ਸ਼੍ਰੀਨਗਰ— ਜੰਮੂ-ਕਸ਼ਮੀਰ ‘ਚ ਤਿੰਨ ਵਾਰ ਮੁੱਖ ਮੰਤਰੀ ਰਹੇ ਫਾਰੂਕ ਅਬੁੱਦਲਾ ਦੀ ਹਿਰਾਸਤ ਮਿਆਦ ਸ਼ਨੀਵਾਰ ਨੂੰ 3 ਮਹੀਨੇ ਲਈ ਹੋਰ ਵਧਾ ਦਿੱਤੀ ਗਈ ਅਤੇ ਉਹ ਆਪਣੇ ਘਰ ‘ਚ ਹੀ ਨਜ਼ਰਬੰਦ ਰਹਿਣਗੇ। ਅਧਿਕਾਰੀਆਂ ਨੇ ਇਹ ਜਾਣਕਾਰੀ ਦਿੱਤੀ। ਅਬਦੁੱਲਾ 5 ਵਾਰ ਸੰਸਦ ਮੈਂਬਰ ਰਹੇ ਹਨ। ਕੇਂਦਰ ਨੇ 5 ਅਗਸਤ ਨੂੰ ਜੰਮੂ-ਕਸ਼ਮੀਰ ਰਾਜ ਦਾ ਵਿਸ਼ੇਸ਼ ਦਰਜਾ ਹਟਾਉਣ ਅਤੇ ਉਸ ਦੇ ਵੰਡ ਦਾ ਐਲਾਨ ਕੀਤਾ ਸੀ ਅਤੇ ਉਸੇ ਦਿਨ ਤੋਂ ਫਾਰੂਕ ਹਿਰਾਸਤ ‘ਚ ਹਨ।
ਨੈਸ਼ਨਲ ਕਾਨਫਰੰਸ (ਨੇਕਾਂ) ਦੇ ਨੇਤਾ ‘ਤੇ ਸਖਤ ਜਨ ਸੁਰੱਖਿਆ ਕਾਨੂੰਨ (ਪੀ.ਐੱਸ.ਏ.) ਪਹਿਲੀ ਵਾਰ 17 ਸਤੰਬਰ ਨੂੰ ਲਗਾਇਆ ਗਿਆ ਸੀ, ਜਿਸ ਦੇ ਕੁਝ ਹੀ ਘੰਟੇ ਬਾਅਦ ਐੱਮ.ਡੀ.ਐੱਮ.ਕੇ. ਦੇ ਨੇਤਾ ਵਾਈਕੋ ਦੀ ਇਕ ਪਟੀਸ਼ਨ ‘ਤੇ ਸੁਪਰੀਮ ਕੋਰਟ ਸੁਣਵਾਈ ਕਰਨ ਵਾਲਾ ਸੀ। ਪਟੀਸ਼ਨ ‘ਚ ਵਾਈਕੋ ਨੇ ਦੋਸ਼ ਲਗਾਇਆ ਸੀ ਕਿ ਨੇਕਾਂ ਨੇਤਾ ਨੂੰ ਗੈਰ-ਕਾਨੂੰਨੀ ਤਰੀਕੇ ਨਾਲ ਹਿਰਾਸਤ ‘ਚ ਰੱਖਿਆ ਗਿਆ ਹੈ। ਅਧਿਕਾਰੀਆਂ ਨੇ ਦੱਸਿਆ ਕਿ ਨੇਕਾਂ ਪ੍ਰਧਾਨ ‘ਤੇ ਪਬਲਿਕ ਸੇਫਟੀ ਐਕਟ (ਪੀ.ਐੱਸ.ਏ.) ਦੇ ‘ਸਰਕਾਰੀ ਆਦੇਸ਼’ ਦੇ ਅਧੀਨ ਮਾਮਲਾ ਦਰਜ ਕੀਤਾ ਗਿਆ ਹੈ, ਜੋ ਕਿਸੇ ਵਿਅਕਤੀ ਨੂੰ ਬਿਨਾਂ ਸੁਣਵਾਈ ਦੇ 3 ਤੋਂ 6 ਮਹੀਨੇ ਤੱਕ ਜੇਲ ‘ਚ ਰੱਖਣ ਦੀ ਮਨਜ਼ੂਰੀ ਦਿੰਦਾ ਹੈ।