ਲੁਧਿਆਣਾ : ਉੜੀਸਾ ‘ਚ ਸਥਿਤ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਚਰਨ ਛੋਹ ਪ੍ਰਾਪਤ ਮੰਗੂ ਮੱਠ ਦਾ ਹਿੱਸਾ ਢਾਏ ਜਾਣ ਨੂੰ ਲੈ ਕੇ ਅਤੇ ਉਸ ‘ਤੇ ਸੀ. ਆਰ. ਪੀ. ਐੱਫ. ਅਤੇ ਫ਼ੌਜ ਵੱਲੋਂ ਕਾਬਜ਼ ਹੋਣ ਨੂੰ ਲੈ ਕੇ ਲੋਕ ਇਨਸਾਫ਼ ਪਾਰਟੀ ਦੇ ਬਲਵਿੰਦਰ ਬੈਂਸ ਵੱਲੋਂ ਇਕ ਪ੍ਰੈਸ ਕਾਨਫਰੰਸ ਕੀਤੀ ਗਈ। ਉਨ੍ਹਾਂ ਕਿਹਾ ਕਿ ਉਨ੍ਹਾਂ ਦਾ ਵਫ਼ਦ ਉੜੀਸਾ ਸਰਕਾਰ ਨੂੰ ਇਸ ਸਬੰਧੀ ਮਿਲੇਗਾ ਅਤੇ ਗੁਰਦੁਆਰਾ ਸਾਹਿਬ ਦੇ ਇਤਿਹਾਸ ਬਾਰੇ ਜਾਣੂੰ ਕਰਵਾਵੇਗਾ।
ਬਲਵਿੰਦਰ ਬੈਂਸ ਨੇ ਕਿਹਾ ਕਿ ਉਹ ਸ਼੍ਰੀ ਅਕਾਲ ਤਖਤ ਸਾਹਿਬ ਦੇ ਜੱਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੂੰ ਇਸ ਬਾਬਤ ਬੀਤੇ ਦਿਨ ਮਿਲੇ ਸਨ ਅਤੇ ਐੱਸ. ਜੀ. ਪੀ. ਸੀ. ਦਾ ਵਫਦ ਵੀ ਉਸ ਥਾਂ ‘ਤੇ ਗਿਆ ਸੀ ਪਰ ਉਨ੍ਹਾਂ ਨੇ ਵੀ ਸਰਕਾਰਾਂ ਨਾਲ ਕੋਈ ਰਾਬਤਾ ਕਾਇਮ ਨਹੀਂ ਕੀਤਾ, ਸਗੋਂ ਉਸ ਥਾਂ ਨੂੰ ਬਿਨਾਂ ਸਿੱਖ ਇਤਿਹਾਸ ਦਾ ਹਿੱਸਾ ਦੱਸੇ ਵਾਪਸ ਪਰਤ ਆਏ, ਜਿਸ ਕਾਰਨ ਸਿੱਖ ਕੌਮ ਦੀ ਇਤਿਹਾਸਕ ਥਾਂ ‘ਤੇ ਫੌਜ ਅਤੇ ਸੀ. ਆਰ. ਪੀ. ਐੱਫ. ਦੇ ਜਵਾਨਾਂ ਨੇ ਕਬਜ਼ਾ ਕਰ ਲਿਆ। ਬਲਵਿੰਦਰ ਬੈਂਸ ਨੇ ਕਿਹਾ ਕਿ ਪੰਜਾਬ ਸਰਕਾਰ ਨੂੰ ਵੀ ਇਸ ਸਬੰਧੀ ਉੜੀਸਾ ਸਰਕਾਰ ਦੇ ਨਾਲ ਰਾਬਤਾ ਕਾਇਮ ਕਰਕੇ ਗੱਲਬਾਤ ਕਰਨੀ ਚਾਹੀਦੀ ਹੈ।