ਮੁੰਬਈ— ਮਹਾਰਾਸ਼ਟਰ ਦੇ ਮੁੱਖ ਮੰਤਰੀ ਊਧਵ ਠਾਕਰੇ ਨੇ ਜਾਮੀਆ ਇਸਲਾਮੀਆ ਯੂਨੀਵਰਸਿਟੀ ‘ਚ ਪੁਲਸ ਦੀ ਕਾਰਵਾਈ ਦੀ ਤੁਲਨਾ ਜਲਿਆਂਵਾਲਾ ਬਾਗ ਨਾਲ ਕੀਤੀ ਹੈ। ਊਧਵ ਠਾਕਰੇ ਨੇ ਕਿਹਾ ਕਿ ਨੌਜਵਾਨਾਂ ‘ਚ ਬੰਬ ਵਰਗੀ ਤਾਕਤ ਹੁੰਦੀ ਹੈ, ਉਨ੍ਹਾਂ ਨੂੰ ਨਾ ਭੜਕਾਓ। ਇਸ ਤੋਂ ਪਹਿਲਾਂ ਊਧਵ ਨੇ ਮੰਗਲਵਾਰ ਨੂੰ ਮਹਾ ਅਘਾੜੀ ਦੇ ਵਿਧਾਇਕਾਂ ਨਾਲ ਬੈਠਕ ਕੀਤੀ। ਇਸ ਬੈਠਕ ਦੌਰਾਨ ਊਧਵ ਨੇ ਕਿਹਾ ਕਿ ਦੇਸ਼ ‘ਚ ਅਰਾਜਕਤਾ ਪੈਦਾ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਉਨ੍ਹਾਂ ਨੇ ਕਿਹਾ,”ਮੈਨੂੰ ਸਮਝ ਨਹੀਂ ਆਇਆ ਕਿ ਦਿੱਲੀ ਦੇ ਲੋਕ ਕੀ ਕਰਨਾ ਚਾਹੁੰਦੇ ਹਨ। ਇਸ ਦੇਸ਼ ਦੇ ਲੋਕਾਂ ‘ਚ ਤਣਾਅ ਅਤੇ ਡਰ ਦਾ ਮਾਹੌਲ ਪੈਦਾ ਕੀਤਾ ਜਾ ਰਿਹਾ ਹੈ।”
ਊਧਵ ਦੀ ਵਿਧਾਇਕਾਂ ਨੂੰ ਅਪੀਲ
ਊਧਵ ਨੇ ਵਿਧਾਇਕਾਂ ਨੂੰ ਅਪੀਲ ਕੀਤੀ ਹੈ ਕਿ ਤੁਹਾਡਾ (ਨੇਤਾਵਾਂ ਦਾ) ਚੋਣ ਖੇਤਰ ਤੁਹਾਡੀ ਜ਼ਿੰਮੇਵਾਰੀ ਹੈ। ਮਾਚਿਸ ਬਾਲਣ ਦੀ ਕੋਸ਼ਿਸ਼ ਹੁੰਦੀ ਹੈ। ਸਾਨੂੰ ਇਹ ਯਕੀਨੀ ਕਰਨ ਦੀ ਜ਼ਰੂਰਤ ਹੈ ਕਿ ਹਰੇਕ ਚੋਣ ਖੇਤਰ ‘ਚ ਚੀਜ਼ਾਂ ਗਲਤ ਨਾ ਹੋਣ। ਸੈਸ਼ਨ ਖਤਮ ਹੋਣ ਤੋਂ ਬਾਅਦ ਜਦੋਂ ਤੁਸੀਂ ਚੋਣ ਖੇਤਰਾਂ ‘ਚ ਆਓ ਤਾਂ ਤੁਹਾਨੂੰ ਇਹ ਯਕੀਨੀ ਕਰਨਾ ਚਾਹੀਦਾ ਹੈ ਕਿ ਤੁਹਾਡੇ ਖੇਤਰ ‘ਚ ਕੁਝ ਵੀ ਨਾ ਹੋਵੇ। ਇਸ ਦੌਰਾਨ ਇਕ ਵਿਧਾਇਕ ਨੇ ਰਾਸ਼ਟਰੀ ਸੋਇਮ ਸੇਵਕ ਸੰਘ (ਆਰ.ਐੱਸ.ਐੱਸ.) ਦੇ ਮੈਂਬਰਾਂ ਨੂੰ ਯੂਨੀਵਰਸਿਟੀਆਂ ਦੇ ਪ੍ਰਮੁੱਖ ਅਹੁਦਿਆਂ ਤੋਂ ਹਟਾਉਣ ਦੀ ਮੰਗ ਕੀਤੀ। ਸ਼ਿਵ ਸੈਨਾ ਨੇਤਾ ਸੰਜੇ ਰਾਊਤ ਤੋਂ ਵੀ ਨਾਗਰਿਕਤਾ ਕਾਨੂੰਨ ‘ਤੇ ਸਵਾਲ ਪੁੱਛਿਆ ਗਿਆ ਸੀ। ਇਸ ਦੇ ਜਵਾਬ ‘ਚ ਉਨ੍ਹਾਂ ਨੇ ਕਿਹਾ ਕਿ ਮੁੱਖ ਮੰਤਰੀ ਊਧਵ ਠਾਕਰੇ ਆਪਣੀ ਕੈਬਨਿਟ ਬੈਠਕ ‘ਚ ਇਸ ਕਾਨੂੰਨ ਦੇ ਸਮਰਥਨ ਜਾਂ ਵਿਰੋਧ ਬਾਰੇ ਫੈਸਲਾ ਲੈਣਗੇ।