ਖੰਨਾ : ਖੰਨਾ ਤੋਂ ਯੂਥ ਕਾਂਗਰਸ ਜ਼ਿਲਾ ਪ੍ਰਧਾਨ ਅਮਿਤ ਤਿਵਾੜੀ ਦੀ ਅਗਵਾਈ ‘ਚ ਯੂਥ ਕਾਂਗਰਸੀ ਵਰਕਰਾਂ ਨੇ ਲਲਹੇੜੀ ਰੋਡ ਚੌਂਕ ‘ਤੇ ਸਰਕਾਰ ਖਿਲਾਫ ਨਾਅਰੇਬਾਜ਼ੀ ਕੀਤੀ। ਦੇਸ਼ ਦੇ ਖਰਾਬ ਹਾਲਾਤ ਨੂੰ ਲੈ ਕੇ ਯੂਥ ਨੇਤਾਵਾਂ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਗ੍ਰਹਿ ਮੰਤਰੀ ਅਮਿਤ ਸ਼ਾਹ ਨੂੰ ਜੰਮ ਕੇ ਕੋਸਿਆ। ਇਸ ਤੋਂ ਬਾਅਦ ਵਰਕਰ ਨੈਸ਼ਨਲ ਹਾਈਵੇਅ ‘ਤੇ 15 ਮਿੰਟਾਂ ਤੱਕ ਧਰਨਾ ਲਾ ਕੇ ਬੈਠੇ ਰਹੇ।
ਤਹਿਸੀਲਦਾਰ ਰਣਜੀਤ ਸਿੰਘ ਮੌਕੇ ‘ਤੇ ਪੁੱਜੇ ਅਤੇ ਉਨ੍ਹਾਂ ਨੇ ਯੂਥ ਕਾਂਗਰਸ ਵਲੋਂ ਮੰਗ ਪੱਤਰ ਲੈਣ ਤੋਂ ਬਾਅਦ ਜਾਮ ਖੁੱਲ੍ਹਵਾਇਆ। ਇਸ ਦੌਰਾਨ ਅਮਿਤ ਤਿਵਾੜੀ ਨੇ ਕਿਹਾ ਕਿ ਪਿਆਜ ਅਤੇ ਹੋਰ ਲੋੜਾਂ ਦਾ ਸਮਾਨ ਹੱਦ ਤੋਂ ਜ਼ਿਆਦਾ ਮਹਿੰਗਾ ਹੋ ਗਿਆ ਹੈ, ਜਿਸ ਨੇ ਗਰੀਬ ਆਦਮੀ ਦਾ ਲੱਕ ਤੋੜ ਕੇ ਰੱਖ ਦਿੱਤਾ ਹੈ। ਉਨ੍ਹਾਂ ਕਿਹਾ ਕਿ ਇਨ੍ਹਾਂ ਚੀਜ਼ਾਂ ਤੋਂ ਜਨਤਾ ਦਾ ਧਿਆਨ ਹਟਾਉਣ ਲਈ ਦੇਸ਼ ‘ਚ ਦੰਗੇ ਕਰਵਾਏ ਜਾ ਰਹੇ ਹਨ ਅਤੇ ਦਿੱਲੀ ‘ਚ ਵਿਦਿਆਰਥੀਆਂ ‘ਤੇ ਲਾਠੀਚਾਰਜ ਵੀ ਅਮਿਤ ਸ਼ਾਹ ਦੇ ਇਸ਼ਾਰੇ ‘ਤੇ ਕੀਤਾ ਗਿਆ ਹੈ। ਪ੍ਰਦਰਸ਼ਨ ਦੌਰਾਨ ਪੁੱਜੇ ਤਹਿਸੀਲਦਾਰ ਰਣਜੀਤ ਸਿੰਘ ਦਾ ਕਹਿਣਾ ਸੀ ਕਿ ਪ੍ਰਦਰਸ਼ਨਕਾਰੀਆਂ ਨੇ ਸਰਕਾਰ ਦੀਆਂ ਨੀਤੀਆਂ ਖਿਲਾਫ ਮੰਗ ਪੱਤਰ ਦਿੱਤਾ ਹੈ, ਜਿਸ ਨੂੰ ਉਹ ਅੱਗੇ ਸਰਕਾਰ ਤੱਕ ਪਹੁੰਚਾ ਦੇਣਗੇ।