ਨਵੀਂ ਦਿੱਲੀ— ਕਾਂਗਰਸ ਦੀ ਦੇਸ਼ ਬਚਾਓ ਰੈਲੀ ਨੂੰ ਸੰਬੋਧਨ ਕਰਦੇ ਹੋਏ ਰਾਹੁਲ ਗਾਂਧੀ ਨੇ ਭਾਜਪਾ ਅਤੇ ਮੋਦੀ ਸਰਕਾਰ ‘ਤੇ ਜ਼ੋਰਦਾਰ ਹਮਲਾ ਬੋਲਿਆ। ਉਨ੍ਹਾਂ ਨੇ ਕਿਹਾ ਕਿ ਭਾਜਪਾ ਮੇਰੇ ਭਾਸ਼ਣ ਨੂੰ ਲੈ ਕੇ ਮੁਆਫ਼ੀ ਮੰਗਣ ਨੂੰ ਕਹਿ ਰਹੀ ਹੈ ਪਰ ਮੈਂ ਮੁਆਫ਼ੀ ਨਹੀਂ ਮੰਗਾਂਗਾ। ਸਾਵਰਕਰ ਦਾ ਜ਼ਿਕਰ ਕਰਦੇ ਹੋਏ ਉਨ੍ਹਾਂ ਨੇ ਕਿਹਾ,”ਮੈਂ ਮਰ ਜਾਵਾਂਗਾ ਪਰ ਮੁਆਫ਼ੀ ਨਹੀਂ ਮੰਗਾਂਗਾ। ਮੇਰਾ ਨਾਂ ਰਾਹੁਲ ਸਾਵਰਕਰ ਨਹੀਂ ਹੈ ਸਗੋਂ ਰਾਹੁਲ ਗਾਂਧੀ ਹੈ।” ਦੱਸਣਯੋਗ ਹੈ ਕਿ ਰੇਪ ਨੂੰ ਲੈ ਕੇ ਰਾਹੁਲ ਗਾਂਧੀ ਦੇ ਦਿੱਤੇ ਬਿਆਨ ਵਿਰੁੱਧ ਭਾਜਪਾ ਮਹਿਲਾ ਸੰਸਦ ਮੈਂਬਰਾਂ ਨੇ ਸ਼ੁੱਕਰਵਾਰ ਨੂੰ ਸੰਸਦ ‘ਚ ਕਾਫ਼ੀ ਹੰਗਾਮਾ ਕੀਤਾ ਸੀ। ਇਸ ਤੋਂ ਬਾਅਦ ਭਾਜਪਾ ਨੇ ਚੋਣ ਕਮਿਸ਼ਨ ਨੂੰ ਵੀ ਸ਼ਿਕਾਇਤ ਕੀਤੀ। ਰਾਹੁਲ ਨੇ ਅੱਜ ਇਸੇ ‘ਤੇ ਜਵਾਬ ਦਿੱਤਾ ਹੈ।
ਮੋਦੀ ਤੇ ਸ਼ਾਹ ਨੇ ਅਰਥ ਵਿਵਸਥਾ ਨੂੰ ਤਬਾਹ ਕੀਤਾ
ਰਾਹੁਲ ਨੇ ਕਿਹਾ ਕਿ ਮੁਆਫ਼ੀ ਤਾਂ ਨਰਿੰਦਰ ਮੋਦੀ ਅਤੇ ਅਮਿਤ ਸ਼ਾਹ ਨੂੰ ਮੰਗਣੀ ਚਾਹੀਦੀ ਹੈ, ਜਿਨ੍ਹਾਂ ਅਰਥ ਵਿਵਸਥਾ ਨੂੰ ਤਬਾਹ ਕਰ ਦਿੱਤਾ। ਰਾਹੁਲ ਨੇ ਕਿਹਾ ਕਿ ਦੇਸ਼ ‘ਚ ਅਰਥ ਵਿਵਸਥਾ ਸੀ, ਹੁਣ ਖਤਮ ਹੋ ਚੁਕੀ ਹੈ। ਉਨ੍ਹਾਂ ਨੇ ਕਿਹਾ,”ਇਨ੍ਹਾਂ ਨੇ ਝੂਠ ਕਿਹਾ ਕਿ ਅਸੀਂ ਸਵਿਸ ਬੈਂਕ ਤੋਂ ਪੈਸੇ ਲਿਆਉਣੇ ਹਨ ਅਤੇ ਬਲੈਕ ਮਨੀ ਨਾਲ ਲੜਨਾ ਹੈ ਪਰ ਇਨ੍ਹਾਂ ਨੇ ਗਰੀਬਾਂ ਦੀ ਜੇਲ ‘ਚੋਂ ਪੈਸੇ ਕੱਢ ਕੇ ਅਡਾਨੀ-ਅੰਬਾਨੀ ਦੇ ਹਵਾਲੇ ਕੀਤੇ।”
45 ਸਾਲਾਂ ਤੋਂ ਵਧ ਬੇਰੋਜ਼ਗਾਰੀ ਅੱਜ ਦੇ ਦੌਰ ‘ਚ
ਰਾਹੁਲ ਨੇ ਜੀ.ਐੱਸ.ਟੀ. ਨੂੰ ਲੈ ਕੇ ਕਿਹਾ ਕਿ ਜੋ ਬਚਿਆ ਸੀ ਮੋਦੀ ਸਰਕਾਰ ਨੇ ਗੱਬਰ ਸਿੰਘ ਟੈਕਸ ਰਾਹੀਂ ਅਰਥ ਵਿਵਸਥਾ ਨੂੰ ਖਤਮ ਕਰ ਦਿੱਤਾ। ਮੋਦੀ ਜੀ ਨੇ ਰਾਤ ਨੂੰ 12 ਵਜੇ ਗੱਬਰ ਸਿੰਘ ਟੈਸਟ ਲਾਗੂ ਕਰ ਦਿੱਤਾ ਅਤੇ 45 ਸਾਲਾਂ ‘ਚ ਸਭ ਤੋਂ ਵਧ ਬੇਰੋਜ਼ਗਾਰੀ ਅੱਜ ਦੇ ਦੌਰ ‘ਚ ਹੈ। ਜੀ.ਡੀ.ਪੀ. ਗਰੋਥ 9 ਫੀਸਦੀ ਤੋਂ ਘੱਟ ਕੇ 4 ‘ਤੇ ਪਹੁੰਚ ਗਈ। ਇੱਥੇ ਤੱਕ ਕਿ ਜੀ.ਡੀ.ਪੀ. ਨਾਪਣ ਦਾ ਵੀ ਤਰੀਕਾ ਬਦਲ ਦਿੱਤਾ। ਸਾਡੇ ਤਰੀਕੇ ਨਾਲ ਨਾਪੋਗੇ ਤਾਂ ਹੁਣ 2.5 ਫੀਸਦੀ ਜੀ.ਡੀ.ਪੀ. ਹੈ।
ਪੂਰਾ ਪੈਸਾ 2 ਤੋਂ 3 ਉਦਯੋਗਪਤੀਆਂ ਨੂੰ ਹੀ ਫੜਾ ਦਿੱਤਾ
ਰਾਹੁਲ ਨੇ ਕਿਹਾ ਕਿ ਸਾਡੇ ਦੇਸ਼ ਦੇ ਦੁਸ਼ਮਣ ਅਰਥ ਵਿਵਸਥਾ ਨੂੰ ਬਰਬਾਦ ਕਰਨਾ ਚਾਹੁੰਦੇ ਸਨ। ਇਹ ਕੰਮ ਦੁਸ਼ਮਣਾਂ ਨੇ ਨਹੀਂ ਸਗੋਂ ਪ੍ਰਧਾਨ ਮੰਤਰੀ ਨੇ ਕੀਤਾ। ਪੂਰਾ ਪੈਸਾ 2 ਤੋਂ 3 ਉਦਯੋਗਪਤੀਆਂ ਨੂੰ ਹੀ ਫੜਾ ਦਿੱਤਾ। ਮੈਂ ਇਸ ਗੱਲ ਨੂੰ ਮੰਨਦਾ ਹਾਂ ਕਿ ਕਿਸਾਨ ਦੇਸ਼ ਨੂੰ ਬਣਾਉਂਦਾ ਹੈ ਤਾਂ ਈਮਾਨਦਾਰ ਉਦਯੋਗਪਤੀ ਵੀ ਦੇਸ਼ ਨੂੰ ਬਣਾਉਂਦਾ ਹੈ ਪਰ ਪਿਛਲੇ 5 ਸਾਲਾਂ ‘ਚ ਨਰਿੰਦਰ ਮੋਦੀ ਨੇ ਅਡਾਨੀ ਨੂੰ 50 ਕਾਨਟ੍ਰੈਕਟ ਦਿੱਤੇ ਹਨ। ਇਕ ਲੱਖ ਕਰੋੜ ਤੋਂ ਵਧ ਦੇ ਏਅਰਪੋਰਟ ਅਤੇ ਪੋਰਟ ਫੜਾ ਦਿੱਤੇ। ਰਾਹੁਲ ਨੇ ਕਿਹਾ ਕਿ ਇਸ ਨੂੰ ਤੁਸੀਂ ਚੋਰੀ ਜਾਂ ਭ੍ਰਿਸ਼ਟਾਚਾਰ ਨਹੀਂ ਕਹੋਗੇ ਤਾਂ ਕੀ ਕਹੋਗੇ। ਕੁਝ ਦਿਨ ਪਹਿਲਾਂ ਇਕ ਲੱਖ 40 ਹਜ਼ਾਰ ਕਰੋੜ ਦਾ ਕਰਜ਼ ਮੁਆਫ਼ ਕੀਤਾ ਹੈ। ਜਦੋਂ ਤੱਕ ਗਰੀਬ, ਮਜ਼ਦੂਰ ਅਤੇ ਨੌਜਵਾਨਾਂ ਦੀ ਜੇਬ ‘ਚ ਪੈਸਾ ਨਹੀਂ ਹੋਵੇਗਾ, ਉਦੋਂ ਤੱਕ ਦੇਸ਼ ਦੀ ਅਰਥ ਵਿਵਸਥਾ ਅੱਗੇ ਨਹੀਂ ਜਾ ਸਕਦੀ।
ਮੋਦੀ ਸੱਤਾ ਲਈ ਕੁਝ ਵੀ ਕਰਨਗੇ
ਆਸਾਮ ਅਤੇ ਪੂਰੇ ਪੂਰਬ-ਉੱਤਰ ‘ਚ ਇਨ੍ਹਾਂ ਲੋਕਾਂ ਨੇ ਅੱਗ ਲਗਾ ਦਿੱਤੀ ਹੈ। ਦੇਸ਼ ਨੂੰ ਕਮਜ਼ੋਰ ਕੀਤਾ ਜਾ ਰਿਹਾ ਹੈ, ਅਰਥ ਵਿਵਸਥਾ ਨੂੰ ਨਸ਼ਟ ਕੀਤਾ ਜਾ ਰਿਹਾ ਹੈ। ਨਰਿੰਦਰ ਮੋਦੀ ਸਿਰਫ਼ ਇਕ ਚੀਜ਼ ਬਾਰੇ ਸੋਚਦੇ ਹਨ ਕਿ ਉਨ੍ਹਾਂ ਦੇ ਹੱਥ ‘ਚ ਸੱਤਾ ਹੈ ਜਾਂ ਨਹੀਂ। ਉਹ ਸੱਤਾ ਲਈ ਕੁਝ ਵੀ ਕਰ ਦੇਣਗੇ। ਅਰਥ ਵਿਵਸਥਾ ਨੂੰ ਨਸ਼ਟ ਕਰ ਦੇਣਗੇ, ਨੌਜਵਾਨਾਂ ਨੂੰ ਬੇਰੋਜ਼ਗਾਰ ਕਰ ਦੇਣਗੇ, ਸਿਰਫ਼ ਮਾਰਕੀਟਿੰਗ ਹੋਣੀ ਚਾਹੀਦੀ ਅਤੇ ਟੀ.ਵੀ. ‘ਤੇ ਆਉਣੇ ਚਾਹੀਦੇ।
ਮੀਡੀਆ ਨੂੰ ਡਰਨ ਦੀ ਲੋੜ ਨਹੀਂ, ਕਾਂਗਰਸ ਤੁਹਾਡੇ ਨਾਲ ਖੜ੍ਹੀ ਹੈ
ਰਾਹੁਲ ਨੇ ਕਿਹਾ ਕਿ ਮੀਡੀਆ ਨੇ ਸਾਡੀ ਸਰਕਾਰ ਦੇ ਦੌਰ ‘ਚ ਆਪਣਾ ਕੰਮ ਕੀਤਾ ਪਰ ਇਸ ਦੌਰ ‘ਚ ਉਹ ਆਪਣਾ ਕੰਮ ਭੁੱਲ ਗਿਆ ਹੈ। ਉਨ੍ਹਾਂ ਨੇ ਕਿਹਾ ਕਿ ਜਦੋਂ ਤੁਹਾਡੇ ‘ਤੇ ਹਮਲਾ ਹੁੰਦਾ ਹੈ ਤਾਂ ਹਿੰਦੁਸਤਾਨ ਦੀ ਆਤਮਾ ‘ਤੇ ਹਮਲਾ ਹੁੰਦਾ ਹੈ। ਮੈਂ ਤੁਹਾਨੂੰ ਕਹਾਂਗਾ ਕਿ ਦੇਸ਼ ਨੂੰ ਡਰਾਇਆ ਜਾ ਰਿਹਾ ਹੈ ਅਤੇ ਕਾਂਗਰਸ ਵਾਲਾ ਤਾਂ ਕਦੇ ਡਰਦਾ ਨਹੀਂ ਹੈ। ਮੈਂ ਉਨ੍ਹਾਂ ਲੋਕਾਂ ਨੂੰ ਕਹਿ ਰਿਹਾ ਹਾਂ, ਜੋ ਸਰਕਾਰੀ ਦਫ਼ਤਰਾਂ ਅਤੇ ਮੀਡੀਆ ‘ਚ ਬੈਠੇ ਹਨ। ਤੁਸੀਂ ਡਰੋ ਨਾ, ਕਾਂਗਰਸ ਤੁਹਾਡੇ ਨਾਲ ਖੜ੍ਹੀ ਹੈ।