ਗੁਰਦਾਸਪੁਰ : ਰਾਜ ਸਭਾ ਮੈਂਬਰ ਅਤੇ ਕਾਂਗਰਸ ਦੇ ਸੀਨੀਅਰ ਆਗੂ ਪ੍ਰਤਾਪ ਸਿੰਘ ਬਾਜਵਾ ਨੇ ਦੇਸ਼ ਦੇ ਪ੍ਰਧਾਨ ਮੰਤਰੀ ਅਤੇ ਗ੍ਰਹਿ ਮੰਤਰੀ ਨੂੰ ਪੱਤਰ ਲਿਖ ਕੇ ਅਹਿਮਦੀਆ ਜਮਾਤ ‘ਤੇ ਪਾਕਿਸਤਾਨ ‘ਚ ਹੋ ਰਹੇ ਜ਼ੁਲਮਾਂ ਦਾ ਹਵਾਲਾ ਦਿੰਦਿਆਂ ਇਸ ਭਾਈਚਾਰੇ ਨੂੰ ਸ਼ਰਨ ਦੇਣ ਦੀ ਮੰਗ ਕੀਤੀ ਹੈ। ਜ਼ਿਕਰਯੋਗ ਹੈ ਕਿ ਪ੍ਰਤਾਪ ਸਿੰਘ ਬਾਜਵਾ ਪੰਜਾਬ ਦੇ ਕਾਦੀਆਂ ਸ਼ਹਿਰ ਨਾਲ ਸਬੰਧਤ ਹਨ, ਜਿੱਥੇ ਅਹਿਮਦੀਆ ਜਮਾਤ ਦੇ ਬਾਨੀ ਮਿਰਜ਼ਾ ਗੁਲਾਮ ਅਹਿਮਦ ਦਾ ਜਨਮ ਹੋਇਆ ਸੀ ਅਤੇ ਅਹਿਮਦੀਆ ਭਾਈਚਾਰੇ ਦੇ ਲੋਕਾਂ ਲਈ ਕਾਦੀਆਂ ਸ਼ਹਿਰ ਉਨ੍ਹਾਂ ਦੀ ਅਸਲ ਬੁਨਿਆਦ ਹੈ।
ਬਾਜਵਾ ਨੇ 11 ਦਸੰਬਰ ਨੂੰ ਰਾਜ ਸਭਾ ‘ਚ ਨਾਗਰਿਕਤਾ ਸੋਧ ਬਿੱਲ 2019 ਦੇ ਸਬੰਧ ‘ਚ ਦੇਸ਼ ਦੇ ਗ੍ਰਹਿ ਮੰਤਰੀ ਨੂੰ ਸਵਾਲ ਪੁੱਛਿਆ ਸੀ, ਜਿਸ ਦੀ ਲਗਾਤਾਰਤਾ ‘ਚ ਹੁਣ ਉਨ੍ਹਾਂ ਨੇ ਪ੍ਰਧਾਨ ਮੰਤਰੀ ਅਤੇ ਗ੍ਰਹਿ ਮੰਤਰੀ ਨੂੰ ਪੱਤਰ ਲਿਖ ਕੇ ਅਹਿਮਦੀਆ ਜਮਾਤ ਨਾਲ ਜੁੜਿਆ ਇਹ ਅਹਿਮ ਮੁੱਦਾ ਚੁੱਕਿਆ ਹੈ। ਪੱਤਰ ਰਾਹੀਂ ਬਾਜਵਾ ਨੇ ਕਿਹਾ ਕਿ ਅਹਿਮਦੀਆ ਜਮਾਤ ਦਾ ਸਾਡੇ ਦੇਸ਼ ਨਾਲ ਬਹੁਤ ਗੂੜਾ ਸਬੰਧ ਹੈ ਕਿਉਂਕਿ ਇਸ ਜਮਾਤ ਦੇ ਬਾਨੀ ਮਿਰਜ਼ਾ ਗੁਲਾਮ ਅਹਿਮਦ ਨੇ ਸਾਡੇ ਦੇਸ਼ ਅੰਦਰ ਪੰਜਾਬ ਦੇ ਸ਼ਹਿਰ ਕਾਦੀਆਂ ‘ਚ ਜਨਮ ਲੈ ਕੇ ਇਸੇ ਸਥਾਨ ਤੋਂ ਆਪਣੀਆਂ ਸਿੱਖਿਆਵਾਂ ਦਾ ਪਸਾਰ ਸ਼ੁਰੂ ਕੀਤਾ ਸੀ। ਅਹਿਮਦੀਆ ਜਮਾਤ ਨੂੰ ਪਾਕਿਸਤਾਨ ਦੇ ਲੋਕ ਮੁਸਲਮਾਨ ਨਹੀਂ ਸਮਝਦੇ ਕਿਉਂਕਿ 1974 ‘ਚ ਪਾਕਿਸਤਾਨ ਅੰਦਰ ਜੁਲਫਿਕਾਰ ਅਲੀ ਭੁੱਟੋ ਦੀ ਅਗਵਾਈ ਵਾਲੀ ਸਰਕਾਰ ਨੇ ਅਹਿਮਦੀਆ ਨੂੰ ਗੈਰ ਮੁਸਲਮਾਨ ਐਲਾਨਣ ਲਈ ਸੰਵਿਧਾਨਿਕ ਸੋਧ ਪਾਸ ਕੀਤੀ ਸੀ। ਉਸ ਸਮੇਂ ਤੋਂ ਬਾਅਦ ਪਾਕਿਸਤਾਨ ਅੰਦਰ ਇਸ ਜਮਾਤ ਦੇ ਲੋਕਾਂ ‘ਤੇ ਅੱਤਿਆਚਾਰ ਸ਼ੁਰੂ ਹੋ ਗਿਆ ਸੀ। ਉਨ੍ਹਾਂ ਇਸ ਸੰਪਰਦਾਇ ਦੇ ਲੋਕਾਂ ‘ਤੇ ਹੋਏ ਅੱਤਿਆਚਾਰ ਦੀਆਂ ਕਹਾਣੀਆਂ ਬਿਆਨ ਕਰਦੀਆਂ ਕਈ ਉਦਾਹਰਣਾਂ ਦਿੰਦਿਆਂ ਕਿਹਾ ਕਿ ਅਹਿਮਦੀਆ ਜਮਾਤ ‘ਤੇ ਕੀਤੇ ਹਮਲਿਆਂ ਕਾਰਣ ਇਹ ਭਾਈਚਾਰਾ ਆਪਣਾ ਹੈੱਡਕੁਆਰਟਰ ਲੰਡਨ ਲਿਜਾਣ ਲਈ ਮਜ਼ਬੂਰ ਹੋ ਗਿਆ ਸੀ ਪਰ ਇਸਦੇ ਬਾਵਜੂਦ ਇਹ ਲੋਕ ਅਧਿਆਤਮਕ ਤੌਰ ‘ਤੇ ਕਾਦੀਆਂ ਨਾਲ ਗਹਿਰਾ ਸਬੰਧ ਰੱਖਦੇ ਹਨ।
ਇਸ ਲਈ ਉਨ੍ਹਾਂ ਪ੍ਰਧਾਨ ਮੰਤਰੀ ਅਤੇ ਗ੍ਰਹਿ ਮੰਤਰੀ ਨੂੰ ਅਪੀਲ ਕੀਤੀ ਕਿ ਨਾਗਰਿਕਤਾ ਸੋਧ ਬਿੱਲ ਦਾ ਘੇਰਾ ਵਧਾ ਕੇ ਇਸ ਜਮਾਤ ਦੇ ਲੋਕਾਂ ਨੂੰ ਉਨ੍ਹਾਂ ਦੇ ਅਸਲ ਘਰ ਵਾਪਸ ਆਉਣ ਦਾ ਮੌਕਾ ਦਿੱਤਾ ਜਾਵੇ। ਉਨ੍ਹਾਂ ਇਹ ਵੀ ਕਿਹਾ ਕਿ ਜਿਸ ਤਰ੍ਹਾਂ ਸਿੱਖਾਂ ਲਈ ਨਨਕਾਣਾ ਸਾਹਿਬ ਅਤੇ ਕਰਤਾਰਪੁਰ ਸਾਹਿਬ ਦੀ ਵੱਡੀ ਮਹੱਤਤਾ ਹੈ, ਉਸੇ ਤਰ੍ਹਾਂ ਅਹਿਮਦੀਆ ਭਾਈਚਾਰਾ ਕਾਦੀਆਂ ਪ੍ਰਤੀ ਵੱਡੀ ਆਸਥਾ ਰੱਖਦਾ ਹੈ। ਕੇਂਦਰ ਸਰਕਾਰ ਜੁਰਮ ਦੇ ਸ਼ਿਕਾਰ ਹੋ ਰਹੇ ਇਨ੍ਹਾਂ ਲੋਕਾਂ ਨੂੰ ਸ਼ਰਨ ਦੇਵੇ ਤਾਂ ਜੋ ਉਹ ਅੱਤਿਆਚਾਰ ਤੋਂ ਬਚ ਕੇ ਵਾਪਸ ਆ ਸਕਣ।