ਲੁਧਿਆਣਾ : ਲੁਧਿਆਣਾ ਦੀ ਜਾਮਾ ਮਸਜਿਦ ‘ਚ ਸ਼ਨੀਵਾਰ ਨੂੰ ਕੇਂਦਰ ਸਰਕਾਰ ਵੱਲੋਂ ਬੀਤੇ ਦਿਨੀਂ ਪਾਸ ਕੀਤੇ ਗਏ ‘ਨਾਗਰਿਕਤਾ ਸੋਧ ਬਿੱਲ’ ਦੇ ਵਿਰੋਧ ‘ਚ ਰੋਸ ਮੁਜ਼ਾਹਰੇ ਕੀਤੇ ਗਏ, ਜਿਸ ‘ਚ ਪੰਜਾਬ ਭਰ ਤੋਂ ਆਏ ਮੁਸਲਮਾਨਾਂ ਨੇ ਵੱਡੀ ਗਿਣਤੀ ‘ਚ ਹਿੱਸਾ ਲਿਆ। ਇਸ ਦੌਰਾਨ ਕੇਂਦਰ ਸਰਕਾਰ ਦੇ ਖਿਲਾਫ ਜੰਮ ਕੇ ਨਾਅਰੇਬਾਜ਼ੀ ਕੀਤੀ ਗਈ ਅਤੇ ਹਜ਼ਾਰਾਂ ਦੀ ਤਦਾਦ ‘ਚ ਮੁਸਲਿਮ ਭਾਈਚਾਰੇ ਵੱਲੋਂ ਇਸ ਬਿੱਲ ਦਾ ਵਿਰੋਧ ਕੀਤਾ ਗਿਆ।
ਇਸ ਦੌਰਾਨ ਮੁਸਲਿਮ ਭਾਈਚਾਰੇ ਵੱਲੋਂ ਲੁਧਿਆਣਾ ਜਾਮਾ ਮਸਜਿਦ ਤੋਂ ਲੈ ਕੇ ਡੀ. ਸੀ. ਦਫ਼ਤਰ ਤੱਕ ਇਕ ਰੋਸ ਮਾਰਚ ਵੀ ਕੱਢਿਆ ਗਿਆ, ਜਿਸ ‘ਚ ਸੈਂਕੜਿਆਂ ਦੀ ਤਦਾਦ ‘ਚ ਮੁਸਲਿਮ ਭਾਈਚਾਰੇ ਨੇ ਹਿੱਸਾ ਲਿਆ। ਬਿੱਲ ਦਾ ਵਿਰੋਧ ਕਰਦਿਆਂ ਲੁਧਿਆਣਾ ਜਾਮਾ ਮਸਜਿਦ ਦੇ ਨਾਇਬ ਸ਼ਾਹੀ ਇਮਾਮ ਉਸਮਾਨ ਉਰ ਰਹਿਮਾਨ ਨੇ ਕਿਹਾ ਕਿ ਕੇਂਦਰ ਸਰਕਾਰ ਵੱਲੋਂ ਜੋ ਗੈਰ ਸੰਵਿਧਾਨਿਕ ਇਹ ਬਿੱਲ ਪਾਸ ਕੀਤਾ ਗਿਆ ਹੈ, ਉਸ ਦੀ ਜਾਮਾ ਮਸਜਿਦ ਲੁਧਿਆਣਾ ਅਤੇ ਪੰਜਾਬ ਭਰ ਦੇ ਮੁਸਲਮਾਨਾਂ ਵੱਲੋਂ ਖ਼ਿਲਾਫ਼ਤ ਕੀਤੀ ਜਾ ਰਹੀ ਹੈ ਕਿਉਂਕਿ ਇਹ ਬਿੱਲ ਆਪਸੀ ਭਾਈਚਾਰੇ ਨੂੰ ਵੰਡਣ ਲਈ ਅਤੇ ਭਾਰਤ ‘ਚ ਫਿਰਕੂਵਾਦ ਪੈਦਾ ਕਰਨ ਲਈ ਬਣਾਇਆ ਗਿਆ ਹੈ।