ਲੁਧਿਆਣਾ — ਪੰਜਾਬ ‘ਚ ਪੈ ਰਹੀ ਕੜਾਕੇ ਦੀ ਠੰਡ ਦੇ ਕਾਰਨ ਸਕੂਲਾਂ ‘ਚ ਪੜ੍ਹ ਰਹੇ ਵਿਦਿਆਰਥੀਆਂ ਦੀ ਸਿਹਤ ਨੂੰ ਧਿਆਨ ‘ਚ ਰੱਖਦੇ ਹੋਏ ਪੰਜਾਬ ਸਕੂਲ ਸਿੱਖਿਆ ਵਿਭਾਗ ਵੱਲੋਂ ਪੰਜਾਬ ਦੇ ਸਾਰੇ ਸਕੂਲਾਂ ਦਾ ਸਮਾਂ ਬਦਲ ਦਿੱਤਾ ਗਿਆ ਹੈ। ਪੰਜਾਬ ਦੇ ਸਾਰੇ ਸਰਕਾਰੀ, ਐਡਿਡ ਅਤੇ ਪ੍ਰਾਈਵੇਟ ਸਕੂਲਾਂ ਦਾ ਸਮਾਂ 24 ਦਸੰਬਰ 2019 ਤੋਂ 15 ਜਨਵਰੀ 2020 ਤੱਕ ਬਦਲ ਦਿੱਤਾ ਗਿਆ ਹੈ। ਨਵੇਂ ਸਮੇਂ ਅਨੁਸਾਰ ਸੂਬੇ ਦੇ ਸਾਰੇ ਪ੍ਰਾਈਮਰੀ ਸਕੂਲ ਸਵੇਰੇ 10 ਵਜੇ ਖੁੱਲ੍ਹਣਗੇ ਅਤੇ ਛੁੱਟੀ ਤਿੰਨ ਵਜੇ ਹੋਵੇਗੀ।
ਇਸੇ ਤਰ੍ਹਾਂ ਸਾਰੇ ਮਿਡਲ ਹਾਈ ਸੀਨੀਅਰ ਸੈਕੰਡਰੀ ਸਕੂਲ ਸਵੇਰੇ 10 ਵਜੇ ਖੁੱਲ੍ਹਣਗੇ ਅਤੇ ਛੁੱਟੀ ਸ਼ਾਮ 4 ਵਜੇ ਹੋਵੇਗੀ। ਇਹ ਆਦੇਸ਼ ਡਾਇਰੈਕਟਰ ਸਿੱਖਿਆ ਵਿਭਾਗ ਸੈਕੰਡਰੀ ਪੰਜਾਬ ਵੱਲੋਂ ਜਾਰੀ ਕੀਤੇ ਗਏ ਹਨ, ਜੋਕਿ 24 ਦਸੰਬਰ 2019 ਤੋਂ ਲੈ ਕੇ 15 ਜਨਵਰੀ 2020 ਤੱਕ ਲਾਗੂ ਰਹਿਣਗੇ। ਦੱਸ ਦੇਈਏ ਕਿ ਪਹਿਲਾਂ ਪੰਜਾਬ ਦੇ ਵੱਖ-ਵੱਖ ਜ਼ਿਲਾ ਕੁਲੈਕਟਰਾਂ ਵੱਲੋਂ ਆਪਣੇ ਪੱਧਰ ‘ਤੇ ਆਪਣੇ-ਆਪਣੇ ਜ਼ਿਲੇ ‘ਚ ਅਧੀਨ ਆਉਂਦੇ ਸਾਰੇ ਸਕੂਲਾਂ ਦੇ ਸਮੇਂ ‘ਚ ਬਦਲਾਅ ਕੀਤਾ ਗਿਆ ਸੀ, ਜਿਸ ਦੇ ਚਲਦਿਆਂ ਹੋਰ ਜ਼ਿਲਿਆਂ ‘ਚ ਵੀ ਸਕੂਲਾਂ ਦਾ ਸਮਾਂ ਬਦਲਣ ਦੀ ਮੰਗ ਉੱਠੀ ਸੀ।