ਵਡੋਦਰਾ—ਗੁਜਰਾਤ ‘ਚ ਨਾਗਰਿਕਤਾ ਸੋਧ ਕਾਨੂੰਨ ਅਤੇ ਰਾਸ਼ਟਰੀ ਨਾਗਰਿਤਾ ਰਜਿਸਟ੍ਰੇਸ਼ਨ ਦੇ ਖਿਲਾਫ ਹਿੰਸਕ ਪ੍ਰਦਰਸ਼ਨ ਜਾਰੀ ਹੈ। ਮਿਲੀ ਜਾਣਕਾਰੀ ਅਨੁਸਾਰ ਅੱਜ ਭਾਵ ਸ਼ੁੱਕਰਵਾਰ ਨੂੰ ਵਡੋਦਰਾ ‘ਚ ਜੁੰਮੇ ਦੀ ਨਮਾਜ ਤੋਂ ਬਾਅਦ ਹਾਥੀਖਾਨਾ ਖੇਤਰ ‘ਚ ਹੋਏ ਪਥਰਾਅ ਦੌਰਾਨ 1 ਪੁਲਸ ਕਰਮਚਾਰੀ ਮਾਮੂਲੀ ਰੂਪ ‘ਚ ਜ਼ਖਮੀ ਹੋ ਗਿਆ। ਇਸ ਦੌਰਾਨ ਪੁਲਸ ਨੇ ਭੀੜ ‘ਚੇ ਕਾਬੂ ਪਾਉਣ ਲਈ ਹੰਝੂ ਗੈਸ ਦੇ ਗੋਲੇ ਸੁੱਟੇ। ਇਸ ਦੌਰਾਨ 2 ਪ੍ਰਦਰਸ਼ਨਕਾਰੀਆਂ ਨੂੰ ਗ੍ਰਿਫਤਾਰ ਕੀਤਾ ਗਿਆ।
ਪੁਲਸ ਕਮਿਸ਼ਨਰ ਅਨੁਪਮ ਸਿੰਘ ਗਹਿਲੋਤ ਨੇ ਦੱਸਿਆ ਹੈ ਕਿ ਅੱਜ ਜੁੰਮੇ ਦੀ ਨਮਾਜ ਦੌਰਾਨ ਸਾਵਧਾਨੀ ਦੇ ਤੌਰ ‘ਤੇ ਸਾਰੀਆਂ ਵੱਡੀਆਂ ਮਸਜਿਦਾਂ ਕੋਲ ਆਰ.ਏ.ਐੱਫ ਦੇ ਜਵਾਨਾਂ ਸਮੇਤ ਪੁਲਸ ਕਾਫੀ ਗਿਣਤੀ ‘ਚ ਤਾਇਨਾਤ ਕੀਤੀ ਗਈ ਸੀ। ਹੋਰਾਂ ਥਾਵਾਂ ‘ਤੇ ਸ਼ਾਂਤੀ ਰਹੀ ਪਰ ਹਾਥੀਖਾਨਾ ‘ਚ ਮਸਜਿਦ ਦੇ ਨੇੜੇ ਪੁਲਸ ਦੇ ਜਵਾਨਾਂ ਦੀ ਵੀਡੀਓਗ੍ਰਾਫੀ ਦਾ ਵਿਰੋਧ ਕਰਦੇ ਹੋਏ ਕੁਝ ਲੋਕਾਂ ਨੇ ਪਥਰਾਅ ਕੀਤਾ ਸੀ। ਇਸ ਤੋਂ ਇਲਾਵਾ ਪ੍ਰਦਰਸ਼ਨਕਾਰੀਆਂ ਨੇ ਵਾਹਨਾਂ ਦੀ ਭੰਨ-ਤੋੜ ਵੀ ਕੀਤੀ ਸੀ। ਇਸ ਤੋਂ ਬਾਅਦ ਪੁਲਸ ਨੇ ਸਥਿਤੀ ਨੂੰ ਕੰਟਰੋਲ ਕਰ ਲਿਆ ਸੀ। ਦੱਸਣਯੋਗ ਹੈ ਕਿ ਇਸ ਤੋਂ ਪਹਿਲਾਂ ਵੀਰਵਾਰ ਨੂੰ ਅਹਿਮਦਾਬਾਦ ‘ਚ ਹੋਏ ਪਥਰਾਅ ਦੌਰਾਨ 25 ਤੋਂ ਜ਼ਿਆਦਾ ਪੁਲਸ ਕਰਮਚਾਰੀਆਂ ਦੇ ਜ਼ਖਮੀ ਹੋਏ ਸੀ।