ਹਿੰਦੀ ਸਿਨੇਮਾ ਵਿੱਚ ਲਗਾਤਾਰ ਸੱਚੀਆਂ ਘਟਨਾਵਾਂ ‘ਤੇ ਫ਼ਿਲਮਾਂ ਬਣ ਰਹੀਆਂ ਹਨ। ਸਾਲ ਦੇ ਸ਼ੁਰੂ ਵਿੱਚ ਫ਼ਿਲਮ ਉੜੀ ਰਿਲੀਜ਼ ਹੋਈ ਸੀ। ਮੁੰਬਈ ਵਿੱਚ 26 ਨਵੰਬਰ ਨੂੰ ਹੋਏ ਅਤਿਵਾਦੀ ਹਮਲੇ ‘ਤੇ ਹੋਟਲ ਮੁੰਬਈ ਫ਼ਿਲਮ ਹਾਲ ਹੀ ਵਿੱਚ ਰਿਲੀਜ਼ ਹੋਈ ਸੀ। ਅਭਿਨੇਤਾ ਵਿਵੇਕ ਓਬਰਾਏ ਬਾਲਾਕੋਟ ਹਮਲੇ ‘ਤੇ ਫ਼ਿਲਮ ਬਣਾਉਣ ਦੀ ਤਿਆਰੀ ਕਰ ਚੁੱਕੇ ਹਨ।
ਵਿਵੇਕ ਮੁਤਾਬਿਕ, ਇਹ ਫ਼ਿਲਮ ਵੱਡੇ ਪੱਧਰ ‘ਤੇ ਬਣਨ ਵਾਲੀ ਹੈ। ਉਨ੍ਹਾਂ ਦੱਸਿਆ ਕਿ ਇਸ ਫ਼ਿਲਮ ਲਈ ਉਸ ਨੇ ਦੁਨੀਆ ਦੀ ਸਭ ਤੋਂ ਵੱਡੀ ਵੀ ਐੱਫ਼ ਐੱਕਸ ਕੰਪਨੀ ਨੂੰ ਫ਼ਿਲਮ ਨਾਲ ਜੋੜਿਆ ਹੈ ਜਿਸ ਨੇ ਪੰਜ ਔਸਕਰ ਐਵਾਰਡ ਜਿੱਤੇ ਹਨ। ਫ਼ਿਲਮ ਵਿੱਚ ਕੰਮ ਕਰਨ ਵਾਲੇ ਕਲਾਕਾਰਾਂ ਬਾਰੇ ਉਹ ਕਹਿੰਦੇ ਹਨ ਕਿ ਫ਼ਿਲਮ ਦੀ ਕਾਸਟਿੰਗ ਅਜੇ ਬਾਕੀ ਹੈ। ਫ਼ਿਲਮ ਕਈ ਭਾਸ਼ਾਵਾਂ ਵਿੱਚ ਬਣੇਗੀ ਇਸ ਲਈ ਹਰ ਭਾਸ਼ਾ ਵਿੱਚ ਵੱਡੇ ਸਟਾਰ ਨੂੰ ਕਾਸਟ ਕੀਤਾ ਜਾਏਗਾ। ਕਾਸਟਿੰਗ ਤੋਂ ਬਾਅਦ ਫ਼ਿਲਮ ਦੇ ਕਲਾਕਾਰਾਂ ਦੀ ਟਰੇਨਿੰਗ ਸ਼ੁਰੂ ਹੋਵੇਗੀ।
ਟਰੇਨਿੰਗ ਬਾਰੇ ਵਿਵੇਕ ਕਹਿੰਦੇ ਹਨ, ਇਸ ਲਈ ਭਾਰਤੀ ਹਵਾਈ ਫ਼ੌਜ ਨਾਲ ਗੱਲਬਾਤ ਹੋ ਰਹੀ ਹੈ। ਤਕਨੀਕੀ ਪਹਿਲੂਆਂ ਨੂੰ ਫ਼ਿਲਮ ਵਿੱਚ ਕਿਵੇਂ ਦਿਖਾਉਣਾ ਹੈ, ਇਸ ਬਾਰੇ ਵੀ ਚਰਚਾ ਚੱਲ ਰਹੀ ਹੈ। ਪੁਲਵਾਮਾ ਵਿੱਚ ਇਸ ਸਾਲ 14 ਫ਼ਰਵਰੀ ਨੂੰ ਅਤਿਵਾਦੀਆਂ ਨੇ CRPF ਦੇ ਜਵਾਨਾਂ ‘ਤੇ ਹਮਲਾ ਕੀਤਾ ਸੀ ਜਿਸ ਵਿੱਚ ਚਾਲੀ ਜਵਾਨ ਮਾਰੇ ਗਏ ਸਨ। ਇਸ ਦੇ ਬਾਅਦ ਜਵਾਬੀ ਕਾਰਵਾਈ ਕਰਦੇ ਹੋਏ ਭਾਰਤੀ ਹਵਾਈ ਫ਼ੌਜ ਨੇ ਪਾਕਿਸਤਾਨ ਦੇ ਬਾਲਾਕੋਟ ਵਿੱਚ ਏਅਰ ਸਟਰਾਈਕ ਕੀਤੀ ਸੀ ਅਤੇ ਉਥੇ ਮੌਜੂਦ ਅਤਿਵਾਦੀ ਅੱਡਿਆਂ ਨੂੰ ਨਿਸ਼ਾਨਾ ਬਣਾ ਕੇ ਖ਼ਤਮ ਕੀਤਾ ਸੀ।