ਅਲੀਗੜ੍ਹ — ਨਾਗਰਿਕਤਾ ਸੋਧ ਬਿੱਲ 2019 ਨੂੰ ਲੈ ਕੇ ਪੂਰਬ-ਉੱਤਰ ਅਤੇ ਆਸਾਮ ‘ਚ ਵਿਰੋਧ ਪ੍ਰਦਰਸ਼ਨ ਜਾਰੀ ਹਨ। ਸਾਵਧਾਨੀ ਦੇ ਤੌਰ ‘ਤੇ ਪੁਲਸ ਨੂੰ ਆਸਾਮ ਦੇ ਗੁਹਾਟੀ ‘ਚ ਕਰਫਿਊ ਲਾਉਣਾ ਪਿਆ, ਜਿਸ ‘ਚ ਅੱਜ ਥੋੜ੍ਹੀ ਢਿੱਲ ਦਿੱਤੀ ਗਈ ਹੈ। ਇਸ ਦਰਮਿਆਨ ਅਲੀਗੜ੍ਹ ਮੁਸਲਿਮ ਯੂਨੀਵਰਸਿਟੀ ‘ਚ ਵੀ ਵਿਦਿਆਰਥੀਆਂ ਦਾ ਵਿਰੋਧ ਪ੍ਰਦਰਸ਼ਨ ਦੇਖਣ ਨੂੰ ਮਿਲਿਆ, ਜਿਸ ਨੂੰ ਦੇਖਦਿਆਂ ਕੰਪਲੈਕਸ ‘ਚ ਸੁਰੱਖਿਆ ਵਿਵਸਥਾ ਸਖਤ ਕਰ ਦਿੱਤੀ ਗਈ ਹੈ। ਪੁਲਸ ਨੇ ਦੱਸਿਆ ਕਿ ਆਲੇ-ਦੁਆਲੇ ਪੁਲਸ ਦੀਆਂ ਟੀਮਾਂ ਗਸ਼ਤ ਕਰ ਰਹੀਆਂ ਹਨ ਅਤੇ ਯੂਨੀਵਰਸਿਟੀ ਦੇ ਸਾਰੇ ਗੇਟਾਂ ‘ਤੇ ਪੁਲਸ ਫੋਰਸ ਵੱਡੀ ਗਿਣਤੀ ਵਿਚ ਤਾਇਨਾਤ ਕੀਤੀ ਗਈ ਹੈ।
ਯੂਨੀਵਰਸਿਟੀ ਦੇ ਬੁਲਾਰੇ ਡਾ. ਰਾਹਤ ਅਬਰਾਰ ਮੁਤਾਬਕ ਯੂਨੀਵਰਸਿਟੀ ਦੀਆਂ ਸਲਾਨਾ ਪ੍ਰੀਖਿਆਵਾਂ ਤੈਅ ਪ੍ਰੋਗਰਾਮ ਮੁਤਾਬਕ ਸੰੰਪੰਨ ਹੋ ਰਹੀਆਂ ਹਨ ਅਤੇ ਪ੍ਰਸ਼ਾਸਨ ਵੀ ਹਾਲਾਤ ‘ਤੇ ਤਿੱਖੀ ਨਜ਼ਰ ਰੱਖ ਰਿਹਾ ਹੈ। ਯੂਨੀਵਰਸਿਟੀ ਟੀਚਰਜ਼ ਐਸੋਸੀਏਸ਼ਨ ਦੇ ਸਕੱਤਰ ਨਮਜ਼ੁਲ ਇਸਲਾਮ ਨੇ ਦੱਸਿਆ ਕਿ ਕਾਰਜਕਾਰਨੀ ਦੀ ਐਮਰਜੈਂਸੀ ਬੈਠਕ ਸ਼ਨੀਵਾਰ ਰਾਤ ਨੂੰ ਆਯੋਜਿਤ ਕੀਤੀ ਗਈ, ਜਿਸ ‘ਚ ਨਾਗਰਿਕਤਾ ਕਾਨੂੰਨ ‘ਤੇ ਅੱਗੇ ਕਿਸ ਤਰ੍ਹਾਂ ਨਾਲ ਆਪਣਾ ਵਿਰੋਧ ਦਰਜ ਕਰਵਾਇਆ ਜਾਵੇ, ਇਸ ਬਾਬਤ ਸਲਾਹ-ਮਸ਼ਵਰਾ ਹੋਵੇਗਾ। ਇਸ ਦਰਮਿਆਨ ਜ਼ਿਲਾ ਪ੍ਰਸ਼ਾਸਨ ਦੇ ਅਧਿਕਾਰੀਆਂ ਨੇ ਦੱਸਿਆ ਕਿ ਵੀਰਵਾਰ ਰਾਤ ਤੋਂ ਇੰਟਰਨੈੱਟ ਸੇਵਾਵਾਂ ਬੰਦ ਕੀਤੀ ਗਈਆਂ ਸਨ, ਉਸ ਨੂੰ ਸ਼ੁੱਕਰਵਾਰ ਰਾਤ ਨੂੰ ਮੁੜ ਤੋਂ ਬਹਾਲ ਕਰ ਦਿੱਤਾ ਗਿਆ ਹੈ।