ਡੇਰਾ ਬਾਬਾ ਨਾਨਕ – ਪੰਜਾਬ ਸਰਕਾਰ ਵਲੋਂ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ 550 ਪ੍ਰਕਾਸ਼ ਪੁਰਬ ਨੂੰ ਸਮਰਪਿਤ ਕਰਵਾਏ ਜਾ ਰਹੇ ਵਿਸ਼ਵ ਕਬੱਡੀ ਕੱਪ ਦਾ ਫ਼ਾਈਨਲ ਮੈਚ ਗੁਰੂ ਨਾਨਕ ਦੇਵ ਜੀ ਦੀ ਚਰਨ ਛੋਹ ਪ੍ਰਾਪਤ ਧਰਤੀ ਡੇਰਾ ਬਾਬਾ ਨਾਨਕ ਦੇ ਸ਼ਹੀਦ ਭਗਤ ਸਿੰਘ ਸਟੇਡੀਅਮ ਵਿੱਚ ਕਰਵਾਇਆ ਗਿਆ ਅਤੇ ਇਸ ‘ਚ ਭਾਰਤ ਨੇ ਕੈਨੇਡਾ ਨੂੰ ਇਕਪਾਸੜ ਮੁਕਾਬਲੇ ‘ਚ ਹਰਾਇਆ ਜਦਕਿ ਇਸ ਤੋਂ ਪਹਿਲਾਂ ਤੀਜੇ ਸਥਾਨ ਲਈ ਇੰਗਲੈਂਡ ਅਤੇ USA ਵਿਚਾਲੇ ਖੇਡੇ ਗਏ ਮੁਕਾਬਲੇ ‘ਚ USA ਨੇ ਇੱਕ ਫ਼ਸਵੇਂ ਅਤੇ ਰੋਮਾਂਚਕ ਮੁਕਾਬਲੇ ‘ਚ ਇੰਗਲੈਂਡ ਨੂੰ 45-42 ਦੇ ਫ਼ਰਕ ਨਾਲ ਹਰਾਇਆ।
ਫ਼ਾਈਨਲ ਮੁਕਾਬਲੇ ‘ਚ ਭਾਰਤ ਨੇ ਮਾਰੀ ਬਾਜ਼ੀ, ਤੀਜੇ ਸਥਾਨ ‘ਤੇ ਰਿਹਾ USA
ਤੀਜੇ ਸਥਾਨ ਲਈ ਇੰਗਲੈਂਡ ਅਤੇ USA ਦੀ ਟੀਮ ਵਿਚਾਲੇ ਖੇਡਿਆ ਗਿਆ ਮੁਕਾਬਲਾ ਕਾਫ਼ੀ ਰੋਚਕ ਸੀ ਅਤੇ ਪਹਿਲੇ ਹਾਫ਼ ਤਕ USA ਦੇ 23 ਅਤੇ ਇੰਗਲੈਂਡ ਦੇ 14 ਅੰਕ ਸਨ, ਪਰ ਮੈਚ ਦੀ ਸਮਾਪਤੀ ਤੋਂ ਪਹਿਲਾਂ ਇੰਗਲੈਂਡ ਦੇ ਖਿਡਾਰੀਆਂ ਨੇ ਵਧੀਆ ਪ੍ਰਦਰਸ਼ਨ ਕੀਤਾ, ਪਰ ਅੰਤ ਵਿੱਚ USA ਨੇ ਹਮਲਾਵਰ ਖੇਡ ਦਿਖਾਉਂਦਿਆਂ ਇਹ ਮੁਕਾਬਲਾ 42-35 ਅੰਕਾਂ ਨਾਲ ਜਿੱਤ ਲਿਆ। ਇਸ ਮੈਚ ਦਾ ਵੱਡੀ ਗਿਣਤੀ ‘ਚ ਮੌਜੂਦ ਦਰਸ਼ਕਾਂ ਨੇ ਖ਼ੂਬ ਅਨੰਦ ਮਾਣਿਆ। ਵਿਸ਼ਵ ਕਬੱਡੀ ਕੱਪ ਦਾ ਫ਼ਾਈਨਲ ਮੁਕਾਬਲਾ ਭਾਰਤ ਅਤੇ ਕੈਨੇਡਾ ਵਿਚਾਲੇ ਖੇਡਿਆ ਗਿਆ ਅਤੇ ਇਹ ਮੈਚ ਸ਼ੁਰੂ ਤੋਂ ਹੀ ਇੱਕ ਪਾਸੜ ਰਿਹਾ ਅਤੇ ਭਾਰਤ ਨੇ ਕੈਨੇਡਾ ਦੇ ਖਿਡਾਰੀਆਂ ਦੀ ਇੱਕ ਨਾ ਚੱਲਣ ਦਿੱਤੀ। ਪਹਿਲੇ ਕੁਆਰਟਰ ‘ਚ ਭਾਰਤ ਕੈਨੇਡਾ ਤੋਂ 34-9 ਦੇ ਭਾਰੀ ਫ਼ਰਕ ਨਾਲ ਅੱਗੇ ਰਿਹਾ ਅਤੇ ਖੇਡ ਖ਼ਤਮ ਹੋਣ ਤਕ ਭਾਰਤ ਨੇ ਕੈਨੇਡਾ ਨੂੰ 64-19 ਅੰਕਾਂ ਦੇ ਭਾਰੀ ਫ਼ਰਕ ਨਾਲ ਹਰਾ ਕੇ ਜੇਤੂ ਟਰਾਫ਼ੀ ਚੁੰਮ ਲਈ।
ਜੇਤੂ ਟੀਮ ਨੂੰ 25 ਲੱਖ ਰੁਪਏ ਅਤੇ ਟਰਾਫ਼ੀ ਕੀਤੀ ਭੇਂਟ
ਪੰਜਾਬ ਸਰਕਾਰ ਵਲੋਂ ਕਰਵਾਏ ਗਏ ਵਿਸ਼ਵ ਕਬੱਡੀ ਟੂਰਨਾਮੈਂਟ ਦੀ ਜੇਤੂ ਟੀਮ ਨੂੰ 25 ਲੱਖ ਰੁਪਏ, ਦੂਜੇ ਸਥਾਨ ‘ਤੇ ਆਉਣ ਵਾਲੀ ਕੈਨੇਡਾ ਦੀ ਟੀਮ ਨੂੰ 15 ਲੱਖ ਰੁਪਏ ਅਤੇ ਤੀਜੇ ਸਥਾਨ ‘ਤੇ ਆਉਣ ਵਾਲੀ USA ਦੀ ਟੀਮ ਨੂੰ 10 ਲੱਖ ਰੁਪਏ ਦੀ ਇਨਾਮੀ ਰਾਸ਼ੀ ਪੰਜਾਬ ਸਰਕਾਰ ਵਲੋਂ ਕੈਬਨਿਟ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ, ਕੈਬਨਿਟ ਮੰਤਰੀ ਰਾਣਾ ਗੁਰਮੀਤ ਸੋਢੀ ਅਤੇ ਕੈਬਨਿਟ ਮੰਤਰੀ ਤ੍ਰਿਪਤ ਰਜਿੰਦਰ ਸਿੰਘ ਬਾਜਵਾ ਨੇ ਸਾਂਝੇ ਤੌਰ ‘ਤੇ ਭੇਂਟ ਕੀਤੀ ਅਤੇ ਹਰੇਕ ਟੀਮ ਨੂੰ ਨਗਦ ਰਾਸ਼ੀ ਦੇ ਇਨਾਮ ਦੇ ਨਾਲ ਨਾਲ ਟਰਾਫ਼ੀ ਵੀ ਭੇਂਟ ਕੀਤੀ ਗਈ।