ਪੰਚਕੂਲਾ —ਡੇਰਾ ਮੁਖੀ ਵਲੋਂ 400 ਸਾਧੂਆਂ ਨੂੰ ਨਿਪੁੰਸਕ ਬਣਾਏ ਜਾਣ ਦੇ ਮਾਮਲੇ ‘ਚ ਬੁੱਧਵਾਰ ਨੂੰ ਪੰਚਕੂਲਾ ਸਥਿਤ ਵਿਸ਼ੇਸ਼ ਸੀ. ਬੀ. ਆਈ. ਕੋਰਟ ‘ਚ ਸੁਣਵਾਈ ਹੋਈ। ਦੋਸ਼ੀ ਗੁਰਮੀਤ ਰਾਮ ਰਹੀਮ ਵੀਡੀਓ ਕਾਨਫਰੰਸਿੰਗ ਅਤੇ ਬਾਕੀ ਦੋ ਦੋਸ਼ੀ ਪੰਕਜ ਗਰਗ ਅਤੇ ਐੱਮ. ਪੀ. ਸਿੰਘ ਪ੍ਰਤੱਖ ਤੌਰ ’ਤੇ ਕੋਰਟ ’ਚ ਪੇਸ਼ ਹੋਏ। ਬਚਾਅ ਪੱਖ ਵਲੋਂ ਹਾਈ ਕੋਰਟ ਵਿਚ ਲਗਾਈ ਗਈ ਪਟੀਸ਼ਨ ’ਤੇ ਫੈਸਲਾ ਪੈਂਡਿੰਗ ਹੋਣ ਕਾਰਣ ਸੀ. ਬੀ. ਆਈ. ਕੋਰਟ ‘ਚ ਕੋਈ ਕਾਰਵਾਈ ਨਹੀਂ ਹੋਈ। ਦੋਸ਼ੀਆਂ ਦੀ ਸਿਰਫ ਹਾਜ਼ਰੀ ਹੀ ਲੱਗੀ। ਹੁਣ ਮਾਮਲੇ ਦੀ ਅਗਲੀ ਸੁਣਵਾਈ 10 ਜਨਵਰੀ ਨੂੰ ਹੋਵੇਗੀ।
ਦੱਸ ਦੇਈਏ ਕਿ ਪਿਛਲੀ ਸੁਣਵਾਈ ‘ਚ ਬਚਾਅ ਪੱਖ ਨੇ ਕੋਰਟ ‘ਚ ਪਟੀਸ਼ਨ ਲਗਾ ਕੇ ਸੀ. ਬੀ. ਆਈ. ਤੋਂ ਸ਼ਿਕਾਇਤਕਰਤਾਵਾਂ ਦੇ ਬਿਆਨਾਂ ਦੀ ਕਾਪੀ ਦੀ ਮੰਗ ਕੀਤੀ ਸੀ। ਜਾਣਕਾਰੀ ਅਨੁਸਾਰ ਸੀ. ਬੀ. ਆਈ. ਨੇ ਬਚਾਅ ਪੱਖ ਨੂੰ ਸ਼ਿਕਾਇਤਕਰਤਾਵਾਂ ਦੇ ਬਿਆਨਾਂ ਦੀਆਂ ਕੁਝ ਕਾਪੀਆਂ ਤਾਂ ਦੇ ਦਿੱਤੀਆਂ ਸਨ ਪਰ ਬਾਕੀ ਬਿਆਨਾਂ ਦੀਆਂ ਕਾਪੀਆਂ ਨਹੀਂ ਦਿੱਤੀਆਂ ਗਈਆਂ ਸਨ।