ਨਵੀਂ ਦਿੱਲੀ— ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਰਾਸ਼ਟਰਪਤੀ ਰਾਮਨਾਥ ਕੋਵਿੰਦ ਨੇ ਸ਼ੁੱਕਰਵਾਰ ਨੂੰ ਉਨ੍ਹਾਂ ਲੋਕਾਂ ਨੂੰ ਸ਼ਰਧਾਂਜਲੀ ਦਿੱਤੀ, ਜਿਨ੍ਹਾਂ ਨੇ 2001 ‘ਚ ਸੰਸਦ ‘ਤੇ ਹੋਏ ਹਮਲੇ ‘ਚ ਆਪਣੀ ਜਾਨ ਗਵਾਈ ਸੀ। ਰਾਸ਼ਟਰਪਤੀ ਨੇ ਟਵੀਟ ਕਰ ਕੇ ਲਿਖਿਆ,”ਇਕ ਰਾਸ਼ਟਰ 2001 ‘ਚ ਇਸ ਦਿਨ ਅੱਤਵਾਦੀਆਂ ਤੋਂ ਸੰਸਦ ਦਾ ਬਚਾਅ ਕਰਦੇ ਹੋਏ ਆਪਣੀ ਜਾਨ ਗਵਾਉਣ ਵਾਲੇ ਸ਼ਹੀਦਾਂ ਦੀ ਬਹਾਦਰੀ ਅਤੇ ਸਾਹਸ ਨੂੰ ਸਲਾਮ ਕਰਦਾ ਹੈ। ਅਸੀਂ ਆਪਣੇ ਸਾਰੇ ਰੂਪਾਂ ਅਤੇ ਸਮੀਕਰਨਾਂ ‘ਚ ਅੱਤਵਾਦ ਨੂੰ ਹਰਾਉਣ ਅਤੇ ਖਤਮ ਕਰਨ ਦੇ ਆਪਣੇ ਸੰਕਲਪ ਨੂੰ ਲੈ ਕੇ ਦ੍ਰਿੜ ਹਾਂ।”
ਪੀ.ਐੱਮ. ਮੋਦੀ ਨੇ ਦਿੱਤੀ ਸ਼ਰਧਾਂਜਲੀ
ਪੀ.ਐੱਮ. ਮੋਦੀ ਨੇ ਹੋਰ ਸੰਸਦ ਮੈਂਬਰਾਂ ਨਾਲ ਮਿਲ ਕੇ 2001 ‘ਚ ਹੋਏ ਸੰਸਦ ਹਮਲੇ ‘ਚ ਆਪਣੀ ਜਾਨ ਗਵਾਉਣ ਵਾਲੇ ਸ਼ਹੀਦਾਂ ਨੂੰ ਸ਼ਰਧਾਂਜਲੀ ਦਿੱਤੀ। ਸੰਸਦ ਦੇ ਕਈ ਮੈਂਬਰਾਂ ਨੇ ਉਨ੍ਹਾਂ ਲੋਕਾਂ ਨੂੰ ਯਾਦ ਕਰਦੇ ਹੋਏ ਟਵੀਟ ਕੀਤਾ ਹੈ ਜੋ ਇਸ ਅੱਤਵਾਦੀ ਹਮਲੇ ‘ਚ ਮਾਰੇ ਗਏ ਸਨ। ਹਰਦੀਪ ਪੁਰੀ ਨੇ ਵੀ ਦਿੱਤੀ ਸ਼ਰਧਾਂਜਲੀ
ਕੇਂਦਰੀ ਮੰਤਰੀ ਹਰਦੀਪ ਸਿੰਘ ਪੁਰੀ ਨੇ ਟਵਿੱਟਰ ‘ਤੇ ਲਿਖਿਆ,”ਮੈਂ ਉਨ੍ਹਾਂ ਬਹਾਦਰਾਂ ਨੂੰ ਸ਼ਰਧਾਂਜਲੀ ਦਿੰਦਾ ਹਾਂ, ਜਿਨ੍ਹਾਂ ਨੇ 2001 ‘ਚ ਇਸ ਦਿਨ ਇਕ ਅੱਤਵਾਦੀ ਹਮਲੇ ਵਿਰੁੱਧ ਸਾਡੀ ਸੰਸਦ ਦਾ ਬਹਾਦਰੀ ਨਾਲ ਬਚਾਅ ਕਰਦੇ ਹੋਏ ਆਪਣੀ ਜਾਨ ਦੀ ਕੁਰਬਾਨੀ ਦਿੱਤੀ ਸੀ। ਨਿਊ ਇੰਡੀਆ ਹਮੇਸ਼ਾ ਉਨ੍ਹਾਂ ਦੀ ਨਿਰਸਵਾਰਥ, ਲਗਨ ਅਤੇ ਹਿੰਮਤ ਦਾ ਰਿਣੀ ਹੈ।” ਮਨੋਜ ਤਿਵਾੜੀ ਨੇ ਵੀ ਕੀਤਾ ਟਵੀਟ
ਦਿੱਲੀ ਤੋਂ ਭਾਜਪਾ ਸੰਸਦ ਮੈਂਬਰ ਮਨੋਜ ਤਿਵਾੜੀ ਨੇ ਟਵੀਟ ਕਰਦੇ ਹੋਏ ਕਿਹਾ,”13 ਦਸੰਬਰ ਨੂੰ ਸੰਸਦ ਭਵਨ ‘ਤੇ ਹੋਏ ਅੱਤਵਾਦੀ ਹਮਲੇ ‘ਚ ਸ਼ਹੀਦ ਹੋਏ ਭਾਰਤ ਮਾਤਾ ਦੇ ਸਾਰੇ ਵੀਰ ਜਵਾਨਾਂ ਨੂੰ ਸ਼ਰਧਾਂਜਲੀ।”
13 ਦਸੰਬਰ 2001 ਨੂੰ ਹੋਇਆ ਸੀ ਅੱਤਵਾਦੀ ਹਮਲਾ
ਦੱਸਣਯੋਗ ਹੈ ਕਿ 13 ਦਸੰਬਰ 2001 ਨੂੰ ਅੰਬੈਸਡਰ ਕਾਰ ‘ਚ ਸਵਾਰ ਹੋ ਕੇ ਆਏ 5 ਅੱਤਵਾਦੀਆਂ ਨੇ 45 ਮਿੰਟ ‘ਚ ਸੰਸਦ ‘ਚ ਗੋਲੀਬਾਰੀ ਕੀਤੀ ਸੀ। ਇਹ ਹਮਲੇ ਅੱਤਵਾਦੀ ਸੰਗਠਨ ਲਸ਼ਕਰ-ਏ-ਤੋਇਬਾ ਅਤੇ ਜੈਸ਼-ਏ-ਮੁਹੰਮਦ ਦੇ ਅੱਤਵਾਦੀਆਂ ਨੇ ਕੀਤੇ ਸਨ। ਇਸ ਹਮਲੇ ‘ਚ 14 ਲੋਕਾਂ ਦੀ ਮੌਤ ਹੋ ਗਈ ਸੀ। ਜਿਸ ‘ਚ ਦਿੱਲੀ ਪੁਲਸ ਦੇ 5 ਕਰਮਚਾਰੀ, ਕੇਂਦਰੀ ਰਿਜ਼ਰਵ ਪੁਲਸ ਫੋਰਸ ਦੀ ਇਕ ਮਹਿਲਾ ਅਧਿਕਾਰੀ, ਸੰਸਦ ਭਵਨ ਦੇ 2 ਵਾਚ ਅਤੇ ਵਾਰਡ ਕਰਮਚਾਰੀ, ਇਕ ਮਾਲੀ ਅਤੇ ਇਕ ਕੈਮਰਾਮੈਨ ਸ਼ਾਮਲ ਸਨ। ਜਿਸ ਸਮੇਂ ਇਹ ਘਟਨਾ ਵਾਪਰੀ, ਉਸ ਸਮੇਂ ਸੰਸਦ ਦਾ ਸਰਦ ਰੁੱਤ ਸੈਸ਼ਨ ਚੱਲ ਰਿਹਾ ਸੀ ਅਤੇ ਕਾਰਵਾਈ 40 ਮਿੰਟ ਲਈ ਮੁਲਤਵੀ ਹੋਈ ਸੀ। ਸੰਸਦ ਦੇ ਅੰਦਰ ਲਗਭਗ 100 ਮੈਂਬਰ ਮੌਜੂਦ ਸਨ। ਸਾਬਕਾ ਗ੍ਰਹਿ ਮੰਤਰੀ ਲਾਲ ਕ੍ਰਿਸ਼ਨ ਅਡਵਾਨੀ ਅਤੇ ਰੱਖਿਆ ਮੰਤਰੀ ਜਾਰਜ ਫਰਨਾਂਡੀਜ਼ ਹੋਰ ਮੰਤਰੀਆਂ ਨਾਲ ਲੋਕ ਸਭਾ ‘ਚ ਮੌਜੂਦ ਸਨ।