ਨਵੀਂ ਦਿੱਲੀ— ਰਾਜਧਾਨੀ ਦਿੱਲੀ ‘ਚ ਨਾਗਰਿਕਤਾ ਸੋਧ ਕਾਨੂੰਨ ਵਿਰੁੱਧ ਵਿਰੋਧ ਪ੍ਰਦਰਸ਼ਨ ‘ਚ ਜੋ ਹਿੰਸਾ ਹੋਈ, ਉਸ ‘ਤੇ ਹੁਣ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੀ ਪ੍ਰਤੀਕਿਰਿਆ ਆਈ ਹੈ। ਵਿਰੋਧੀ ਧਿਰ ‘ਤੇ ਨਿਸ਼ਾਨਾ ਸਾਧਦੇ ਹੋਏ ਕੇਜਰੀਵਾਲ ਨੇ ਕਿਹਾ ਕਿ ਦਿੱਲੀ ਚੋਣਾਂ ‘ਚ ਆਮ ਆਦਮੀ ਪਾਰਟੀ ਨੂੰ ਬਹੁਮਤ ਮਿਲਣ ਜਾ ਰਿਹਾ ਹੈ, ਇਸ ਲਈ ਵਿਰੋਧੀ ਧਿਰ ਵਲੋਂ ਹਿੰਸਾ ਭੜਕਾਈ ਜਾ ਰਹੀ ਹੈ। ਬੁੱਧਵਾਰ ਨੂੰ ਕੇਜਰੀਵਾਲ ਨੇ ਕਿਹਾ ਕਿ ਦਿੱਲੀ ‘ਚ ਸ਼ਾਂਤੀ ਨਾਲ ਪ੍ਰਦਰਸ਼ਨ ਕੀਤਾ ਜਾ ਸਕਦਾ ਹੈ ਪਰ ਇਸ ‘ਚ ਹਿੰਸਾ ਨਹੀਂ ਹੋਣੀ ਚਾਹੀਦੀ। ਜਦੋਂ ਸਾਬਤ ਹੋ ਚੁਕਿਆ ਹੈ ਕਿ ‘ਆਪ’ ਦਿੱਲੀ ‘ਚ ਭਾਰੀ ਬਹੁਮਤ ਨਾਲ ਜਿੱਤਣ ਵਾਲੀ ਹੈ, ਇਸ ਲਈ ਵਿਰੋਧੀ ਧਿਰ ਜਾਣ ਬੁੱਝ ਕੇ ਹਿੰਸਾ ਫੈਲਾ ਰਿਹਾ ਹੈ।
ਵਿਰੋਧੀ ਧਿਰ ਨੇ ਭੜਕਾਇਆ ਦੰਗਾ
ਕੇਜਰੀਵਾਲ ਨੇ ਕਿਹਾ,”ਇਸ ਨਾਲ ਵਿਰੋਧੀ ਧਿਰ ਨੂੰ ਚੋਣਾਂ ‘ਚ ਫਾਇਦੇ ਦੀ ਉਮੀਦ ਹੈ, ਪਹਿਲਾਂ ਵੀ ਚੋਣਾਂ ‘ਚ ਵਿਰੋਧੀ ਧਿਰ ਨੇ ਦੰਗਾ ਭੜਕਾਇਆ ਸੀ।” ਉਨ੍ਹਾਂ ਨੇ ਕਿਹਾ ਕਿ ਇਸ ਹਿੰਸਾ ‘ਚ ਆਮ ਆਦਮੀ ਪਾਰਟੀ ਦਾ ਨਾਂ ਲਿਆਉਣ ਦੀ ਕੋਸ਼ਿਸ਼ ਕੀਤੀ ਗਈ ਸੀ ਪਰ ‘ਆਪ’ ਅਜਿਹਾ ਕਿਉਂ ਕਰੇਗੀ? ਸਾਡੀ ਪਾਰਟੀ ਨੂੰ ਕਿਸ ਤਰ੍ਹਾਂ ਦਾ ਫਾਇਦਾ ਹੋਵੇਗਾ?
ਚੋਣਾਂ ‘ਚ ਹਾਰਨ ਦੀ ਚਿੰਤਾ ਕਾਰਨ ਹਿੰਸਾ ਭੜਕਾ ਰਿਹੈ ਵਿਰੋਧੀ ਧਿਰ
ਕੇਜਰੀਵਾਲ ਨੇ ਕਿਹਾ ਕਿ ਸਾਨੂੰ ਸਾਰਿਆਂ ਨੂੰ ਸ਼ਾਂਤੀ ਵਰਤਣੀ ਚਾਹੀਦੀ ਹੈ, ਜਿਨ੍ਹਾਂ ਨੂੰ ਵੀ ਚੋਣਾਂ ‘ਚ ਹਾਰਨ ਦੀ ਚਿੰਤਾ ਹੈ, ਉਹੀ ਇਸ ਤਰ੍ਹਾਂ ਦੀ ਹਿੰਸਾ ਨੂੰ ਭੜਕਾ ਰਹੇ ਹਨ। ਦੱਸਣਯੋਗ ਹੈ ਕਿ ਭਾਜਪਾ ਵਲੋਂ ਦੋਸ਼ ਲਗਾਇਆ ਗਿਆ ਸੀ ਕਿ ਜਾਮੀਆ ਇਲਾਕੇ ‘ਚ ਜੋ ਹਿੰਸਾ ਹੋਈ ਸੀ, ਉਸ ਨੂੰ ‘ਆਪ’ ਵਿਧਾਇਕ ਅਮਾਨਤੁੱਲਾਹ ਖਾਨ ਨੇ ਭੜਕਾਇਆ ਹੈ। ਦਿੱਲੀ ਦੇ ਮੁੱਖ ਮੰਤਰੀ ਕੇਜਰੀਵਾਲ ਤੋਂ ਇਲਾਵਾ ਉੱਪ ਮੁੱਖ ਮੰਤਰੀ ਮਨੀਸ਼ ਸਿਸੌਦੀਆ ਨੇ ਵੀ ਹਿੰਸਾ ਲਈ ਭਾਜਪਾ ਨੂੰ ਜ਼ਿੰਮੇਵਾਰ ਠਹਿਰਾਇਆ।