ਲੰਡਨ – ਭਾਰਤੀ ਕਪਤਾਨ ਵਿਰਾਟ ਕੋਹਲੀ ਇਸ ਹਫ਼ਤੇ ਜਾਰੀ ਹੋਈ ਕੌਮਾਂਤਰੀ ਕ੍ਰਿਕਟ ਪਰਿਸ਼ਦ (ICC) ਦੀ ਤਾਜ਼ਾ ਟੈੱਸਟ ਰੈਂਕਿੰਗ ‘ਚ ਬੱਲੇਬਾਜ਼ਾਂ ਦੀ ਸੂਚੀ ‘ਚ ਚੋਟੀ ਦੇ ਸਥਾਨ ‘ਤੇ ਬਣਿਆ ਹੋਇਆ ਹੈ ਜਦਕਿ ਤੇਜ਼ ਗੇਂਦਬਾਜ਼ ਜਸਪ੍ਰੀਤ ਬੁਮਰਾਹ ਛੇਵੇਂ ਸਥਾਨ ‘ਤੇ ਖਿਸਕ ਗਿਆ ਹੈ। ਕੋਹਲੀ (928) ਆਸਟਰੇਲੀਆ ਦੇ ਸਾਬਕਾ ਕਪਤਾਨ ਸਟੀਵ ਸਮਿਥ ਤੋਂ 17 ਅੰਕ ਅੱਗੇ ਹੈ। ਸਮਿਥ ਨੇ ਨਿਊ ਜ਼ੀਲੈਂਡ ਖ਼ਿਲਾਫ਼ ਪਰਥ ‘ਚ ਖੇਡੇ ਗਏ ਪਹਿਲੇ ਡੇ-ਨਾਈਟ ਟੈੱਸਟ ‘ਚ 43 ਅਤੇ 16 ਦੌੜਾਂ ਬਣਾਈਆਂ ਸਨ। ਆਸਟਰੇਲੀਆ ਨੇ ਇਸ ਮੁਕਾਬਲੇ ਨੂੰ 296 ਦੌੜਾਂ ਨਾਲ ਆਪਣੇ ਨਾਂ ਕੀਤਾ ਸੀ। ਚੇਤੇਸ਼ਵਰ ਪੁਜਾਰਾ (791) ਅਤੇ ਅਜਿੰਕਯ ਰਹਾਣੇ (759) ਕ੍ਰਮਵਾਰ ਚੌਥੇ ਅਤੇ ਛੇਵੇਂ ਸਥਾਨ ‘ਤੇ ਬਣੇ ਹੋਏ ਹਨ। ਆਸਟਰੇਲੀਅਨ ਬੱਲੇਬਾਜ਼ ਮਾਨੁਸ ਲਾਬੁਸ਼ੇਨ ਦਾ ਰੈਂਕਿੰਗ ‘ਚ ਉੱਪਰ ਚੜ੍ਹਨਾ ਜਾਰੀ ਹੈ। ਨਿਊ ਜ਼ੀਲੈਂਡ ਖ਼ਿਲਾਫ਼ ਪਰਥ ਟੈੱਸਟ ‘ਚ 143 ਅਤੇ 50 ਦੌੜਾਂ ਦੀਆਂ ਸ਼ਾਨਦਾਰ ਪਾਰੀਆਂ ਖੇਡਣ ਵਾਲਾ ਲਾਬੁਸ਼ੇਨ ਤਿੰਨ ਸਥਾਨ ਦੇ ਸੁਧਾਰ ਨਾਲ ਪੰਜਵੇਂ ਸਥਾਨ ‘ਤੇ ਪਹੁੰਚ ਗਿਐ। ਰੈਂਕਿੰਗ ‘ਚ ਉਸ ਨੇ ਸਲਾਮੀ ਬੱਲੇਬਾਜ਼ ਡੇਵਿਡ ਵਾਰਨਰ ਨੂੰ ਪਿੱਛੇ ਛੱਡ ਦਿੱਤਾ ਹੈ ਅਤੇ ਸਮਿਥ ਤੋਂ ਬਾਅਦ ਸਰਵਸ੍ਰੇਸ਼ਠ ਆਸਟਰੇਲੀਆਈ ਬੱਲੇਬਾਜ਼ ਹੈ। ਸ਼੍ਰੀ ਲੰਕਾ ਨਾਲ ਘਰੇਲੂ ਟੈੱਸਟ ‘ਚ ਅਜੇਤੂ 102 ਦੌੜਾਂ ਦੀ ਪਾਰੀ ਖੇਡਣ ਵਾਲਾ ਬਾਬਰ ਆਜ਼ਮ ਪਹਿਲੀ ਵਾਰ ਚੋਟੀ ਦੇ 10 ‘ਚ ਪਹੁੰਚਿਆ ਹੈ।
ਗੇਂਦਬਾਜ਼ਾਂ ਦੀ ਰੈਂਕਿੰਗ ‘ਚ ਦੱਖਣੀ ਅਫ਼ਰੀਕਾ ਖ਼ਿਲਾਫ ਘਰੇਲੂ ਸੀਰੀਜ਼ ਤੋਂ ਸੱਟ ਕਾਰਨ ਟੀਮ ‘ਚੋਂ ਬਾਹਰ ਚਲ ਰਿਹਾ ਬੁਮਰਾਹ ਛੇਵੇਂ ਸਥਾਨ ‘ਤੇ ਖਿਸਕ ਗਿਆ ਹੈ। ਇਸ ਰੈਂਕਿੰਗ ‘ਚ ਆਸਟਰੇਲੀਆ ਦਾ ਪੈਟ ਕਮਿਨਜ਼ ਪਹਿਲੇ ਸਥਾਨ ‘ਤੇ ਹੈ। ਆਸਟਰੇਲੀਆ ਖ਼ਿਲਾਫ਼ ਟੈੱਸਟ ‘ਚ 7 ਵਿਕਟਾਂ ਲੈਣ ਵਾਲਾ ਨਿਊ ਜ਼ੀਲੈਂਡ ਦਾ ਨੀਲ ਵੈਗਨਰ ਕਰੀਅਰ ਦੀ ਸਰਵਸ੍ਰੇਸ਼ਠ ਰੇਟਿੰਗ 834 ਨਾਲ ਇੱਕ ਵਾਰ ਫ਼ਿਰ ਤੀਜੇ ਸਥਾਨ ‘ਤੇ ਪਹੁੰਚ ਗਿਆ ਹੈ। ਮੈਚ ‘ਚ 9 ਵਿਕਟਾਂ ਲੈਣ ਵਾਲਾ ਟਿਮ ਸਾਊਦੀ ਵੀ ਚੋਟੀ ਦੇ 10 ‘ਚ ਜਗ੍ਹਾ ਬਣਾਉਣ ‘ਚ ਸਫ਼ਲ ਰਿਹੈ। ਇਸ ਮੈਚ ‘ਚ 9 ਵਿਕਟਾਂ ਲੈਣ ਵਾਲੇ ਆਸਟਰੇਲੀਆਈ ਗੇਂਦਬਾਜ਼ ਮਿਚੈਲ ਸਟਾਰਕ ਕਰੀਅਰ ਦੀ ਸਰਵਸ੍ਰੇਸ਼ਠ 806 ਰੇਟਿੰਗ ਨਾਲ ਸਰਵਸ੍ਰੇਸ਼ਠ ਪੰਜਵੇਂ ਸਥਾਨ ‘ਤੇ ਪਹੁੰਚ ਗਿਆ ਹੈ। ਹਰਫ਼ਨਮੌਲਾ ਖਿਡਾਰੀਆਂ ਦੀ ਰੈਂਕਿੰਗ ‘ਚ ਰਵਿੰਦਰ ਜਡੇਜਾ, ਵੈੱਸਟ ਇੰਡੀਜ਼ ਦੇ ਜੇਸਨ ਹੋਲਡਰ ਤੋਂ ਬਾਅਦ ਦੂਜੇ ਸਥਾਨ ‘ਤੇ ਬਣਿਆ ਹੋਇਆ ਹੈ। ਭਾਰਤੀ ਟੀਮ ICC ਟੈੱਸਟ ਚੈਂਪੀਅਨਸ਼ਿਪ ‘ਚ 360 ਅੰਕਾਂ ਨਾਲ ਪਹਿਲੇ ਸਥਾਨ ‘ਤੇ ਬਣੀ ਹੋਈ ਹੈ। ਉਸ ਤੋਂ ਬਾਅਦ ਆਸਟਰੇਲੀਆ (216), ਸ਼੍ਰੀ ਲੰਕਾ (80), ਨਿਊ ਜ਼ੀਲੈਂਡ (60) ਅਤੇ ਇੰਗਲੈਂਡ (56) ਦੀਆਂ ਟੀਮਾਂ ਹਨ।