ਨਵੀਂ ਦਿੱਲੀ— ਓਨਾਵ ਰੇਪ ਕੇਸ ‘ਚ ਭਾਜਪਾ ਤੋਂ ਬਰਖ਼ਾਸਤ ਵਿਧਾਇਕ ਕੁਲਦੀਪ ਸਿੰਘ ਸੇਂਗਰ ਨੂੰ ਦਿੱਲੀ ਦੀ ਤੀਸ ਹਜ਼ਾਰੀ ਕੋਰਟ ਨੇ ਉਮਰ ਕੈਦ ਦੀ ਸਜ਼ਾ ਸੁਣਾਈ ਹੈ। ਨਾਲ ਹੀ 25 ਲੱਖ ਰੁਪਏ ਜ਼ੁਰਮਾਨਾ ਵੀ ਲਗਾਇਆ ਹੈ। ਕੋਰਟ ਨੇ ਸੀ.ਬੀ.ਆਈ. ਨੂੰ ਪੀੜਤ ਅਤੇ ਉਸ ਦੇ ਪਰਿਵਾਰ ਨੂੰ ਜ਼ਰੂਰੀ ਸੁਰੱਖਿਆ ਪ੍ਰਦਾਨ ਕਰਨ ਦਾ ਵੀ ਆਦੇਸ਼ ਦਿੱਤਾ ਹੈ। ਸੀ.ਬੀ.ਆਈ. ਨੂੰ ਪੀੜਤਾ ਅਤੇ ਉਸ ਦੇ ਪਰਿਵਾਰ ਨੂੰ ਸੁਰੱਖਿਅਤ ਘਰ ਮੁਹੱਈਆ ਕਰਵਾਉਣ ਦਾ ਵੀ ਨਿਰਦੇਸ਼ ਦਿੱਤਾ ਗਿਆ ਹੈ।
ਇਸ ਤੋਂ ਪਹਿਲਾਂ 2017 ਦੇ ਅਗਵਾ ਅਤੇ ਰੇਪ ਮਾਮਲੇ ‘ਚ ਸੇਂਗਰ ਨੂੰ ਦੋਸ਼ੀ ਕਰਾਰ ਦਿੰਦੇ ਹੋਏ ਕੋਰਟ ਨੇ ਚਾਰਜਸ਼ੀਟ ਦਾਖਲ ਕਰਨ ‘ਚ ਦੇਰੀ ਨੂੰ ਲੈ ਕੇ ਸੀ.ਬੀ.ਆਈ. ਨੂੰ ਵੀ ਫਟਕਾਰ ਲਗਾਈ। ਮਹਿਲਾ ਦੋਸ਼ੀ ਸ਼ਸ਼ੀ ਸਿੰਘ ਨੂੰ ਕੋਰਟ ਨੇ ਦੋਸ਼ਮੁਕਤ ਕਰਾਰ ਦਿੱਤਾ ਸੀ। ਦੂਜੇ ਪਾਸੇ ਸੇਂਗਰ ਲਈ ਸੀ.ਬੀ.ਆਈ. ਨੇ ਵੀ ਕੋਰਟ ‘ਚ ਉਮਰ ਕੈਦ ਦੀ ਸਜ਼ਾ ਦੀ ਮੰਗ ਕੀਤੀ ਸੀ। ਸੀ.ਬੀ.ਆਈ. ਨੇ ਜ਼ਿਲਾ ਜੱਜ ਧਰਮੇਸ਼ ਸ਼ਰਮਾ ਨੂੰ ਕਿਹਾ ਸੀ ਕਿ ਉਹ ਸੇਂਗਰ ਨੂੰ ਵਧ ਤੋਂ ਵਧ ਉਮਰ ਕੈਦ ਦੀ ਸਜ਼ਾ ਦੇਣ, ਕਿਉਂਕਿ ਇਹ ਇਕ ਵਿਅਕਤੀ ਦੀ ਵਿਵਸਥਾ ਵਿਰੁੱਧ ਲੜਾਈ ਹੈ। ਸੀ.ਬੀ.ਆਈ. ਨੇ ਬਲਾਤਕਾਰ ਪੀੜਤਾ ਲਈ ਪੂਰਾ ਮੁਆਵਜ਼ਾ ਦੇਣ ਦੀ ਅਪੀਲ ਕੀਤੀ।
4 ਹੋਰ ਮਾਮਲਿਆਂ ‘ਚ ਫੈਸਲਾ ਆਉਣਾ ਹਾਲੇ ਬਾਕੀ
ਓਨਾਵ ਕੇਸ ‘ਚ ਇਕ ਮਾਮਲੇ ‘ਤੇ ਕੋਰਟ ਨੇ ਫੈਸਲਾ ਦਿੱਤਾ ਸੀ ਪਰ 4 ਹੋਰ ਮਾਮਲਿਆਂ ‘ਚ ਫੈਸਲਾ ਆਉਣਾ ਹਾਲੇ ਬਾਕੀ ਹੈ। ਕੋਰਟ ਨੇ ਵਿਧਾਇਕ ਸੇਂਗਰ ਦੀ ਮੋਬਾਇਲ ਲੋਕੇਸ਼ਨ ਨੂੰ ਅਹਿਮ ਸਬੂਤ ਮੰਨਿਆ। ਆਪਣੇ ਫੈਸਲੇ ‘ਚ ਕੋਰਟ ਨੇ ਕਿਹਾ ਕਿ ਇਸ ਗੱਲ ਦੇ ਸਬੂਤ ਹਨ ਕਿ ਪੀੜਤਾ ਨੂੰ ਸ਼ਸ਼ੀ ਸਿੰਘ ਹੀ ਦੋਸ਼ੀ ਵਿਧਾਇਕ ਕੋਲ ਲੈ ਕੇ ਗਈ ਸੀ। ਸੇਂਗਰ ਨੂੰ ਆਈ.ਪੀ.ਸੀ. ਦੀ ਧਾਰਾ 376, ਸੈਕਸ਼ਨ 5 (ਸੀ) ਅਤੇ ਪੋਕਸੋ ਐਕਟ ਦੇ ਅਧੀਨ ਦੋਸ਼ੀ ਕਰਾਰ ਦਿੱਤਾ।
ਸੇਂਗਰ ਇਕ ਸ਼ਕਤੀਸ਼ਾਲੀ ਵਿਅਕਤੀ
ਦੋਸ਼ੀ ਕਰਾਰ ਦਿੰਦੇ ਹੋਏ ਕੋਰਟ ਨੇ ਕਿਹਾ ਸੀ,”ਸੇਂਗਰ ਇਕ ਸ਼ਕਤੀਸ਼ਾਲੀ ਵਿਅਕਤੀ ਸੀ, ਪੀੜਤਾ ਮਹਾਨਗਰੀ ਸਿੱਖਿਅਤ ਖੇਤਰ ਦੀ ਨਹੀਂ ਸਗੋਂ ਪਿੰਡ ਦੀ ਕੁੜੀ ਸੀ, ਜਿਸ ਕਾਰਨ ਮਾਮਲਾ ਦਰਜ ਕਰਵਾਉਣ ‘ਚ ਦੇਰ ਹੋਈ। ਉਸ ਵਲੋਂ ਮੁੱਖ ਮੰਤਰੀ ਨੂੰ ਚਿੱਠੀ ਲਿਖੇ ਜਾਣ ਤੋਂ ਬਾਅਦ ਉਸ ਦੇ ਪਰਿਵਾਰ ਵਾਲਿਆਂ ਵਿਰੁੱਧ ਕਈ ਮਾਮਲੇ ਦਰਜ ਕੀਤੇ ਗਏ।” ਕੋਰਟ ਨੇ ਸੀ.ਬੀ.ਆਈ. ਵਲੋਂ ਮਾਮਲੇ ‘ਚ ਦੋਸ਼-ਪੱਤਰ ਦਾਇਰ ਕਰਨ ‘ਚ ਦੇਰੀ ‘ਤੇ ਹੈਰਾਨੀ ਜ਼ਾਹਰ ਕਰਦੇ ਹੋਏ ਕਿਹਾ ਕਿ ਇਸ ਕਾਰਨ ਸੇਂਗਰ ਵਿਰੁੱਧ ਸੁਣਵਾਈ ਲੰਬੀ ਚੱਲੀ।
2017 ‘ਚ ਕੁੜੀ ਨੂੰ ਅਗਵਾ ਕਰ ਕੀਤਾ ਸੀ ਰੇਪ
ਸੇਂਗਰ ਨੇ 2017 ‘ਚ ਇਕ ਕੁੜੀ ਨੂੰ ਅਗਵਾ ਕਰਨ ਤੋਂ ਬਾਅਦ ਉਸ ਨਾਲ ਰੇਪ ਕੀਤਾ ਸੀ। ਯੂ.ਪੀ. ਦੀ ਬਾਂਗਰਮਊ ਵਿਧਾਨ ਸਭਾ ਸੀਟ ਤੋਂ ਚੌਥੀ ਵਾਰ ਵਿਧਾਇਕ ਬਣੇ ਸੇਂਗਰ ਨੂੰ ਇਸ ਮਾਮਲੇ ਤੋਂ ਬਾਅਦ ਅਗਸਤ 2019 ‘ਚ ਭਾਜਪਾ ਤੋਂ ਬਰਖ਼ਾਸਤ ਕਰ ਦਿੱਤਾ ਗਿਆ ਸੀ। ਕੋਰਟ ਨੇ 9 ਅਗਸਤ ਨੂੰ ਵਿਧਾਇਕ ਅਤੇ ਸਿੰਘ ਵਿਰੁੱਧ ਅਪਰਾਧਕ ਯੋਜਨਾ, ਅਗਵਾ, ਰੇਪ ਅਤੇ ਪੋਕਸੋ ਕਾਨੂੰਨ ਨਾਲ ਸੰਬੰਧਤ ਧਾਰਾਵਾਂ ਦੇ ਅਧੀਨ ਦੋਸ਼ ਤੈਅ ਕੀਤੇ ਸਨ।
28 ਜੁਲਾਈ ਨੂੰ ਪੀੜਤਾ ਨੂੰ ਟਰੱਕ ਨੇ ਮਾਰੀ ਸੀ ਟੱਕਰ
ਇਸ ਦੌਰਾਨ ਪੀੜਤ ਕੁੜੀ ਨੂੰ ਕਥਿਤ ਤੌਰ ‘ਤੇ ਮਾਰਨ ਦੀ ਵੀ ਕੋਸ਼ਿਸ਼ ਕੀਤੀ ਗਈ। ਉਨ੍ਹਾਂ ਦੀ ਕਾਰ ਨੂੰ 28 ਜੁਲਾਈ ਨੂੰ ਇਕ ਟਰੱਕ ਨੇ ਟੱਕਰ ਮਾਰ ਦਿੱਤੀ ਸੀ, ਜਿਸ ‘ਚ ਉਹ ਗੰਭੀਰ ਰੂਪ ਨਾਲ ਜ਼ਖਮੀ ਹੋ ਗਈ ਸੀ। ਹਾਦਸੇ ‘ਚ ਕੁੜੀ ਦੇ 2 ਰਿਸ਼ਤੇਦਾਰ ਮਾਰੇ ਗਏ ਅਤੇ ਉਨ੍ਹਾਂ ਦੇ ਪਰਿਵਾਰ ਨੇ ਇਸ ‘ਚ ਯੋਜਨਾ ਹੋਣ ਦੇ ਦੋਸ਼ ਲਗਾਏ ਸਨ। ਸੁਪਰੀਮ ਕੋਰਟ ਨੇ ਓਨਾਵ ਰੇਪ ਮਾਮਲੇ ‘ਚ ਦਰਜ ਸਾਰੇ 5 ਮਾਮਲਿਆਂ ਨੂੰ ਇਕ ਅਗਸਤ ਨੂੰ ਉੱਤਰ ਪ੍ਰਦੇਸ਼ ‘ਚ ਲਖਨਊ ਦੀ ਅਦਾਲਤ ਤੋਂ ਦਿੱਲੀ ਦੀ ਕੋਰਟ ‘ਚ ਰੈਫਰ ਕੀਤਾ ਸੀ। ਸਰਵਉੱਚ ਅਦਾਲਤ ਨੇ ਨਿਰਦੇਸ਼ ਦਿੱਤਾ ਸੀ ਕਿ ਰੋਜ਼ਾਨਾ ਆਧਾਰ ‘ਤੇ ਸੁਣਵਾਈ ਕੀਤੀ ਜਾਵੇ।