ਬਿਜਨੌਰ— ਉੱਤਰ ਪ੍ਰਦੇਸ਼ ਦੇ ਬਿਜਨੌਰ ਵਿਚ ਮੰਗਲਵਾਰ ਭਾਵ ਕੱਲ ਨੂੰ ਬਸਪਾ ਨੇਤਾ ਦੇ ਹੱਤਿਆ ਦੋਸ਼ੀ ਨੂੰ ਚੀਫ ਜ਼ੁਡੀਸ਼ੀਅਲ ਮੈਜਿਸਟ੍ਰੇਟ ਕੋਰਟ (ਸੀ. ਜੇ. ਐੱਮ.) ਅਦਾਲਤ ਕੰਪਲੈਕਸ ‘ਚ ਗੋਲੀਆਂ ਨਾਲ ਭੁੰਨ ਦਿੱਤਾ ਗਿਆ। ਇਸ ਦੌਰਾਨ ਕੋਰਟ ਚ ਮਾਮਲੇ ਦੀ ਸੁਣਵਾਈ ਚੱਲ ਰਹੀ ਸੀ। ਸੀ.ਜੇ.ਐੱਮ ਕੋਰਟ ਦੇ ਜੱਜ ਯੋਗੇਸ਼ ਕੁਮਾਰ ਇਸ ਫਾਇਰਿੰਗ ‘ਚ ਵਾਲ-ਵਾਲ ਬਚ ਗਏ। ਇਸ ਮਾਮਲੇ ਵਿਚ ਵੱਡੀ ਕਾਰਵਾਈ ਕਰਦੇ ਹੋਏ ਐੱਸ. ਪੀ. ਸੰਜੀਵ ਤਿਆਗੀ ਨੇ ਚੌਕੀ ਇੰਚਾਰਜ ਸਮੇਤ 17 ਪੁਲਸ ਕਰਮਚਾਰੀਆਂ ਨੂੰ ਸਸਪੈਂਡ ਕਰ ਦਿੱਤਾ ਹੈ। ਉਨ੍ਹਾਂ ‘ਤੇ ਲਾਪ੍ਰਵਾਹੀ ਵਰਤਣ ‘ਤੇ ਕਾਰਵਾਈ ਕੀਤੀ ਗਈ।
ਦੱਸਣਯੋਗ ਹੈ ਕਿ ਬਿਜਨੌਰ ਸੀ.ਜੇ.ਐੱਮ. ਕੋਰਟ ‘ਚ ਕੱਲ ਦੋਸ਼ੀ ਸ਼ਾਹਨਵਾਜ ਦੇ ਮਾਮਲੇ ਦੀ ਸੁਣਵਾਈ ਚੱਲ ਰਹੀ ਸੀ। ਸ਼ਾਹਨਵਾਜ਼ ‘ਤੇ ਬੀ.ਐੱਸ.ਪੀ ਨੇਤਾ ਅਹਿਸਾਨ ਅਹਿਮਦ ਅਤੇ ਉਨ੍ਹਾਂ ਦੇ ਭਾਣਜੇ ਦੀ ਹੱਤਿਆ ਦਾ ਦੋਸ਼ ਸੀ। ਇਸ ਦੌਰਾਨ ਅਚਾਨਕ ਗੋਲੀਆਂ ਦੀ ਆਵਾਜ਼ ਆਉਣ ਕਾਰਨ ਕੋਰਟ ਰੂਮ ਚ ਹਫੜਾ-ਦਫੜੀ ਮਚ ਗਈ। ਲੋਕ ਇੱਧਰ ਉੱਧਰ ਆਪਣੀ ਜਾਨ ਬਚਾਉਣ ਲਈ ਭੱਜਣ ਲੱਗੇ। ਬਦਮਾਸ਼ਾਂ ਨੇ ਦੋਸ਼ੀ ਸ਼ਾਹਨਵਾਜ਼ ਨੂੰ ਕੋਰਟ ਦੇ ਅੰਦਰ ਹੀ ਗੋਲੀਆਂ ਮਾਰ ਕੇ ਖਤਮ ਕਰ ਦਿੱਤਾ। ਕੋਰਟ ਦੇ ਅੰਦਰ ਤਾਬੜ-ਤੋੜ 25 ਤੋਂ 26 ਗੋਲੀਆਂ ਚਲਾਈਆਂ। ਜੱਜ ਦੇ ਸਾਹਮਣੇ ਹੀ ਪੇਸ਼ੀ ‘ਤੇ ਆਏ ਦੋਸ਼ੀ ਸ਼ਾਹਨਵਾਜ ਦੀ ਹੱਤਿਆ ਨੂੰ ਅੰਜ਼ਾਮ ਦਿੱਤਾ ਗਿਆ।
ਇੱਥੇ ਦੱਸ ਦੇਈਏ ਕਿ ਬਿਜਨੌਰ ‘ਚ ਇਸੇ ਸਾਲ 28 ਮਈ ਨੂੰ ਬੀ.ਐੱਸ.ਪੀ. ਨੇਤਾ ਹਾਜੀ ਅਹਿਸਾਨ ਅਤੇ ਉਨ੍ਹਾਂ ਦੇ ਭਾਣਜੇ ਸ਼ਾਦਾਬ ਦੀ ਉਨ੍ਹਾਂ ਦੇ ਦਫਤਰ ‘ਚ ਹੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ ਸੀ। ਬਾਈਕ ‘ਤੇ ਸਵਾਰ 3 ਨੌਜਵਾਨ ਹੱਥ ‘ਚ ਮਠਿਆਈ ਦਾ ਡੱਬਾ ਲੈ ਕੇ ਆਏ ਸੀ, ਜਿਸ ‘ਚ ਹਥਿਆਰ ਲੁਕਾਇਆ ਹੋਇਆ ਸੀ। ਵਾਰਦਾਤ ਤੋਂ ਪਹਿਲਾਂ ਨੌਜਵਾਨਾਂ ਨੇ ਅੰਦਰ ਜਾ ਕੇ ਪੁੱਛਿਆ ਸੀ ਕਿ ਹਾਜੀ ਅਹਿਸਾਨ ਕੌਣ ਹੈ ਅਤੇ ਇੰਨੇ ਨੂੰ ਡੱਬੇ ‘ਚ ਪਿਸਟਲ ਕੱਢ ਕੇ ਦੋਵਾਂ ‘ਤੇ ਗੋਲੀਆਂ ਚਲਾ ਦਿੱਤੀਆਂ ਸਨ। ਅਹਿਸਾਨ ਪ੍ਰਾਪਰਟੀ ਡੀਲਰ ਦਾ ਵੀ ਕੰਮ ਕਰਦਾ ਸੀ।