ।
ਬਚਾਅ ਮੁਹਿੰਮ ਦੌਰਾਨ ਚਾਰੇ ਫਾਇਰ ਬ੍ਰਿਗੇਡ ਕਰਮਚਾਰੀ ਜ਼ਖਮੀ ਹੋ ਗਏ ਸਨ ਅਤੇ ਉਨ੍ਹਾਂ ਨੂੰ ਹਸਪਤਾਲ ‘ਚ ਭਰਤੀ ਕਰਵਾਇਆ ਗਿਆ ਸੀ। ਦਿੱਲੀ ਫਾਇਰ ਬ੍ਰਿਗੇਡ ਸੇਵਾ (ਡੀ.ਐੱਫ.ਐੱਸ.) ਦੇ ਡਾਇਰੈਕਟਰ ਅਤੁਲ ਗਰਗ ਅਨੁਸਾਰ, ਸਰਕਾਰ ਫਾਇਰ ਬ੍ਰਿਗੇਡ ਕਰਮਚਾਰੀਆਂ ਵਲੋਂ ਕੀਤੇ ਗਏ ਚੰਗੇ ਕੰਮ ਦੀ ਸ਼ਲਾਘਾ ਕਰਦੀ ਹੈ ਅਤੇ ਉਸ ਨੇ ਡੀ.ਐੱਫ.ਐੱਸ. ਦਾ ਮਨੋਬਲ ਵਧਾਉਣ ਲਈ ਸਦਭਾਵਨਾ ਦੇ ਤੌਰ ‘ਤੇ ਹਰੇਕ ਫਾਇਰ ਬ੍ਰਿਗੇਡ ਕਰਮਚਾਰੀਆਂ ਨੂੰ 2 ਲੱਖ ਰੁਪਏ ਦਿੱਤੇ ਹਨ।