ਨਵੀਂ ਦਿੱਲੀ— ਬੁੱਧਵਾਰ ਭਾਵ ਅੱਜ ਦਿੱਲੀ ਦੀ ਪਟਿਆਲਾ ਹਾਊਸ ਕੋਰਟ ਨੇ ਨਿਰਭਿਆ ਮਾਮਲੇ ਦੇ ਦੋਸ਼ੀਆਂ ਦੇ ਡੈਥ ਵਾਰੰਟ ‘ਤੇ ਸੁਣਵਾਈ 7 ਜਨਵਰੀ 2020 ਤਕ ਟਾਲ ਦਿੱਤੀ ਹੈ। ਕੋਰਟ ਨੇ ਤਿਹਾੜ ਜੇਲ ਪ੍ਰਸ਼ਾਸਨ ਤੋਂ ਚਾਰੋਂ ਦੋਸ਼ੀਆਂ ਨੂੰ ਨੋਟਿਸ ਜਾਰੀ ਕਰਨ ਨੂੰ ਕਿਹਾ ਹੈ, ਤਾਂ ਕਿ ਦੋਸ਼ੀ ਕਾਨੂੰਨੀ ਬਦਲਾਂ ਦਾ ਇਸਤੇਮਾਲ ਕਰ ਸਕਣ। ਇਸ ਨੂੰ ਦੇਖਦਿਆਂ ਹੁਣ ਇਨ੍ਹਾਂ ਦੀ ਫਾਂਸੀ ਦੀ ਸਜ਼ਾ 7 ਜਨਵਰੀ ਤਕ ਟਲ ਗਈ ਹੈ। ਦਰਅਸਲ ਨਿਰਭਿਆ ਦੇ ਮਾਤਾ-ਪਿਤਾ ਨੇ ਕੋਰਟ ਤੋਂ ਦੋਸ਼ੀਆਂ ਨੂੰ ਛੇਤੀ ਤੋਂ ਛੇਤੀ ਫਾਂਸੀ ਦੀ ਸਜ਼ਾ ਦੀ ਮੰਗ ਕਰਦੇ ਹੋਏ ਡੈਥ ਵਾਰੰਟ ਜਾਰੀ ਕਰਨ ਦੀ ਗੁਹਾਰ ਲਾਈ ਸੀ। ਤਿਹਾੜ ਜੇਲ ਪ੍ਰਸ਼ਾਸਨ ਹੁਣ ਦੋਸ਼ੀਆਂ ਨੂੰ ਨੋਟਿਸ ਜਾਰੀ ਕਰ ਕੇ ਪੁੱਛੇਗਾ ਕਿ ਕੀ ਉਹ ਨਵੇਂ ਸਿਰਿਓਂ ਦਇਆ ਪਟੀਸ਼ਨ ਦਾਇਰ ਕਰਨਾ ਚਾਹੁੰਦੇ ਹਨ। ਜੱਜ ਸਤੀਸ਼ ਕੁਮਾਰ ਅਰੋੜਾ ਦੀ ਅਦਾਲਤ ਨੇ ਇਸ ਮਾਮਲੇ ਦੀ ਸੁਣਵਾਈ ਵੀਡੀਓ ਕਾਨਫਰੈਂਸਿੰਗ ਜ਼ਰੀਏ ਕੀਤੀ ਸੀ।
ਦੱਸਣਯੋਗ ਹੈ ਕਿ ਸੁਪਰੀਮ ਕੋਰਟ ਨੇ ਦਿੱਲੀ ਨਿਰਭਿਆ ਗੈਂਗਰੇਪ ਮਾਮਲੇ ਦੇ ਦੋਸ਼ੀ ਅਕਸ਼ੈ ਠਾਕੁਰ ਦੀ ਮੁੜ ਵਿਚਾਰ ਪਟੀਸ਼ਨ ਅੱਜ ਖਾਰਜ ਕਰ ਦਿੱਤੀ ਅਤੇ ਉਸ ਦੀ ਫਾਂਸੀ ਦੀ ਸਜ਼ਾ ਬਰਕਰਾਰ ਰੱਖੀ। ਸੁਪਰੀਮ ਕੋਰਟ ਦੇ ਜਸਟਿਸ ਆਰ. ਭਾਨੂੰਮਤੀ, ਜਸਟਿਸ ਅਸ਼ੋਕ ਭੂਸ਼ਣ ਅਤੇ ਜਸਟਿਸ ਏ. ਐੱਸ. ਬੋਪੰਨਾ ਦੀ ਬੈਂਚ ਨੇ ਅਕਸ਼ੈ ਦੀ ਮੁੜ ਵਿਚਾਰ ਪਟੀਸ਼ਨ ਇਹ ਕਹਿੰਦੇ ਹੋਏ ਖਾਰਜ ਕਰ ਦਿੱਤੀ ਕਿ ਪਟੀਸ਼ਨ ਵਿਚ ਕੋਈ ਦਮ ਨਹੀਂ ਹੈ। ਪਟੀਸ਼ਨ ਖਾਰਜ ਕੀਤੀ ਜਾਂਦੀ ਹੈ। ਫਾਂਸੀ ਦੀ ਸਜ਼ਾ ਨੂੰ ਬਰਕਰਾਰ ਰਹੇਗੀ।
16 ਦਸੰਬਰ 2012 ਨੂੰ ਨਿਰਭਿਆ ਨਾਲ ਗੈਂਗਰੇਪ—
ਦੇਸ਼ ਦੀ ਰਾਜਧਾਨੀ ਦਿੱਲੀ ‘ਚ 16 ਦਸੰਬਰ 2012 ਨੂੰ ਨਿਰਭਿਆ ਨਾਲ ਚੱਲਦੀ ਬੱਸ ‘ਚ ਗੈਂਗਰੇਪ ਦੀ ਰੂਹ ਕੰਬਾ ਦੇਣ ਵਾਲੀ ਘਟਨਾ ਨੇ ਪੂਰੇ ਦੇਸ਼ ਨੂੰ ਹਿਲਾ ਕੇ ਰੱਖ ਦਿੱਤਾ ਸੀ। ਲੋਕ ਸੜਕਾਂ ‘ਤੇ ਉਤਰ ਆਏ ਅਤੇ ਦੋਸ਼ੀਆਂ ਨੂੰ ਫਾਂਸੀ ਦੇਣ ਦੀ ਮੰਗ ਕੀਤੀ ਗਈ। ਇਸ ਮਾਮਲੇ ਦੇ ਸਾਰੇ 6 ਦੋਸ਼ੀਆਂ ‘ਚੋਂ 4 ਦੋਸ਼ੀਆਂ-ਮੁਕੇਸ਼, ਵਿਨੇ ਸ਼ਰਮਾ, ਅਕਸ਼ੈ ਕੁਮਾਰ ਸਿੰਘ ਅਤੇ ਪਵਨ ਗੁਪਤਾ ਨੂੰ ਸਜ਼ਾ ਸੁਣਾਈ ਸੀ। ਮਾਮਲੇ ਦੇ ਇਕ ਦੋਸ਼ੀ ਰਾਮ ਸਿੰਘ ਨੇ ਜੇਲ ‘ਚ ਹੀ ਫਾਂਸੀ ਲਾ ਲਈ ਸੀ। ਇਕ ਹੋਰ ਦੋਸ਼ੀ ਜਿਸ ਨੂੰ ਨਾਬਾਲਗ ਹੋਣ ਕਾਰਨ ਸੁਧਾਰ ਘਰ ਭੇਜਿਆ ਗਿਆ ਸੀ। ਉਸ ਨੇ ਉੱਥੇ 3 ਸਾਲ ਦੀ ਸਜ਼ਾ ਪੂਰੀ ਕਰ ਲਈ ਸੀ। ਹਾਈ ਕੋਰਟ ਅਤੇ ਸੁਪਰੀਮ ਕੋਰਟ ਨੇ ਇਨ੍ਹਾਂ ਚਾਰੋਂ ਦੋਸ਼ੀਆਂ ਲਈ ਫਾਂਸੀ ਦੀ ਸਜ਼ਾ ਨੂੰ ਬਰਕਰਾਰ ਰੱਖਿਆ ਹੈ।