ਨਵੀਂ ਦਿੱਲੀ—ਵੀਰ ਸਾਵਰਕਰ ਨੂੰ ਲੈ ਕੇ ਦਿੱਤੇ ਗਏ ਕਾਂਗਰਸ ਨੇਤਾ ਰਾਹੁਲ ਗਾਂਧੀ ਦੇ ਬਿਆਨ ਤੋਂ ਬਾਅਦ ਮਹਾਰਾਸ਼ਟਰ ਦੀ ਸਿਆਸਤ ਗਰਮਾ ਗਈ ਹੈ। ਵੀਰ ਸਾਵਰਕਰ ਦਾ ਪੋਤਾ ਰੰਜੀਤ ਸਾਵਰਕਰ ਨੇ ਅੱਜ ਭਾਵ ਐਤਵਾਰ ਨੂੰ ਰਾਹੁਲ ਗਾਂਧੀ ਖਿਲਾਫ ਮਾਨਹਾਨੀ ਦਾ ਕੇਸ ਕਰਨ ਦੀ ਗੱਲ ਵੀ ਕੀਤੀ। ਉਨ੍ਹਾਂ ਨੇ ਇਹ ਵੀ ਕਿਹਾ ਹੈ ਕਿ ਉਹ ਇਸ ਮੁੱਦੇ ‘ਤੇ ਮਹਾਰਾਸ਼ਟਰ ਦੇ ਮੁੱਖ ਮੰਤਰੀ ਊਧਵ ਠਾਕੁਰੇ ਨਾਲ ਮੁਲਾਕਾਤ ਕਰਨਗੇ।
ਇਸ ਤੋਂ ਪਹਿਲਾਂ ਰੰਜੀਤ ਸਾਵਰਕਰ ਨੇ ਆਪਣੇ ਦਾਦੇ ਦਾ ਅਨਾਦਰ ਕਰਨ ਦਾ ਦੋਸ਼ ਲਗਾਉਂਦੇ ਹੋਏ ਸ਼ਿਵਸੈਨਾ ਮੁਖੀ ਊਧਵ ਠਾਕੁਰੇ ਤੋਂ ਉਨ੍ਹਾਂ ਖਿਲਾਫ ਕਾਰਵਾਈ ਕਰਨ ਦੀ ਮੰਗ ਕੀਤੀ ਸੀ। ਉਨ੍ਹਾਂ ਨੇ ਕਿਹਾ ਸੀ ਕਿ ਇਹ ਚੰਗਾ ਹੈ ਕਿ ਰਾਹੁਲ ਗਾਂਧੀ ਰਾਹੁਲ ਸਾਵਰਕਰ ਨਹੀਂ ਹੈ, ਨਹੀਂ ਤਾਂ ਸਾਨੂੰ ਸਾਰਿਆਂ ਨੂੰ ਆਪਣਾ ਮੂੰਹ ਲੁਕਾਉਣਾ ਪੈਂਦਾ। ਹੁਣ ਅਸੀਂ ਉਮੀਦ ਕਰਦੇ ਹਾਂ ਕਿ ਸ਼ਿਵਸੈਨਾ ਮੁਖੀ ਊਧਵ ਠਾਕੁਰੇ ਆਪਣਾ ਵਾਅਦਾ ਨਿਭਾਉਣਗੇ। ਉਨ੍ਹਾਂ ਨੇ ਯਾਦ ਦਿਵਾਇਆ ਹੈ ਕਿ ਊਧਵ ਕਈ ਵਾਰ ਕਹਿ ਚੁੱਕੇ ਹਨ ਜੇਕਰ ਕਿਸੇ ਨੇ ਵੀ ਸਾਵਰਕਰ ਦਾ ਅਪਮਾਣ ਕੀਤਾ ਤਾਂ ਉਨ੍ਹਾਂ ‘ਤੇ ਜਨਤਕ ਰੂਪ ‘ਚ ਕਾਰਵਾਈ ਕੀਤੀ ਜਾਵੇਗੀ।
ਦੱਸਣਯੋਗ ਹੈ ਕਿ ਦਿੱਲੀ ‘ਚ ਆਯੋਜਿਤ ਕਾਂਗਰਸ ਦੀ ‘ਭਾਰਤ ਬਚਾਓ’ ਰੈਲੀ ‘ਚ ਕਾਂਗਰਸ ਨੇਤਾ ਨੇ ਕਿਹਾ ਸੀ ਕਿ ਉਨ੍ਹਾਂ ਦਾ ਨਾਂ ਰਾਹੁਲ ਗਾਂਧੀ ਹੈ, ‘ਰਾਹੁਲ ਸਾਵਰਕਰ’ ਨਹੀਂ। ਅਤੇ ਉਹ ਇਹ ਸੱਚ ਬੋਲਣ ਦੇ ਲਈ ਮਾਫੀ ਨਹੀਂ ਮੰਗਣਗੇ। ਭਾਜਪਾ ਨੇ ਗਾਂਧੀ ਤੋਂ ਉਨ੍ਹਾਂ ਦੇ ‘ਰੇਪ ਇਨ ਇੰਡੀਆ’ ਬਿਆਨ ਦੇ ਲਈ ਮਾਫੀ ਮੰਗਣ ਦੀ ਮੰਗ ਕੀਤੀ ਸੀ।