ਲਖਨਊ—ਨਾਗਰਿਕਤਾ ਸੋਧ ਕਾਨੂੰਨ ‘ਤੇ ਖਿਲਾਫ ਦੇਸ਼ ਭਰ ‘ਚ ਕਈ ਥਾਵਾਂ ‘ਤੇ ਬਵਾਲ ਮੱਚਿਆ ਹੋਇਆ ਹੈ। ਮਿਲੀ ਜਾਣਕਾਰੀ ਅਨੁਸਾਰ ਸੀ.ਏ.ਏ ਖਿਲਾਫਜਾਰੀ ਹਿੰਸਕ ਪ੍ਰਦਰਸ਼ਨ ਦੌਰਾਨ ਉਤਰ ਪ੍ਰਦੇਸ਼ ‘ਚ 11 ਲੋਕਾਂ ਦੀ ਮੌਤ ਹੋ ਚੁੱਕੀ ਹੈ ਅਤੇ ਇਸ ਤੋਂ ਇਲਾਵਾ ਕਾਨਪੁਰ, ਫਿਰੋਜਾਬਾਦ ਅਤੇ ਬਿਜਨੌਰ ‘ਚ 2-2 ਪ੍ਰਦਰਸ਼ਨਕਾਰੀਆਂ ਦੀ ਮੌਤ ਹੋਈ ਹੈ। ਸੀ.ਏ.ਏ ਖਿਲਾਫ ਮੱਚੇ ਬਵਾਲ ਕਾਰਨ ਯੂ.ਪੀ. ਦੇ 11 ਜ਼ਿਲਿਆਂ ‘ਚ ਇੰਟਰਨੈੱਟ ਬੰਦ ਕਰ ਦਿੱਤਾ ਗਿਆ ਹੈ। ਦੱਸ ਦੇਈਏ ਕਿ ਹਿੰਸਾ ਦੇ ਮਾਮਲਿਆਂ ‘ਚ 100 ਤੋਂ ਜ਼ਿਆਦਾ ਗ੍ਰਿਫਤਾਰੀਆਂ ਅਤੇ ਕਈ ਲੋਕਾਂ ਖਿਲਾਫ ਕੇਸ ਦਰਜ ਹੋਏ ਚੁੱਕੇ ਹਨ। ਇਕੱਲੇ ਗਾਜੀਆਬਾਦ ‘ਚ 3,600 ਲੋਕਾਂ ‘ਤੇ ਕੇਸ ਦਰਜ ਹੋਏ ਹਨ। ਉਤਰ ਪ੍ਰਦੇਸ਼ ਦੀ ਰਾਜਧਾਨੀ ਲਖਨਊ ਸਮੇਤ ਬਿਜ਼ਨੌਰ, ਮੇਰਠ, ਫਿਰੋਜਾਬਾਦ, ਕਾਨਪੁਰ , ਸੰਭਲ, ਮੁਰਾਦਾਬਾਦ, ਮੁਜੱਫਰਨਗਰ, ਹਾਥਰਸ, ਬਹਿਰਾਈਚ ਅਤੇ ਬੁਲੰਦਸ਼ਹਿਰ ‘ਚ ਇੰਟਰਨੈੱਟ ਬੰਦ ਹੈ।
ਬੁਲੰਦਸ਼ਹਿਰ ‘ਚ 19 ਨਾਮਜ਼ਦ ਖਿਲਾਫ ਐੱਫ.ਆਈ.ਆਰ, 700-800 ਅਣਪਛਾਤੇ ਲੋਕਾਂ ਖਿਲਾਫ ਐੱਫ.ਆਈ.ਆਰ ਦਰਜ ਹੈ। ਇਸ ਦੇ ਨਾਲ ਹੀ 16 ਲੋਕਾਂ ਨੂੰ ਹਿਰਾਸਤ ‘ਚ ਲਿਆ ਗਿਆ ਹੈ। ਗਾਜੀਆਬਾਦ ‘ਚ 3,600 ਲੋਕਾਂ ‘ਤੇ ਕੇਸ ਦਰਜ ਕੀਤਾ ਗਿਆ ਹੈ, ਜਿਸ ‘ਚ 400 ਤੋਂ ਜ਼ਿਆਦਾ ਨਾਮਜਦ ਅਤੇ 3,200 ਅਣਪਛਾਤੇ ਲੋਕਾਂ ‘ਤੇ ਕੇਸ ਦਰਜ ਹੋਏ ਹਨ। ਇਸ ਤੋਂ ਇਲਾਵਾ ਗਾਜੀਆਬਾਦ ‘ਚ 65 ਲੋਕਾਂ ਨੂੰ ਪੁਲਸ ਨੇ ਗ੍ਰਿਫਤਾਰ ਵੀ ਕੀਤਾ ਹੈ।
ਦੱਸਣਯੋਗ ਹੈ ਕਿ ਮੇਰਠ ‘ਚ ਸ਼ੁੱਕਰਵਾਰ ਨੂੰ ਹੋਈ ਹਿੰਸਾ ‘ਚ ਸ਼ਾਮਲ 4 ਲੋਕਾਂ ਦੀ ਮੌਤ ਹੋ ਗਈ ਜਦਕਿ 3 ਪੁਲਸ ਵਾਲਿਆਂ ਨੂੰ ਵੀ ਸੱਟਾਂ ਲੱਗੀਆਂ ਸੀ। ਇਹ ਵੀ ਦੱਸਿਆ ਜਾਂਦਾ ਹੈ ਕਿ ਵੱਡੇ ਪੱਧਰ ‘ਤੇ ਜਨਤਕ ਸੰਪੱਤੀ ਨੂੰ ਨੁਕਸਾਨ ਪਹੁੰਚਾਇਆ ਗਿਆ ਹੈ ਅਤੇ ਪੁਲਸ ਚੌਕੀ ਨੂੰ ਅੱਗ ਦੇ ਹਵਾਲੇ ਕੀਤਾ ਗਿਆ।