ਜਲੰਧਰ – ਸਾਰੀ ਦੁਨੀਆ ‘ਚ ਕ੍ਰਿਕਟ ਦਾ ਖ਼ੁਮਾਰ ਲੋਕਾਂ ਦੇ ਸਿਰ ਚੜ੍ਹ ਕੇ ਬੋਲਦਾ ਹੈ। ਕ੍ਰਿਕਟ ਨੂੰ ਲੈ ਕੇ ਲੋਕਾਂ ਦਾ ਜਨੂੰਨ ਅਤੇ ਸਮਰਥਨ ਹੀ ਖਿਡਾਰੀਆਂ ਨੂੰ ਸ਼ਾਨਦਾਰ ਪ੍ਰਦਰਸ਼ਨ ਕਰਨ ਲਈ ਪ੍ਰੇਰਿਤ ਕਰਦਾ ਹੈ ਹਾਲਾਂਕਿ ਕਈ ਵਾਰ ਬੱਲੇਬਾਜ਼ਾਂ ਲਈ ਕ੍ਰੀਜ਼ ‘ਤੇ ਗੇਂਦਬਾਜ਼ਾਂ ਦੀ ਤੇਜ਼ ਰਫ਼ਤਾਰ ਦਾ ਸਾਹਮਣਾ ਕਰਨਾ ਕਿਸੇ ਵੱਡੀ ਚੁਣੌਤੀ ਤੋਂ ਘੱਟ ਨਹੀਂ ਰਹਿੰਦਾ। ਇਸ ਖੇਡ ਨੇ ਜਿੱਥੇ ਕਈ ਲੋਕਾਂ ਨੂੰ ਜ਼ਿੰਦਗੀ ‘ਚ ਦੌਲਤ, ਸ਼ੌਹਰਤ ਅਤੇ ਸਨਮਾਨ ਦਿੱਤਾ ਉੱਥੇ ਕਈਆਂ ਨੂੰ ਮੌਤ ਵੀ ਦਿੱਤੀ। ਅਸੀਂ ਤੁਹਾਨੂੰ ਦਸਣ ਜਾ ਰਹੇ ਹਾਂ ਅਜਿਹੇ ਪੰਜ ਕ੍ਰਿਕਟਰਾਂ ਬਾਰੇ ਜੋ ਮੈਦਾਨ ‘ਤੇ ਆਏ, ਕ੍ਰਿਕਟ ਖੇਡੇ ਪਰ ਫ਼ਿਰ ਵਾਪਿਸ ਨਹੀਂ ਪਰਤ ਸਕੇ।
ਭਾਰਤ ਦੇ ਰਮਨ ਲਾਂਬਾ
ਇਸ ਕ੍ਰਿਕਟਰ ਦੀ ਮੌਤ 1998 ‘ਚ ਇੱਕ ਕਲੱਬ ਮੈਚ ਦੇ ਦੌਰਾਨ ਢਾਕਾ ‘ਚ ਫ਼ੀਲਡਿੰਗ ਕਰਦੇ ਹੋਏ ਹੋਈ ਸੀ। ਐਬਾਹਾਨੀ ਦੇ ਕਪਤਾਨ ਖ਼ਾਲਿਦ ਮਸੂਦ ਨੇ ਲਾਂਬਾ ਨੂੰ ਸ਼ੌਰਟ ਲੈੱਗ ‘ਤੇ ਲਾਇਆ ਸੀ। ਓਵਰ ਦੀਆਂ ਤਿੰਨ ਗੇਂਦਾਂ ਬਚੀਆਂ ਸਨ ਅਤੇ ਕਪਤਾਨ ਨੇ ਲਾਂਬਾ ਨੂੰ ਹੈਲਮਟ ਪਹਿਨਣ ਲਈ ਕਿਹਾ, ਪਰ ਲਾਂਬਾ ਨੇ ਇਹ ਕਹਿੰਦੇ ਹੋਏ ਹੈਲਮਟ ਪਹਿਨਣ ਤੋਂ ਮਨ੍ਹਾ ਕਰ ਦਿੱਤਾ ਕਿ ਓਵਰ ‘ਚ ਤਿੰਨ ਹੀ ਗੇਂਦਾਂ ਤਾਂ ਬਚੀਆਂ ਹਨ। ਗੇਂਦਬਾਜ਼ ਸੈਫ਼ੁੱਲ੍ਹਾ ਖ਼ਾਨ ਨੇ ਗੇਂਦ ਕਰਾਈ ਜੋ ਸ਼ੌਰਟ ਸੀ ਅਤੇ ਬੱਲੇਬਾਜ਼ ਮਹਿਰਾਬ ਹੁਸੈਨ ਨੇ ਉਸ ‘ਤੇ ਤਗੜਾ ਸ਼ੌਟ ਲਾਇਆ। ਗੇਂਦ ਕੋਲ ਖੜ੍ਹੇ ਲਾਂਬੇ ਦੇ ਸਿਰ ‘ਤੇ ਲੱਗੀ ਜਿਸ ਤੋਂ ਬਾਅਦ ਉਸ ਨੂੰ ਹਸਪਤਾਲ ਲਿਜਾਇਆ ਗਿਆ। ਉੱਥੇ ਉਹ ਤਿੰਨ ਦਿਨ ਤਕ ਬੇਹੋਸ਼ ਰਿਹਾ ਅਤੇ 23 ਫ਼ਰਵਰੀ ਨੂੰ ਢਾਕਾ ਦੇ ਪੋਸਟ ਗਰੈਜੁਏਟ ਹਸਪਤਾਲ ‘ਚ ਉਸ ਦੀ ਮੌਤ ਹੋ ਗਈ।
ਆਸਟਰੇਲੀਆ ਦੇ ਫ਼ਿਲੀਪ ਹਿਊਜ਼
ਆਸਟਰੇਲੀਆ ਦੇ ਯੁਵਾ ਬੱਲੇਬਾਜ਼ ਫ਼ਿਲਿਪ ਹਿਊਜ਼ ਦੀ ਮੌਤ ਹਰ ਕ੍ਰਿਕਟ ਪ੍ਰਸ਼ੰਸਕ ਦੇ ਦਿਮਾਗ਼ ‘ਚ ਤਾਜ਼ਾ ਹੋਵੇਗੀ। ਇਸ ਖਿਡਾਰੀ ‘ਤੇ ਮੈਦਾਨ ‘ਚ ਗੇਂਦ ਲੱਗਣ ਨਾਲ ਦਿਹਾਂਤ ਹੋਣ ਤੋਂ ਬਾਅਦ ਕ੍ਰਿਕਟ ਦੀ ਦੁਨੀਆ ਹੈਰਾਨ ਰਹਿ ਗਈ ਸੀ। 30 ਨਵੰਬਰ 1988 ਨੂੰ ਆਸਟਰੇਲੀਆ ‘ਚ ਪੈਦਾ ਹੋਣ ਵਾਲਾ ਫ਼ਿਲਿਪ ਹਿਊਜ਼ 27 ਨਵੰਬਰ 2014 ਨੂੰ ਦੁਨੀਆ ਨੂੰ ਅਲਵਿਦਾ ਕਹਿ ਗਿਆ। 25 ਨਵੰਬਰ 2014 ਨੂੰ ਆਸਟਰੇਲੀਆ ਦੀ ਘਰੇਲੂ ਸ਼ੈੱਫ਼ੀਲਡ ਸ਼ੀਲਡ ਦੇ ਇੱਕ ਮੈਚ ਦੌਰਾਨ ਫ਼ਿਲਿਪ ਹਿਊਜ਼ ਦੇ ਸਿਰ ਦੇ ਪਿੱਛੇ ਤੇਜ਼ ਬਾਊਂਸਰ ਲੱਗ ਗਿਆ। ਇਸ ਸੱਟ ਤੋਂ ਤੁਰੰਤ ਬਾਅਦ ਉਹ ਹੇਠਾਂ ਡਿੱਗ ਗਿਆ। ਉਸ ਨੂੰ ਹਸਪਤਾਲ ਲਿਜਾਇਆ ਗਿਆ, ਪਰ 27 ਨਵੰਬਰ ਨੂੰ ਉਸ ਦੀ ਮੌਤ ਹੋ ਗਈ।
ਪਾਕਿਸਤਾਨ ਦੇ ਜ਼ੁਲਫ਼ਿਕਾਰ ਭੱਟੀ
ਜ਼ੁਲਫ਼ਿਕਾਰ ਭੱਟੀ ਪਾਕਿਸਤਾਨ ਦਾ ਇੱਕ ਘਰੇਲੂ ਕ੍ਰਿਕਟਰ ਸੀ ਜਿਸ ਨੂੰ ਮੈਦਾਨ ‘ਤੇ ਖੇਡਣ ਦੌਰਾਨ ਆਪਣੀ ਜਾਨ ਤੋਂ ਹੱਥ ਧੋਣਾ ਪਿਆ। ਪਾਕਿਸਤਾਨ ਦੇ ਘਰੇਲੂ ਕ੍ਰਿਕਟਰ ਰਹੇ ਜ਼ੁਲਫ਼ਿਕਾਰ ਭੱਟੀ ਦਾ ਇੱਕ ਘਰੇਲੂ ਟੂਰਨਾਮੈਂਟ ਦੇ ਦੌਰਾਨ ਸੀਨੇ ‘ਤੇ ਗੇਂਦ ਲੱਗਣ ਨਾਲ ਦਿਹਾਂਤ ਹੋ ਗਿਆ ਸੀ। ਗੇਂਦ ਲੱਗਣ ਤੋਂ ਬਾਅਦ ਜ਼ੁਲਫ਼ਿਕਾਰ ਉੱਥੇ ਹੀ ਡਿੱਗ ਪਿਆ। ਹਸਪਤਾਲ ਲਿਜਾਉਂਦੇ ਹੋਏ ਉਸ 22 ਸਾਲਾ ਕ੍ਰਿਕਟਰ ਦੀ ਰਸਤੇ ‘ਚ ਹੀ ਮੌਤ ਹੋ ਗਈ।

ਇੰਗਲੈਂਡ ਦਾ ਜੌਰਜ ਸਮਰਜ਼
ਸਮਰਜ਼ ਇੱਕ ਅਜਿਹਾ ਕ੍ਰਿਕਟਰ ਸੀ ਸਿਾਂ ਨੇ ਬਸ ਪਹਿਲੇ ਦਰਜੇ ਦੀ ਹੀ ਕ੍ਰਿਕਟ ਖੇਡੀ ਸੀ। ਉਹ ਨੌਟਿੰਘਮਸ਼ਾਇਰ ਦਾ ਖਿਡਾਰੀ ਸੀ। 1870 ‘ਚ ਲੌਰਡਜ਼ ‘ਤੇ MCC ਖ਼ਿਲਾਫ਼ ਖੇਡਦੇ ਹੋਏ ਉਸ ਨੂੰ ਤੇਜ਼ ਗੇਂਦਬਾਜ਼ ਜੌਨ ਪਲੈਟਸ ਦੀ ਇੱਕ ਗੇਂਦ ਸਿਰ ‘ਤੇ ਲੱਗੀ। ਹਾਲਾਂਕਿ ਉਸ ਸਮੇਂ ਉਹ ਠੀਕ ਹੋ ਗਿਆ ਅਤੇ ਉਸ ਨੂੰ ਹਸਪਤਾਲ ਨਹੀਂ ਲਿਜਾਇਆ ਗਿਆ, ਪਰ ਬਾਅਦ ‘ਚ ਇਹ ਫ਼ੈਸਲਾ ਗ਼ਲਤ ਸਾਬਿਤ ਹੋਇਆ ਕਿਉਂਕਿ ਚਾਰ ਦਿਨ ਬਾਅਦ ਹੀ ਉਸ ਦੀ ਮੌਤ ਹੋ ਗਈ।
ਪਾਕਿਸਤਾਨ ਦੇ ਅਬਦੁਲ ਅਜੀਜ਼
ਅਬਦੁਲ ਅਜ਼ੀਜ ਨੇ ਕਰਾਚੀ ਲਈ ਅੱਠ ਪਹਿਲੇ ਦਰਜੇ ਦੇ ਮੈਚ ਖੇਡੇ ਸਨ। ਉਹ ਵਿਕਟਕੀਪਰ ਬੱਲੇਬਾਜ਼ ਸੀ। ਕਾਇਦ-ਏ-ਆਜ਼ਮ ਫ਼ਾਈਨਲ ‘ਚ ਖੇਡਦੇ ਹੋਏ ਉਸ ਨੂੰ ਔਫ਼ ਸਪਿਨਰ ਦਿਲਦਾਰ ਐਵਾਨ ਦੀ ਇੱਕ ਗੇਂਦ ਦਿਲ ਦੇ ਕੋਲ ਲੱਗੀ। ਉਸ ਸਮੇਂ ਉਸ ਨੂੰ ਕੋਈ ਫ਼ਰਕ ਨਹੀਂ ਪਿਆ, ਪਰ ਅਗਲੀ ਗੇਂਦ ਖੇਡਦੇ ਹੀ ਉਹ ਹੇਠਾਂ ਡਿੱਗ ਪਿਆ ਅਤੇ ਫ਼ਿਰ ਕਦੀ ਨਹੀਂ ਉੱਠਿਆ। ਉਸ ਨੂੰ ਹਸਪਤਾਲ ‘ਚ ਮ੍ਰਿਤਕ ਐਲਾਨਿਆ ਗਿਆ।