ਨਵੀਂ ਦਿੱਲੀ— ਉਨਾਵ ਰੇਪ ਕੇਸ ਮਾਮਲੇ ‘ਚ ਦੋਸ਼ੀ ਕੁਲਦੀਪ ਸੇਂਗਰ ਦੀ ਸਜ਼ਾ ‘ਤੇ ਫੈਸਲੇ ਨੂੰ ਅੱਜ ਭਾਵ ਮੰਗਲਵਾਰ ਨੂੰ ਟਾਲ ਦਿੱਤਾ ਗਿਆ। ਸੀ. ਬੀ. ਆਈ. ਕੋਰਟ ਨੇ ਸੇਂਗਰ ਦੀ ਸਜ਼ਾ ‘ਤੇ ਫੈਸਲਾ ਮੁਲਤਵੀ ਕਰ ਦਿੱਤਾ ਹੈ। ਕੋਰਟ ਨੇ ਕਿਹਾ ਕਿ ਸਜ਼ਾ ‘ਤੇ 20 ਦਸੰਬਰ ਨੂੰ ਮੁੜ ਬਹਿਸ ਹੋਵੇਗੀ। ਸੀ. ਬੀ. ਆਈ. ਕੋਰਟ ਨੇ ਕਿਹਾ ਕਿ ਸੇਂਗਰ ਨੂੰ ਆਮਦਨ ਅਤੇ ਜਾਇਦਾਦ ਦਾ ਪੂਰਾ ਬਿਓਰਾ ਦੇਣਾ ਹੋਵੇਗਾ।
ਦੱਸਣਯੋਗ ਹੈ ਕਿ ਸੇਂਗਰ ਨੂੰ ਕੱਲ ਭਾਵ ਸੋਮਵਾਰ ਨੂੰ ਦਿੱਲੀ ਦੀ ਤੀਸ ਹਜ਼ਾਰੀ ਕੋਰਟ ਨੇ ਨਾਬਾਲਗ ਲੜਕੀ ਨੂੰ ਅਗਵਾ ਅਤੇ ਰੇਪ ਦੇ ਮਾਮਲੇ ‘ਚ ਦੋਸ਼ੀ ਕਰਾਰ ਦਿੱਤਾ। ਸੇਂਗਰ ਦੇ ਵਕੀਲ ਨੇ ਸੇਂਗਰ ਦੇ ਸਮਾਜਿਕ ਜੀਵਨ ਦਾ ਹਵਾਲਾ ਦਿੰਦੇ ਹੋਏ ਘੱਟ ਤੋਂ ਘੱਟ ਸਜ਼ਾ ਦੀ ਮੰਗ ਰੱਖੀ ਹੈ। ਵਕੀਲ ਨੇ ਦਲੀਲ ਦਿੱਤੀ ਕਿ ਸੇਂਗਰ ਦੀਆਂ ਦੋ ਧੀਆਂ ਹਨ, ਜੋ ਕਿ ਵਿਆਹ ਦੇ ਲਾਇਕ ਹਨ, ਇਸ ਲਈ ਪੀੜਤਾ ਨੂੰ ਮੁਆਵਜ਼ਾ ਦਿੱਤਾ ਜਾਵੇ ਤਾਂ ਉਹ ਸੇਂਗਰ ਵਲੋਂ ਨਾ ਦਿੱਤਾ ਜਾਵੇ।
ਉਨਾਵ ਰੇਪ ਮਾਮਲਾ 2017 ਦਾ ਹੈ। ਸੇਂਗਰ ਭਾਜਪਾ ਵਿਧਾਇਕ ਰਹਿ ਚੁੱਕੇ ਹਨ ਅਤੇ ਇਸ ਮਾਮਲੇ ਦੇ ਸਾਹਮਣੇ ਆਉਣ ਤੋਂ ਬਾਅਦ 2019 ਨੂੰ ਉਨ੍ਹਾਂ ਨੂੰ ਪਾਰਟੀ ‘ਚੋਂ ਕੱਢ ਦਿੱਤਾ ਗਿਆ ਸੀ। ਸੇਂਗਰ ਨੂੰ ਆਈ. ਪੀ. ਸੀ. ਦੀ ਧਾਰਾ-376, ਸੈਕਸ਼ਨ 5 (ਸੀ) ਅਤੇ ਪੋਕਸੋ ਐਕਟ ਤਹਿਤ 16 ਦਸੰਬਰ ਨੂੰ ਦੋਸ਼ੀ ਕਰਾਰ ਦਿੱਤਾ ਗਿਆ।