ਨਵੀਂ ਦਿੱਲੀ— ਨਾਗਰਿਕਤਾ ਸੋਧ ਕਾਨੂੰਨ ਵਿਰੁੱਧ ਆਲ ਇੰਡੀਆ ਮਜਲਿਸ-ਏ-ਇਤੇਹਾਦੁਲ ਮੁਸਲਿਮੀਨ (ਏ.ਆਈ.ਐੱਮ.ਆਈ.ਐੱਮ.) ਦੇ ਨੇਤਾ ਅਸਦੁਦੀਨ ਓਵੈਸੀ ਨੇ ਸੁਪਰੀਮ ਕੋਰਟ ‘ਚ ਪਟੀਸ਼ਨ ਦਾਇਰ ਕੀਤੀ ਹੈ। ਓਵੈਸੀ ਦੇ ਵਕੀਲ ਨਿਜਾਮਾ ਪਾਸ਼ਾ ਨੇ ਇਸ ਗੱਲ ਦੀ ਜਾਣਕਾਰੀ ਦਿੱਤੀ। ਓਵੈਸੀ ਤੋਂ ਇਲਾਵਾ ਆਸਾਮ ਦੇ ਵਿਰੋਧੀ ਨੇਤਾ ਦੇਬਬਰਤ ਸਾਕਿਆ ਅਤੇ ਬਾਰਪੇਟਾ ਦੇ ਲੋਕ ਸਭਾ ਸੰਸਦ ਮੈਂਬਰ ਅਬਦੁੱਲ ਖਾਲਿਕ ਨੇ ਵੀ ਅਰਜ਼ੀ ਦਾਇਰ ਕੀਤੀ ਹੈ।
ਇਸ ਤੋਂ ਲਾਵਾ ਮਾਰਿਆਨਾ ਵਿਧਾਨ ਸਭਾ ਸੀਟ ਤੋਂ ਵਿਧਾਇਕ ਰੂਪਜੋਤੀ ਕੁਰਮੀ ਨੇ ਵੀ ਸੁਪਰੀਮ ਕੋਰਟ ‘ਚ ਨਾਗਰਿਕਤਾ ਕਾਨੂੰਨ ਵਿਰੁੱਧ ਅਰਜ਼ੀ ਦਿੱਤੀ ਹੈ। ਦੱਸਣਯੋਗ ਹੈ ਕਿ ਅਸਦੁਦੀਨ ਓਵੈਸੀ ਨੇ ਸੰਸਦ ‘ਚ ਇਸ ਨਾਗਰਿਕਤਾ ਬਿੱਲ ਦਾ ਵਿਰੋਧ ਕਰਦੇ ਹੋਏ ਬਿੱਲ ਦੀ ਕਾਪੀ ਪਾੜ ਦਿੱਤੀ ਸੀ। ਉਨ੍ਹਾਂ ਨੇ ਕਿਹਾ ਸੀ ਕਿ ਇਹ ਬਿੱਲ ਦੇਸ਼ ਨੂੰ ਵੰਡਣ ਵਾਲਾ ਹੈ ਅਤੇ ਸੰਵਿਧਾਨ ਦੀ ਮੂਲ ਭਾਵਨਾ ਦੇ ਉਲਟ ਹੈ। ਓਵੈਸੀ ਨੇ ਕਿਹਾ ਸੀ ਕਿ ਇਹ ਬਿੱਲ ਮੁਸਲਿਮ ਨੂੰ ਸਟੇਟਲੈੱਸ ਬਣਾਉਣ ਵਰਗਾ ਹੈ ਅਤੇ ਦੇਸ਼ ਦੀ ਸੁਰੱਖਿਆ ਲਈ ਵੀ ਖਤਰਾ ਬਣ ਸਕਦਾ ਹੈ।