ਬਠਿੰਡਾ— 925 ਕਰੋੜ ਦੀ ਲਾਗਤ ਨਾਲ ਬਣ ਰਹੇ ਏਮਜ਼ ਦਾ ਅੱਜ ਕੇਂਦਰੀ ਸਿਹਤ ਮੰਤਰੀ ਡਾ. ਹਰਸ਼ ਵਰਧਨ ਵੱਲੋਂ ਬਠਿੰਡਾ ‘ਚ ਉਦਘਾਟਨ ਕੀਤਾ ਗਿਆ। ਇਸ ਮੌਕੇ ਕੇਂਦਰੀ ਫੂਡ ਪ੍ਰੋਸੈਸਿੰਗ ਮੰਤਰੀ ਹਰਸਿਮਰਤ ਕੌਰ ਬਾਦਲ ਅਤੇ ਸੁਖਬੀਰ ਸਿੰਘ ਬਾਦਲ ਵੀ ਮੌਜੂਦ ਸਨ। ਸੰਬੋਧਨ ਕਰਦੇ ਹੋਏ ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਜਲਦੀ ਹੀ ਪੀ. ਜੀ. ਆਈ. ਦਾ ਸੈਂਟਰ ਵੀ ਫਿਰੋਜ਼ਪੁਰ ‘ਚ ਖੋਲ੍ਹਿਆ ਜਾਵੇਗਾ। ਉੁਨ੍ਹਾਂ ਕਿਹਾ ਕਿ ਫਿਰੋਜ਼ਪੁਰ ਬਾਰਡਰ ਦਾ ਹਿਸਟੋਰਿਕ ਏਰੀਆ ਹੈ, ਜਿੱਥੇ ਕੋਈ ਵੀ ਹਸਪਤਾਲ ਮੌਜੂਦ ਨਹੀਂ ਹੈ। ਉਨ੍ਹਾਂ ਕਿਹਾ ਕਿ ਫਿਰੋਜ਼ਪੁਰ ‘ਚ ਪੀ. ਜੀ. ਆਈ. ਖੋਲ੍ਹਣ ਨੂੰ ਲੈ ਕੇ ਇਸ ਦੀ ਗੱਲ ਕੇਂਦਰੀ ਮੰਤਰੀ ਹਰਸ਼ ਵਰਧਨ ਨਾਲ ਹੋ ਚੁੱਕੀ ਹੈ ਅਤੇ ਉਨ੍ਹਾਂ ਵੱਲੋਂ ਫਿਰੋਜ਼ਪੁਰ ‘ਚ ਪੀ. ਜੀ. ਆਈ. ਖੋਲ੍ਹਣ ਦੀ ਮਨਜ਼ੂਰੀ ਮਿਲ ਚੁੱਕੀ ਹੈ। ਮੈਨੂੰ ਆਸ ਹੈ ਕਿ ਦੋ-ਤਿੰਨ ਮਹੀਨਿਆਂ ‘ਚ ਡਾ. ਹਰਸ਼ ਵਰਧਨ ਜੀ ਫਿਰੋਜ਼ਪੁਰ ‘ਚ ਪੀ. ਜੀ. ਆਈ. ਵਰਗੀ ਦੇਣ ਦੇ ਕੇ ਉਸ ਦਾ ਵੀ ਉਦਘਾਟਨ ਜਲਦੀ ਕਰਨਗੇ।
ਡਾ. ਹਰਸ਼ ਵਰਧਨ ਸਮੇਤ ਹੋਰਾਂ ਦਾ ਧੰਨਵਾਦ ਕਰਦੇ ਹੋਏ ਉਨ੍ਹਾਂ ਕਿਹਾ ਕਿ ਅੱਜ ਦਾ ਦਿਨ ਬੇਹੱਦ ਇਤਿਹਾਸਕ ਦਿਨ ਹੈ। ਉਨ੍ਹਾਂ ਕਿਹਾ ਕਿ ਜਦੋਂ ਅਰੁਣ ਜੇਤਲੀ ਜੀ ਖਜ਼ਾਨਾ ਮੰਤਰੀ ਬਣੇ ਸਨ ਤਾਂ ਬਜਟ ਪੇਸ਼ ਹੋਣ ਦੌਰਾਨ ਅਕਾਲੀ ਦਲ ਵੱਲੋਂ ਉਨ੍ਹਾਂ ਦੇ ਕੋਲ ਪੰਜਾਬ ਨੂੰ ਕੁਝ ਦੇਣ ਦੀ ਮੰਗ ਕੀਤੀ ਗਈ ਸੀ। ਫਿਰ ਉਨ੍ਹਾਂ ਨੇ ਪੰਜਾਬ ‘ਚ ਏਮਜ਼ ਨੂੰ ਮਨਜੂਰੀ ਦਿੱਤੀ। ਉਨ੍ਹਾਂ ਕਿਹਾ ਕਿ ਇਥੇ ਕੋਈ ਵੀ ਮੈਡੀਕਲ ਫੈਸੀਲਿਟੀ ਨਹੀਂ ਸੀ। ਜੇਕਰ ਕੋਈ ਜ਼ਿਆਦਾ ਬੀਮਾਰ ਹੋ ਜਾਂਦਾ ਹੈ ਤਾਂ ਸਿੱਧਾ ਲੁਧਿਆਣੇ ਜਾਂ ਫਿਰ ਪੀ. ਜੀ. ਆਈ. ਜਾਣਾ ਪੈਂਦਾ ਸੀ।
ਏਮਜ਼ ‘ਚ 10 ਰੁਪਏ ਦੀ ਪਰਚੀ ਨਾਲ ਹਰ ਗਰੀਬ ਵਿਅਕਤੀ ਵਧੀਆ ਡਾਕਟਰ ਤੋਂ ਆਪਣਾ ਇਲਾਜ ਕਰਵਾ ਸਕਦਾ ਹੈ। ਉਨ੍ਹਾਂ ਕਿਹਾ ਕਿ ਬਠਿੰਡਾ ਖੇਤਰ ਸਭ ਤੋਂ ਪਿਛੜਿਆ ਇਲਾਕਾ ਹੁੰਦਾ ਸੀ। ਪਿਛਲੇ 10 ਸਾਲਾਂ ਦੇ ਅੰਦਰ ਹਰ ਤਰ੍ਹਾਂ ਦੀ ਸਹੂਲਤ ਦਿੱਤੀ ਗਈ ਹੈ। ਪਹਿਲਾਂ ਸੋਚਿਆ ਵੀ ਨਹੀਂ ਸੀ ਕਿ ਇਥੇ ਕਦੇ ਏਅਰਪੋਰਟ ਹੋਵੇਗਾ, ਹੁਣ ਉਹ ਵੀ ਇਥੇ ਮੌਜੂਦ ਹੈ।
ਇਸ ਸ਼ਹਿਰ ਨੂੰ ਪੂਰੇ ਪੰਜਾਬ ਦੇ ਮੇਨ ਸ਼ਹਿਰਾਂ ਨਾਲ ਫੋਰ ਲੇਨ ਕਰਕੇ ਜੋੜ ਦਿੱਤਾ ਗਿਆ ਹੈ। ਅੰਮ੍ਰਿਤਸਰ ਅਤੇ ਚੰਡੀਗੜ੍ਹ ਜਾਣ ਤੱਕ ਇਥੋਂ ਸਿਰਫ ਦੋ ਘੰਟਿਆਂ ਦਾ ਸਮਾਂ ਲੱਗਦਾ ਹੈ। ਜੇਕਰ ਦਿੱਲੀ ਜਾਣਾ ਹੈ ਤਾਂ ਇਥੋਂ ਚਾਰ ਘੰਟਿਆ ‘ਚ ਪਹੁੰਚ ਸਕਦੇ ਹੋ। ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੇ ਆਸ਼ਿਰਵਾਦ ਨਾਲ ਬਠਿੰਡਾ ਇਲਾਕੇ ‘ਚ ਬੇਹੱਦ ਵਿਕਾਸ ਹੋ ਗਿਆ ਹੈ।
ਇਥੇ ਪਹਿਲਾਂ ਹਜ਼ਾਰਾਂ ਲੋਕਾਂ ਨੂੰ ਕੈਂਸਰ ਦੀ ਸਮੱਸਿਆ ਹੈ। ਉਨ੍ਹਾਂ ਕਿਹਾ ਕਿ ਬਠਿੰਡਾ ਤੋਂ ਗੰਗਾਨਗਰ ਲਈ ਕੈਂਸਰ ਐਕਸਪ੍ਰੈੱਸ ਚੱਲਦੀ ਹੁੰਦੀ ਸੀ, ਜਿਸ ਜ਼ਰੀਏ ਕੈਂਸਰ ਦੇ ਮਰੀਜ਼ ਉਥੇ ਇਲਾਜ ਲਈ ਜਾਂਦੇ ਸਨ। ਹੁਣ ਉਸ ਟਰੇਨ ਹੀ ਜ਼ਰੂਰਤ ਨਹੀਂ ਪਵੇਗੀ ਅਤੇ ਇਸੇ ਇਲਾਕੇ ‘ਚ ਕੈਂਸਰ ਦੇ ਮਰੀਜ਼ ਵੀ ਆਪਣਾ ਇਲਾਜ ਕਰਵਾ ਸਕਣਗੇ।