ਦੀਪਤੀ ਅੰਗਰੀਸ਼
ਤਿੰਨ ਦਹਾਕੇ ਪਹਿਲਾਂ ਦੀਆਂ ਫ਼ਿਲਮਾਂ ਦੇ ਕੌਮੇਡੀਅਨਾਂ ਦੀਆਂ ਗੱਲਾਂ ਸ਼ਾਇਦ ਹੀ ਤੁਹਾਨੂੰ ਯਾਦ ਹੋਣ। ਅਜਿਹਾ ਨਹੀਂ ਕਿ ਇਸ ਦੌਰ ਦੀਆਂ ਫ਼ਿਲਮਾਂ ਵਿੱਚ ਕੌਮੇਡੀ ਨਹੀਂ ਸੀ, ਪਰ ਕੌਮੇਡੀਅਨਾਂ ਦੀ ਚਰਚਾ ਜ਼ਿਆਦਾ ਨਹੀਂ ਹੋਈ। ਇਸ ਬੇਇਨਸਾਫ਼ੀ ਦਾ ਕਾਰਨ ਸੀ ਹੀਰੋ-ਹੀਰੋਇਨ ਦਾ ਜਲਵਾ। ਉਨ੍ਹਾਂ ਦੇ ਜਲਵੇ ਨੇ ਕੌਮੇਡੀਅਨਾਂ ਨੂੰ ਉਨ੍ਹਾਂ ਅੱਗੇ ਬੌਣਾ ਕਰ ਦਿੱਤਾ ਸੀ।
ਇਹ ਕਾਫ਼ੀ ਹੱਦ ਤਕ ਸਹੀ ਹੈ ਕਿ ਕੌਮੇਡੀਅਨ ਬੌਲੀਵੁਡ ਵਿੱਚ ਸਭ ਤੋਂ ਜ਼ਿਆਦਾ ਪ੍ਰਭਾਵਸ਼ਾਲੀ ਹੁੰਦਾ ਹੈ, ਫ਼ਿਰ ਵੀ ਬੱਲੇ-ਬੱਲੇ ਅਤੇ ਸੁਰਖ਼ੀਆਂ ਸਿਰਫ਼ ਅਭਿਨੇਤਾਵਾਂ ਨੂੰ ਹੀ ਮਿਲਦੀਆਂ ਹਨ। ਅਸੀਂ ਉਂਗਲੀਆਂ ‘ਤੇ ਬੌਲੀਵੁਡ ਦੇ ਕੁੱਝ ਪ੍ਰਤਿਭਾਸ਼ਾਲੀ ਅਤੇ ਅਨੁਭਵੀ ਕੌਮੇਡੀਅਨਾਂ ਦੀ ਗਿਣਤੀ ਕਰ ਸਕਦੇ ਹਾਂ ਜਿਵੇਂ ਮਹਿਮੂਦ, ਜੌਨੀ ਵਾਕਰ, ਰਾਜਿੰਦਰ ਨਾਥ, ਅਸਰਾਨੀ, ਜੌਨੀ ਲੀਵਰ, ਕਾਦਰ ਖ਼ਾਨ, ਜਗਦੀਪ ਅਤੇ ਦੇਵੇਨ ਵਰਮਾ। ਪਿਛਲੇ ਕੁੱਝ ਸਾਲਾਂ ਵਿੱਚ ਇਹ ਧਾਰਨਾ ਬਦਲੀ ਹੈ। ਇਸ ਵਿੱਚ ਕੁੱਝ ਨਵੇਂ ਫ਼ਿਲਮੀ ਕਲਾਕਾਰ ਜੁੜੇ ਹਨ ਜੋ ਸਕਰੀਨ ‘ਤੇ ਸੁਪਰਹਿੱਟ ਕਲਾਕਾਰ ਹਨ। ਇਹ ਉਹ ਕਲਾਕਾਰ ਹਨ ਜੋ ਅੱਜ ਬੌਲੀਵੁਡ ਵਿੱਚ ਕੌਮੇਡੀ ਦੀ ਵਿਧਾ ਨੂੰ ਜੀਵਤ ਰੱਖ ਰਹੇ ਹਨ।
ਅਰਸ਼ਦ ਵਾਰਸੀ ਉਨ੍ਹਾਂ ਗਿਣਵੇਂ ਅਭਿਨੇਤਾਵਾਂ ਵਿੱਚੋਂ ਇੱਕ ਹੈ ਜੋ ਪੂਰੀ ਤਰ੍ਹਾਂ ਨਾਲ ਕੌਮੇਡੀ ਕਰ ਸਕਦਾ ਹੈ। ਇਸ ਦੀ ਮਿਸਾਲ ਫ਼ਿਲਮ ਮੁੰਨਾ ਭਾਈ MBBS, ਧਮਾਲ, ਕਾਬੁਲ ਐਕਸਪ੍ਰੈੱਸ, ਗੋਲਮਾਲ ਸੀਰੀਜ਼ ਜਾਂ ਜੌਲੀ LLB ਵਿੱਚ ਦੇਖਣ ਨੂੰ ਮਿਲਦੀ ਹੈ। ਦਰਅਸਲ, ਇਸ਼ਕੀਆ ਅਤੇ ਡੇਢ ਇਸ਼ਕੀਆ ਵਰਗੀਆਂ ਗੰਭੀਰ ਫ਼ਿਲਮਾਂ ਵਿੱਚ ਵੀ ਅਰਸ਼ਦ ਨੇ ਕੌਮੇਡੀ ਦਾ ਤੜਕਾ ਬਾਖ਼ੂਬੀ ਲਗਾਇਆ ਸੀ। ਉਸ ਦੇ ਕੌਮੇਡੀ ਕਰਨ ਦੇ ਅੰਦਾਜ਼ ਨੂੰ ਦੇਖਦੇ ਹੋਏ ਉਸ ਨੂੰ 21ਵੀਂ ਸਦੀ ਵਿੱਚ ਬੌਲੀਵੁਡ ਦਾ ਉਮਦਾ ਹਾਸ ਕਲਾਕਾਰ ਕਹਿ ਸਕਦੇ ਹਾਂ।
ਜਿਨ੍ਹਾਂ ਨੇ ਫ਼ਿਲਮ ਓਮਕਾਰਾ ਦੇਖੀ ਹੈ, ਉਹ ਦੀਪਕ ਡੋਬਰਿਆਲ ਦੇ ਕਿਰਦਾਰ ਨੂੰ ਯਾਦ ਕਰ ਸਕਣਗੇ। ਉਸ ਵਿੱਚ ਉਸ ਦੀ ਭੂਮਿਕਾ ਕਾਫ਼ੀ ਛੋਟੀ ਸੀ ਜਿਸ ਵਿੱਚ ਉਸ ਨੇ ਕਾਫ਼ੀ ਦਮਦਾਰ ਕੌਮੇਡੀ ਕੀਤੀ ਸੀ, ਪਰ ਉਸ ਨੂੰ ਪ੍ਰਸੰਸਾ ਅਤੇ ਪਛਾਣ ਮਿਲੀ ਫ਼ਿਲਮ ਤਨੁ ਵੈੱਡਜ਼ ਮਨੁ ਦੇ ਪੱਪੀ ਜੀ ਦੇ ਕਿਰਦਾਰ ਤੋਂ। ਇਹ ਹਾਸ ਕਿਰਦਾਰ ਇੰਨਾ ਹਿੱਟ ਹੋ ਗਿਆ ਸੀ ਕਿ ਇਸ ਫ਼ਿਲਮ ਦੇ ਦੂਜੇ ਭਾਗ ਵਿੱਚ ਵੀ ਉਸ ਨੇ ਪੱਪੀ ਜੀ ਦਾ ਕਿਰਦਾਰ ਨਿਭਾਇਆ। ਦਰਅਸਲ, ਉਸ ਨੇ ਬਹੁਮੁਖੀ ਭੂਮਿਕਾਵਾਂ ਨਿਭਾਈਆਂ ਹਨ। ਬੇਸ਼ੱਕ ਉਹ ਫ਼ਿਲਮ ਇਟਸ ਨੌਟ ਆ ਲਵ ਸਟੋਰੀ ਵਿੱਚ ਇੱਕ ਕਾਤਲ ਦਾ ਕਿਰਦਾਰ ਹੋਵੇ। ਕਹਿ ਸਕਦੇ ਹਾਂ ਕਿ ਦੀਪਕ ਡੋਬਰਿਆਲ ਅੱਜ ਫ਼ਿਲਮਾਂ ਵਿੱਚ ਕੌਮੇਡੀ ਨੂੰ ਜ਼ਿੰਦਾ ਰੱਖਣ ਵਿੱਚ ਅਹਿਮ ਭੂਮਿਕਾ ਨਿਭਾ ਰਿਹਾ ਹੈ। ਇਸ ਤਰ੍ਹਾਂ ਹੀ ਫ਼ਿਲਮ ਭੇਜਾ ਫ਼ਰਾਈ ਅਤੇ ਭੇਜਾ ਫ਼ਰਾਈ-2 ਦਾ ਚਿੜਚਿੜਾ ਜਿਹਾ ਲੜਕਾ ਯਾਨੀ ਵਿਨੈ ਪਾਠਕ ਜੋ ਝੰਜੋੜਦਾ ਵੀ ਹੈ ਅਤੇ ਗੁਦਗੁਦਾਉਂਦਾ ਵੀ। ਫ਼ਿਲਮ ਰੱਬ ਨੇ ਬਨਾ ਦੀ ਜੋੜੀ ਵਿੱਚ ਉਸ ਨੇ ਸ਼ਾਹਰੁਖ਼ ਖ਼ਾਨ ਦੇ ਮਸਤਮੌਲਾ ਪੰਜਾਬੀ ਦੋਸਤ ਦੀ ਭੂਮਿਕਾ ਨਿਭਾਈ ਸੀ। ਉਹ ਹਰ ਕਿਰਦਾਰ ਨੂੰ ਸਲੀਕੇ ਨਾਲ ਨਿਭਾਉਂਦਾ ਹੈ।
ਸੰਜੇ ਮਿਸ਼ਰਾ ਇੱਕ ਸ਼ਾਨਦਾਰ ਅਭਿਨੇਤਾ ਹੈ। ਫ਼ਿਲਮ ਮਸਾਨ ਅਤੇ ਫ਼ਸ ਗਏ ਰੇ ਓਬਾਮਾ ਵਿੱਚ ਸੰਜੇ ਦੀ ਜਿੰਨੀ ਤਾਰੀਫ਼ ਕੀਤੀ ਜਾਵੇ ਓਨੀ ਹੀ ਘੱਟ ਹੈ। ਅਸਲ ਵਿੱਚ ਉਸ ਦੀ ਅਦਾਕਾਰੀ ਕਮਾਲ ਦੀ ਹੈ। ਪਿਛਲੇ ਕਈ ਸਾਲਾਂ ਤੋਂ ਸੰਜੇ ਮਿਸ਼ਰਾ ਕੌਮੇਡੀਅਨ ਦੇ ਉਮਦਾ ਰੋਲ ਨਿਭਾ ਰਿਹਾ ਹੈ। ਫ਼ਿਲਮ ਦਿਲਵਾਲੇ ਵਿੱਚ ਵੀ ਉਸ ਨੇ ਕਮਾਲ ਦੀ ਕੌਮੇਡੀ ਕੀਤੀ ਸੀ।
ਰਿਤੇਸ਼ ਦੇਸ਼ਮੁਖ ਨੇ ਬੌਲੀਵੁਡ ਵਿੱਚ ਆਪਣੇ ਕਰੀਅਰ ਦੀ ਸ਼ੁਰੂਆਤ ਮੁੱਖਧਾਰਾ ਦੇ ਨਾਇੱਕ ਦੇ ਰੂਪ ਵਿੱਚ ਕੀਤੀ ਸੀ ਅਤੇ ਅੱਜ ਵੀ ਉਹ ਹੀਰੋ ਦੀ ਭੂਮਿਕਾ ਵਿੱਚ ਫ਼ਿਲਮਾਂ ਵਿੱਚ ਨਜ਼ਰ ਆਉਂਦਾ ਹੈ, ਪਰ ਰਿਤੇਸ਼ ਜੋ ਵੀ ਕਿਰਦਾਰ ਨਿਭਾਉਂਦਾ ਹੈ ਉਸ ਵਿੱਚ ਹਾਸੇ ਦਾ ਤੜਕਾ ਜ਼ਰੂਰ ਹੁੰਦਾ ਹੈ। ਇਸ ਦੀ ਮਿਸਾਲ ਫ਼ਿਲਮ ਹਾਊਸਫ਼ੁੱਲ, ਕਿਆ ਕੂਲ ਹੈਂ ਹਮ, ਮਸਤੀ, ਧਮਾਲ ਅਤੇ ਹੇ ਬੇਬੀ ਵਿੱਚ ਦੇਖੀ ਜਾ ਸਕਦੀ ਹੈ।
ਬੇਸ਼ੱਕ ਬਮਨ ਇਰਾਨੀ ਨੇ ਬੌਲੀਵੁਡ ਵਿੱਚ ਕਰੀਅਰ ਦੇਰ ਨਾਲ ਸ਼ੁਰੂ ਕੀਤਾ ਪਰ ਕੀਤਾ ਧਮਾਕੇਦਾਰ। ਇਸ ਦੀ ਮਿਸਾਲ ਫ਼ਿਲਮ ਮੁੰਨਾ ਭਾਈ MBBS ਵਿੱਚ ਡਾਕਟਰ ਅਸਥਾਨਾ ਵਿੱਚ ਦੇਖਣ ਨੂੰ ਮਿਲੀ। ਉਸ ਤੋਂ ਬਾਅਦ ਤਾਂ ਇੱਕ ਤੋਂ ਬਾਅਦ ਇੱਕ ਹਿੱਟ ਕਿਰਦਾਰ ਨਾਲ ਬਮਨ ਨੇ ਦਰਸ਼ਕਾਂ ਦਾ ਮਨੋਰੰਜਨ ਕੀਤਾ ਹੈ। ਉਸ ਦੀਆਂ ਭਰਪੂਰ ਹਸਾਉਣ ਵਾਲੀਆਂ ਫ਼ਿਲਮਾਂ ਵਿੱਚ ਬਲੱਫ਼ ਮਾਸਟਰ, ਖੋਸਲਾ ਕਾ ਘੋਂਸਲਾ ਅਤੇ 3 ਇਡੀਅਟਸ ਆਦਿ ਹਨ।
ਸ਼ਾਇਦ ਤੁਹਾਨੂੰ ਪਤਾ ਨਾ ਹੋਵੇ ਕਿ ਪਰੇਸ਼ ਰਾਵਲ ਨੇ ਫ਼ਿਲਮਾਂ ਵਿੱਚ ਅਦਾਕਾਰੀ ਦੀ ਸ਼ੁਰੂਆਤ ਇੱਕ ਖ਼ਲਨਾਇਕ ਤੋਂ ਕੀਤੀ ਸੀ। ਉਸ ਨੇ ਸਾਲ 1984 ਵਿੱਚ ਆਪਣਾ ਫ਼ਿਲਮੀ ਸਫ਼ਰ ਸ਼ੁਰੂ ਕੀਤਾ ਸੀ। ਬਤੌਰ ਖ਼ਲਨਾਇਕ ਉਹ ਉਮਦਾ ਹੈ, ਪਰ ਅੱਜ ਉਸ ਦਾ ਕੌਮੇਡੀ ਫ਼ਿਲਮਾਂ ਵਿੱਚ ਹੋਣ ਦਾ ਮਤਲਬ ਹੈ ਟਿਕਟ ਖਿੜਕੀ ‘ਤੇ ਵੱਡੀ ਹਿੱਟ ਫ਼ਿਲਮ ਹੋਣਾ। ਪਿਛਲੇ ਇੱਕ ਦਹਾਕੇ ਤੋਂ ਉਹ ਸ਼ਾਨਦਾਰ ਕੌਮੇਡੀ ਕਰ ਰਿਹਾ ਹੈ। ਉਸ ਨੇ ਫ਼ਿਲਮ ਹੇਰਾਫ਼ੇਰੀ ਲਈ ਬਿਹਤਰੀਨ ਹਾਸ ਅਭਿਨੇਤਾ ਦਾ ਫ਼ਿਲਮਫ਼ੇਅਰ ਪੁਰਸਕਾਰ ਵੀ ਜਿੱਤਿਆ ਸੀ। ਪਰੇਸ਼ ਦੀ ਕੌਮੇਡੀ ਸੁਸਤ ਫ਼ਿਲਮ ਨੂੰ ਵੀ ਹਿੱਟ ਬਣਾਉਣ ਦਾ ਮਾਦਾ ਰੱਖਦੀ ਹੈ।
ਰਾਜਪਾਲ ਯਾਦਵ ਦੀ ਕੌਮੇਡੀ ਦਾ ਅੰਦਾਜ਼ ਕੁਦਰਤੀ ਹੈ। ਉਸ ਨੇ ਕਰੀਅਰ ਦੀ ਸ਼ੁਰੂਆਤ ਦੂਰਦਰਸ਼ਨ ਦੇ ਲੜੀਵਾਰ ਮੁੰਗੇਰੀ ਕੇ ਭਾਈ ਨੌਰੰਗੀਲਾਲ ਤੋਂ ਕੀਤੀ ਸੀ। ਉਹ ਨੈਸ਼ਨਲ ਸਕੂਲ ਔਫ਼ ਡਰਾਮਾ ਤੋਂ ਪੜ੍ਹਿਆ ਹੋਇਆ ਹੈ। ਉਸ ਦੀ ਕੌਮੇਡੀ ਕਮਾਲ ਦੀ ਹੈ। ਘੱਟ ਲੋਕਾਂ ਨੂੰ ਪਤਾ ਹੈ ਕਿ ਕੌਮੇਡੀਅਨ ਦੇ ਇਲਾਵਾ ਰਾਜਪਾਲ ਸਕਰੀਨ ਪਲੇ ਰਾਈਟਰ ਵੀ ਹੈ। ਮੈਂ, ਮੇਰੀ ਪਤਨੀ ਔਰ ਵੋ ਲਈ ਉਸ ਦੀ ਕਾਫ਼ੀ ਤਾਰੀਫ਼ ਹੋਈ ਸੀ।
ਫ਼ਿਲਮ ਫ਼ੁਕਰੇ ਵਾਲਾ ਚੂਚਾ ਤੁਹਾਨੂੰ ਯਾਦ ਹੀ ਹੋਣੈ, ਯਾਨੀ ਵਰੁਣ ਧਵਨ। ਉਹ ਫ਼ਿਲਮਾਂ ਦਾ ਨਵਾਂ ਲੜਕਾ ਹੈ, ਪਰ ਉਹ ਕਮਾਲ ਦੀ ਕੌਮੇਡੀ ਕਰਦਾ ਹੈ। ਉਸ ਨੇ ਫ਼ਿਲਮਾਂ ਵਿੱਚ ਸ਼ੁਰੂਆਤ ਹੀ ਕੌਮੇਡੀ ਤੋਂ ਕੀਤੀ ਸੀ। ਪਹਿਲੀ ਫ਼ਿਲਮ ਵਿੱਚ ਹੀ ਵਰੁਣ ਨੇ ਸ਼ਾਨਦਾਰ ਕੌਮੇਡੀ ਕਿਰਦਾਰ ਅਦਾ ਕੀਤਾ ਸੀ। ਇਹੀ ਵਜ੍ਹਾ ਹੈ ਕਿ ਉਸ ਨੂੰ ਬੌਲੀਵੁਡ ਵਿੱਚ ਆਏ ਪੰਜ ਸਾਲ ਹੋ ਗਏ ਹਨ, ਪਰ ਉਸ ਨੂੰ ਅਜੇ ਵੀ ਚੂਚੇ ਦੇ ਨਾਂ ਨਾਲ ਬੁਲਾਇਆ ਜਾਂਦਾ ਹੈ। ਉਸ ਨੇ ਫ਼ਿਲਮ ਡੌਲੀ ਕੀ ਡੋਲੀ ਅਤੇ ਕਿਸ-ਕਿਸ ਕੋ ਪਿਆਰ ਕਰੂੰ ਵਿੱਚ ਇੱਕ ਛੋਟੀ ਜਿਹੀ ਹਾਸਰਸ ਭੂਮਿਕਾ ਕੀਤੀ ਸੀ, ਅਤੇ ਹਾਲ ਹੀ ਵਿੱਚ ਫ਼ਿਲਮ ਅਰਜੁਨ ਪਟਿਆਲਾ ਵਿੱਚ ਵੀ ਦਰਸ਼ਕਾਂ ਨੂੰ ਖ਼ੂਬ ਹਸਾਇਆ। ਅਜਿਹੇ ਵਿੱਚ ਉਸ ਨੂੰ ਬਿਹਤਰੀਨ ਨਵਾਂ ਕੌਮੇਡੀਅਨ ਕਹਿਣਾ ਗ਼ਲਤ ਨਹੀਂ ਹੋਵੇਗਾ।
ਵਿਜੇ ਰਾਜ ਬੇਸ਼ੱਕ ਅੱਜਕੱਲ੍ਹ ਸਕਰੀਨ ਤੋਂ ਗਾਇਬ ਹੈ, ਪਰ ਉਹ ਜਦੋਂ ਸਕਰੀਨ ‘ਤੇ ਹੁੰਦਾ ਹੈ ਤਾਂ ਕਮਾਲ ਦੀ ਕੌਮੇਡੀ ਕਰਦਾ ਹੈ। ਉਹ ਅਜਿਹਾ ਅਭਿਨੇਤਾ ਹੈ ਜਿਸ ਦਾ ਮਕਸਦ ਸਿਰਫ਼ ਦਰਸ਼ਕਾਂ ਨੂੰ ਹਸਾਉਣਾ ਹੈ ਅਤੇ ਉਹ ਵੀ ਕੁਦਰਤੀ ਅੰਦਾਜ਼ ਵਿੱਚ। ਇਸ ਦੀ ਮਿਸਾਲ ਫ਼ਿਲਮ ਡੈਲੀ ਬੈਲੀ ਵਿੱਚ ਦੇਖੀ ਜਾ ਸਕਦੀ ਹੈ। ਇਸ ਤਰ੍ਹਾਂ ਹੀ ਮੁਹੰਮਦ ਜ਼ੀਸ਼ਾਨ ਅਯੂਬ ਹੈ। ਉਸ ਨੇ ਕੰਮ ਘੱਟ ਕੀਤਾ ਹੈ ਪਰ ਕੀਤਾ ਕਮਾਲ ਦਾ ਹੈ। ਫ਼ਿਲਮ ਰਾਂਝਣਾ ਅਤੇ ਤਨੂ ਵੈੱਡਜ਼ ਮਨੂ ਰਿਟਰਨਜ਼ ਵਿੱਚ ਉਸ ਨੇ ਖ਼ੂਬ ਹਸਾਇਆ।
ਬੀਤੇ ਦੌਰ ਦੇ ਕੌਮੇਡੀਅਨ
ਬੀਤੇ ਦੌਰ ਦੀ ਹਰ ਫ਼ਿਲਮ ਵਿੱਚ ਕੌਮੇਡੀ ਹੁੰਦੀ ਸੀ, ਪਰ ਕੌਮੇਡੀਅਨ ਗਿਣੇ ਚੁਣੇ ਹੀ ਸਨ, ਅਤੇ ਇਸ ਕਾਰਨ ਨਵਾਂਪਨ ਬਹੁਤ ਘੱਟ ਹੁੰਦਾ ਸੀ। ਮੁੱਖ ਅਭਿਨੇਤਾ ਅਤੇ ਹਾਸ ਅਭਿਨੇਤਾ ਵਿੱਚ ਜ਼ਮੀਨ ਆਸਮਾਨ ਦਾ ਫ਼ਰਕ ਹੁੰਦਾ ਸੀ। ਖੈਰ ਇਹ ਅੱਜ ਵੀ ਹੈ, ਪਰ ਅੱਜ ਦੇ ਮੁੱਖ ਅਭਿਨੇਤਾ, ਸਹਿ ਅਭਿਨੇਤਾ ਅਤੇ ਖ਼ਲਨਾਇਕ ਕੌਮੇਡੀ ਵੀ ਕਰਦੇ ਹਨ। ਗੁਜ਼ਰੇ ਜ਼ਮਾਨੇ ਦੇ ਸੁਪਰਹਿੱਟ ਕੌਮੇਡੀਅਨਾਂ ਵਿੱਚ ਕਾਦਰ ਖ਼ਾਨ, ਜੌਨੀ ਲੀਵਰ, ਭਗਵਾਨ ਦਾਦਾ, ਅਸਰਾਨੀ, ਜਗਦੀਪ, ਰਾਜਿੰਦਰ ਨਾਥ, ਮਹਿਮੂਦ, ਕੇਸ਼ਟੋ ਮੁਖਰਜੀ ਅਤੇ ਓਮਪ੍ਰਕਾਸ਼ ਹਨ। ਕੌਮੇਡੀ ਸਿਰਫ਼ ਪੁਰਸ਼ਾਂ ਦਾ ਖੇਮਾ ਨਹੀਂ ਬਲਕਿ ਅਭਿਨੇਤਰੀ ਜੂਹੀ ਚਾਵਲਾ, ਰਵੀਨਾ ਟੰਡਨ, ਹੇਮਾ ਮਾਲਿਨੀ, ਸ੍ਰੀਦੇਵੀ, ਮਾਧੁਰੀ ਦੀਕਸ਼ਿਤ, ਕਰੀਨਾ ਕਪੂਰ, ਰਾਣੀ ਮੁਖਰਜੀ, ਕਿਰਨ ਖੇਰ ਆਦਿ ਨੇ ਵੀ ਫ਼ਿਲਮਾਂ ਵਿੱਚ ਕੌਮੇਡੀ ਕੀਤੀ ਹੈ। ਟੁਨਟੁਨ ਯਾਨੀ ਉਮਾ ਦੇਵੀ ਖੱਤਰੀ ਭਾਰਤੀ ਸਿਨਮਾ ਦੀ ਪਹਿਲੀ ਮਹਿਲਾ ਕੌਮੇਡੀਅਨ ਸੀ। ਉਸ ਨੇ 190 ਤੋਂ ਜ਼ਿਆਦਾ ਫ਼ਿਲਮਾਂ ਵਿੱਚ ਜੌਨੀ ਲੀਵਰ, ਭਗਵਾਨ ਦਾਦਾ ਅਤੇ ਧੂਮਲ ਵਰਗੇ ਪ੍ਰਸਿੱਧ ਹਾਸ ਕਲਾਕਾਰਾਂ ਨਾਲ ਕੰਮ ਕੀਤਾ।