ਸੰਭਲ— ਉੱਤਰ ਪ੍ਰਦੇਸ਼ ਦੇ ਸੰਭਲ ‘ਚ ਨਾਗਰਿਕਤਾ ਸੋਧ ਕਾਨੂੰਨ ਦੇ ਵਿਰੋਧ ‘ਚ ਹੋਏ ਹਿੰਸਕ ਪ੍ਰਦਰਸ਼ਨ ਤੋਂ ਬਾਅਦ ਪੁਲਸ ਨੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਜਾਣਕਾਰੀ ਅਨੁਸਾਰ ਵੀਰਵਾਰ ਨੂੰ ਇੱਥੇ ਹੋਈ ਹਿੰਸਾ ਨੂੰ ਲੈ ਕੇ ਸਮਾਜਵਾਦੀ ਪਾਰਟੀ ਦੇ ਸੰਸਦ ਮੈਂਬਰ ਸ਼ਫੀਕੁਰਰਹਿਮਾਨ ਬਰਕ ਅਤੇ ਨੇਤਾ ਫਿਰੋਜ਼ ਖਾਨ ਸਮੇਤ 17 ਲੋਕਾਂ ਵਿਰੁੱਧ ਐੱਫ.ਆਈ.ਆਰ. ਦਰਜ ਕੀਤੀ ਗਈ ਹੈ।
ਜਾਣਕਾਰੀ ਅਨੁਸਾਰ 2 ਮੁਕੱਦਮੇ ਦਰਜ ਕੀਤੇ ਗਏ ਹਨ। ਇਸ ‘ਚ ਇਕ ਮਾਮਲਾ ਚੌਧਰੀ ਸਰਾਏ ਪੁਲਸ ਚੌਕੀ ‘ਤੇ ਪਥਰਾਅ ਅਤੇ ਭੰਨ-ਤੋੜ ਦਾ ਹੈ। ਇਸ ‘ਚ ਐੱਸ.ਪੀ. ਸਮੇਤ 17 ਲੋਕ ਨਾਮਜ਼ਦ ਹਨ, ਜਦਕਿ ਸੈਂਕੜੇ ਅਣਪਛਾਤੇ ਹਨ। ਉੱਥੇ ਹੀ ਦੂਜੇ ਮਾਮਲੇ ‘ਚ ਰੋਡਵੇਜ਼ ਬੱਸਾਂ ‘ਚ ਭੰਨ-ਤੋੜ ਅਤੇ ਅਗਨੀਕਾਂਡ ਦੀ ਕਾਰਵਾਈ ਦਰਜ ਕੀਤੀ ਗਈ ਹੈ। ਇਸ ‘ਚ ਸੈਂਕੜੇ ਅਣਪਛਾਤੇ ਦੱਸੇ ਗਏ ਹਨ। ਜਾਣਕਾਰੀ ਅਨੁਸਾਰ ਹੁਣ ਤੱਕ ਇਸ ਸੰਬੰਧ ‘ਚ 30 ਲੋਕਾਂ ਦੀ ਗ੍ਰਿਫਤਾਰੀ ਹਈ ਹੈ। ਪੁਲਸ ਅਨੁਸਾਰ ਦੋਸ਼ੀਆਂ ਦੀ ਗ੍ਰਿਫਤਾਰੀ ਲਈ ਟੀਮਾਂ ਲਗਾਤਾਰ ਦਬਿਸ਼ ਦੇ ਰਹੀਆਂ ਹਨ।
ਪੁਲਸ ਅਨੁਸਾਰ ਸੰਭਲ ‘ਚ ਜ਼ਿਲਾ ਸੰਘਰਸ਼ ਕਮੇਟੀ ਦੇ ਪ੍ਰਧਾਨ ਡਾਕਟਰ ਨਾਜਿਮ ਦੇ ਬੁਲਾਵੇ ‘ਤੇ ਥਾਣਾ ਕੋਤਵਾਲੀ ਖੇਤਰ ‘ਚ ਚੌਧਰੀ ਸਰਾਏ ‘ਚ 1500 ਤੋਂ 2000 ਸਮਰਥਕਾਂ ਵਲੋਂ ਮੰਗ ਪੱਤਰ ਦੇਣ ਤੋਂ ਬਾਅਦ ਵਾਪਸ ਆਉਂਦੇ ਸਮੇਂ ਕਿ ਬੱਸ ‘ਚ ਅੱਗ ਲਗਾ ਦਿੱਤੀ ਗਈ ਸੀ। ਨਾਲ ਹੀ 2 ਬੱਸਾਂ ‘ਤੇ ਪਥਰਾਅ ਕੀਤਾ ਗਿਆ, ਜਿਸ ਨਾਲ ਬੱਸਾਂ ਦੇ ਸ਼ੀਸ਼ੇ ਟੁੱਟਣ ਨਾਲ 4 ਲੋਕ ਮਾਮੂਲੀ ਰੂਪ ਨਾਲ ਜ਼ਖਮੀ ਹੋਏ ਸਨ।