ਅੰਮ੍ਰਿਤਸਰ : ਸ਼੍ਰੋਮਣੀ ਅਕਾਲੀ ਦਲ ਦਾ 99ਵਾਂ ਸਥਾਪਨਾ ਦਿਵਸ ਮਨਾਉਣ ਲਈ ਬਾਦਲ ਪਰਿਵਾਰ ਤੋਂ ਖਫਾ ਸੀਨੀਅਰ ਅਕਾਲੀ ਆਗੂਆਂ ਤੇ ਉਨ੍ਹਾਂ ਦੀਆਂ ਹਮਖਿਆਲੀ ਜਥੇਬੰਦੀਆਂ ਵਲੋਂ ਕਰਵਾਈ ਗਈ ਕਾਨਫਰੰਸ ਦੌਰਾਨ ਇਕਸੁਰ ਹੋ ਕੇ ਇਕ ਮਜ਼ਬੂਤ ਪਾਰਟੀ ਦਾ ਐਲਾਨ ਕਰਨ ਅਤੇ ਬਾਦਲ ਪਰਿਵਾਰ ਨੂੰ ਸ਼੍ਰੋਮਣੀ ਕਮੇਟੀ ਤੇ ਅਕਾਲੀ ਦਲ ਤੋਂ ਬਾਹਰ ਕਰਨ ਦਾ ਅਹਿਦ ਲਿਆ ਗਿਆ।
ਇਸ ਦੌਰਾਨ ਗੱਲਬਾਤ ਕਰਦਿਆਂ ਸੁਖਦੇਵ ਸਿੰਘ ਢੀਂਡਸਾ ਨੇ ਬਾਦਲਾਂ ‘ਤੇ ਵਰ੍ਹਦਿਆ ਕਿਹਾ ਕਿ ਇਨ੍ਹਾਂ ਨੇ ਸ਼੍ਰੋਮਣੀ ਅਕਾਲੀ ਦਲ ਨੂੰ ਕਮਜ਼ੋਰ ਕਰ ਦਿੱਤਾ। ਉਨ੍ਹਾਂ ਕਿਹਾ ਕਿ ਅਕਾਲੀ ਦਲ ਕਿਸੇ ਰਾਜਨੀਤਿਕ ਤਾਕਤ ਹਾਸਲ ਕਰਨ ਲਈ ਹੋਂਦ ‘ਚ ਨਹੀਂ ਸੀ ਆਇਆ ਸਗੋਂ ਇਹ ਇਕ ਸੱਭਿਆਚਾਰ ਤੇ ਧਰਮ ਨੂੰ ਬਚਾਉਣ ਦੀ ਲਹਿਰ ਸੀ। ਪਰ ਅੱਜ ਇਸ ਪਾਰਟੀ ਨੂੰ ਰੋਲਿਆ ਜਾ ਰਿਹਾ ਹੈ, ਜੋ ਕਿ ਬਹੁਤ ਗਲਤ ਹੈ। ਉਨ੍ਹਾਂ ਕਿਹਾ ਕਿ ਅਸੀਂ ਕੋਈ ਹੋਰ ਪਾਰਟੀ ਨਹੀਂ ਸਗੋਂ ਸ਼੍ਰੋਮਣੀ ਅਕਾਲੀ ਦਲ ਨੂੰ ਹੀ ਤਕੜਾ ਕਰਨਾ ਹੈ। ਇਸ ਦੇ ਨਾਲ ਹੀ ਉਨ੍ਹਾਂ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਬਾਰੇ ਬੋਲਦਿਆਂ ਕਿਹਾ ਕਿ ਇਸ ‘ਤੇ ਲੱਗ ਰਹੇ ਇਲਜ਼ਾਮਾਂ ਨੇ ਅੱਜ ਸਾਡਾ ਸਾਰੇ ਸਿੱਖਾਂ ਦਾ ਸਿਰ ਨੀਵਾਂ ਕਰ ਦਿੱਤਾ ਹੈ।