ਨਵੀਂ ਦਿੱਲੀ — ਦਿੱਲੀ ਮਹਿਲਾ ਕਮਿਸ਼ਨ (ਡੀ. ਸੀ. ਡਬਲਿਊ) ਮੁਖੀ ਸਵਾਤੀ ਮਾਲੀਵਾਲ ਨੇ ਸ਼ਨੀਵਾਰ ਭਾਵ ਅੱਜ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਚਿੱਠੀ ਲਿਖੀ ਹੈ। ਉਨ੍ਹਾਂ ਚਿੱਠੀ ਵਿਚ ਮੰਗ ਕੀਤੀ ਹੈ ਕਿ ‘ਦਿਸ਼ਾ ਬਿੱਲ’ ਤੁਰੰਤ ਲਾਗੂ ਕੀਤਾ ਜਾਵੇ, ਜਿਸ ‘ਚ ਔਰਤਾਂ ਵਿਰੁੱਧ ਅੱਤਿਆਚਾਰ ਦੇ ਮਾਮਲਿਆਂ ਨੂੰ 21 ਦਿਨਾਂ ਦੇ ਅੰਦਰ ਨਿਪਟਾਉਣ ਅਤੇ ਮੌਤ ਦੀ ਸਜ਼ਾ ਦਾ ਪ੍ਰਸਤਾਵ ਹੈ। ਦਿੱਲੀ ਮਹਿਲਾ ਕਮਿਸ਼ਨ ਮੁਖੀ ਨੇ ਔਰਤਾਂ ਦੀ ਸੁਰੱਖਿਆ ਦੇ ਮੁੱਦੇ ‘ਤੇ ਕੇਂਦਰ ਸਰਕਾਰ ਦੇ ਹੁਣ ਤਕ ਦੇ ਉਦਾਸੀਨ ਰਵੱਈਏ ‘ਤੇ ਦੁੱਖ ਜਤਾਇਆ। ਸਵਾਤੀ ਨੇ ਕਿਹਾ ਕਿ ਉਸ ਦੀ ਭੁੱਖ ਹੜਤਾਲ ਜਾਰੀ ਰਹੇਗੀ।
ਦੱਸਣਯੋਗ ਹੈ ਕਿ ਸਵਾਤੀ ਬਲਾਤਕਾਰੀਆਂ ਨੂੰ ਫਾਂਸੀ ਦੀ ਸਜ਼ਾ ਦੀ ਮੰਗ ਨੂੰ ਲੈ ਕੇ ਪਿਛਲੇ 12 ਦਿਨਾਂ ਤੋਂ ਭੁੱਖ ਹੜਤਾਲ ‘ਤੇ ਬੈਠੀ ਹੈ। ਉਨ੍ਹਾਂ ਨੇ ਕਿਹਾ ਕਿ ਦਿਸ਼ਾ ਬਿੱਲ ਪੂਰੇ ਦੇਸ਼ ਵਿਚ ਲਾਗੂ ਹੋਣ ਤਕ ਉਹ ਆਪਣੀ ਭੁੱਖ ਹੜਤਾਲ ਖਤਮ ਨਹੀਂ ਕਰੇਗੀ। ਸ਼ੁੱਕਰਵਾਰ ਭਾਵ ਕੱਲ ਆਂਧਰਾ ਪ੍ਰਦੇਸ਼ ਵਿਧਾਨ ਸਭਾ ਨੇ ਬਿੱਲ ਨੂੰ ਪਾਸ ਕਰ ਦਿੱਤਾ। ਪ੍ਰਸਤਾਵਿਤ ਨਵੇਂ ਕਾਨੂੰਨ ਨੂੰ ਉਸ ਮਹਿਲਾ ਡਾਕਟਰ ਨੂੰ ਸ਼ਰਧਾਂਜਲੀ ਦੇ ਤੌਰ ‘ਤੇ ‘ਆਂਧਰਾ ਪ੍ਰਦੇਸ਼ ਦਿਸ਼ਾ ਕ੍ਰਿਮੀਨਲ ਲਾਅ ਐਕਟ 2019’ ਦਾ ਨਾਮ ਦਿੱਤਾ ਗਿਆ ਹੈ, ਜਿਸ ਦੀ ਹਾਲ ਹੀ ‘ਚ ਤੇਲੰਗਾਨਾ ‘ਚ ਬਲਾਤਕਾਰ ਮਗਰੋਂ ਅੱਗ ਦੇ ਹਵਾਲੇ ਕਰ ਦਿੱਤਾ ਗਿਆ ਸੀ।
ਸਵਾਤੀ ਨੇ 21ਵੇਂ ਦਿਨ ਰੇਪਿਸਟ ਨੂੰ ਫਾਂਸੀ ਦਾ ਕਾਨੂੰਨ ਬਣਾਉਣ ਲਈ ਆਂਧਰਾ ਪ੍ਰਦੇਸ਼ ਸਰਕਾਰ ਨੂੰ ਬਹੁਤ ਵਧਾਈ। ਕੇਂਦਰ ਸਰਕਾਰ ਨੂੰ ਲੋੜ ਹੈ ਕਿ ਤੁਰੰਤ ਅਜਿਹੀ ਹੀ ਸੋਧ ਪੂਰੇ ਦੇਸ਼ ‘ਚ ਲਾਗੂ ਕੀਤੀ ਜਾਵੇ। ਜਦੋਂ ਤਕ ਇਸ ਦੇਸ਼ ‘ਚ ਸਖਤ ਸਿਸਟਮ ਨਹੀਂ ਬਣਾਏ ਜਾਂਦੇ, ਬਲਾਤਕਾਰੀਆਂ ਨੂੰ ਕਦੇ ਖੌਫ ਨਹੀਂ ਹੋਵੇਗਾ।