ਜੈਪੁਰ— ਸਾਲ 2008 ‘ਚ ਜੈਪੁਰ ‘ਚ ਹੋਏ ਸੀਰੀਅਲ ਬੰਬ ਧਮਾਕੇ ਕੇਸ ‘ਚ ਕੋਰਟ ਨੇ ਚਾਰ ਦੋਸ਼ੀਆਂ ਨੂੰ ਦੋਸ਼ੀ ਕਰਾਰ ਦਿੱਤਾ ਹੈ, ਜਦਕਿ ਇਕ ਨੂੰ ਬਰੀ ਕਰ ਦਿੱਤਾ ਹੈ। 13 ਮਈ 2008 ਨੂੰ ਸ਼ਹਿਰ ਦੇ ਅੰਦਰ ਵੱਖ-ਵੱਖ ਥਾਂਵਾਂ ‘ਤੇ 8 ਲੜੀਵਾਰ ਧਮਾਕੇ ਹੋਏ ਸਨ, ਜਿਨ੍ਹਾਂ ‘ਚ 80 ਲੋਕਾਂ ਦੀ ਮੌਤ ਹੋ ਗਈ ਸੀ ਅਤੇ 176 ਜ਼ਖਮੀ ਹੋ ਗਏ ਸਨ। ਜੈਪੁਰ ਬਲਾਸਟ ਦੇ 2 ਹੋਰ ਦੋਸ਼ੀਆਂ ਨੂੰ ਨਵੀਂ ਦਿੱਲੀ ਦੇ ਬਟਲਾ ਹਾਊਸ ‘ਚ 2008 ‘ਚ ਹੋਏ ਐਨਕਾਊਂਟਰ ‘ਚ ਪੁਲਸ ਨੇ ਮਾਰ ਦਿੱਤਾ ਸੀ।
1,296 ਗਵਾਹਾਂ ਦੇ ਬਿਆਨ ਕੀਤੇ ਗਏ ਸਨ ਦਰਜ
ਅਕਸ਼ੈ ਕੁਮਾਰ ਸ਼ਰਮਾ ਦੇ ਕੋਰਟ ਨੇ ਦੋਸ਼ੀਆਂ ਮੁਹੰਮਦ ਸੈਫ, ਮੁਹੰਮਦ ਸਰਵਰ ਆਜ਼ਮ, ਸੈਫੁਰਰਹਿਮਾਨ ਅਤੇ ਮੁਹੰਮਦ ਸਲਮਾਨ ਨੂੰ ਦੋਸ਼ੀ ਕਰਾਰ ਦਿੱਤਾ ਹੈ, ਜਦਕਿ ਸ਼ਾਹਬਾਜ ਹੁਸੈਨ ਨੂੰ ਬਰੀ ਕਰ ਦਿੱਤਾ ਗਿਆ ਹੈ। ਦੱਸਣਯੋਗ ਹੈ ਕਿ ਪਿਛਲੇ ਇਕ ਸਾਲ ‘ਚ ਕੇਸ ਦੀ ਸੁਣਵਾਈ ਤੇਜ਼ ਕਰ ਕੇ 1,296 ਗਵਾਹਾਂ ਦੇ ਬਿਆਨ ਦਰਜ ਕੀਤੇ ਗਏ ਅਤੇ ਇਸਤਗਾਸਾ ਪੱਖ ਅਤੇ ਬਚਾਅ ਪੱਖ ਨੇ ਸਵਾਲ-ਜਵਾਬ ਵੀ ਕੀਤੇ।
5 ਦੋਸ਼ੀਆਂ ਨੂੰ ਕੀਤਾ ਗਿਆ ਸੀ ਗ੍ਰਿਫਤਾਰ
ਮਾਮਲੇ ‘ਚ ਜੈਪੁਰ ਪੁਲਸ ਨੇ 5 ਦੋਸ਼ੀਆਂ ਨੂੰ ਗ੍ਰਿਫਤਾਰ ਕੀਤਾ ਸੀ, ਜਦਕਿ ਤਿੰਨ ਦੋਸ਼ੀ ਦਿੱਲੀ ਦੇ ਤਿਹਾੜ ਜੇਲ ‘ਚ ਬੰਦ ਹਨ ਅਤੇ ਉਨ੍ਹਾਂ ਵਿਰੁੱਧ ਏ.ਟੀ.ਐੱਸ. ਜਾਂਚ ਨਹੀਂ ਕਰ ਸਕੀ ਹੈ। ਇਹ ਤਿੰਨੋਂ ਦੇਸ਼ ਦੇ ਦੂਜੇ ਹਿੱਸਿਆਂ ‘ਚ ਬਲਾਸਟ ਦੇ ਦੋਸ਼ੀ ਵੀ ਹਨ।