ਭੁਵਨੇਸ਼ਵਰ— ਪੁਰੀ ‘ਚ ਮੰਗੂ ਮਠ ਤੋੜੇ ਜਾਣ ਦੇ ਵਿਰੋਧ ‘ਚ ਐਤਵਾਰ ਨੂੰ ਸਿੱਖ ਭਾਈਚਾਰੇ ਨੇ ਰਾਜਧਾਨੀ ਭੁਵਨੇਸ਼ਵਰ ‘ਚ ਪ੍ਰਦਰਸ਼ਨ ਕੀਤਾ। ਪ੍ਰਦਰਸ਼ਨ ‘ਚ ਲੁਧਿਆਣਾ ਤੋਂ ਲੋਕ ਇਨਸਾਫ਼ ਪਾਰਟੀ ਦੇ ਵਿਧਾਇਕ ਸਿਮਰਨਜੀਤ ਸਿੰਘ ਬੈਂਸ ਅਤੇ ਬਲਵਿੰਦਰ ਸਿੰਘ ਬੈਂਸ ਵੀ ਸ਼ਾਮਲ ਹੋਏ।
ਵਿਧਾਇਕਾਂ ਨੇ ਦਿੱਤੀ ਧਮਕੀ
ਦੋਹਾਂ ਨੇ ਓਡੀਸ਼ਾ ਦੇ ਮੁੱਖ ਮੰਤਰੀ ਨਵੀਨ ਪਟਨਾਇਕ ‘ਤੇ ਸਖਤ ਹੁੰਦੇ ਹੋਏ ਕਿਹਾ ਕਿ ਮੰਦਰ ਅਤੇ ਮਠਾਂ ਨੂੰ ਤੋੜੇ ਬਿਨਾਂ ਕਿਸ ਤਰ੍ਹਾਂ ਨਾਲ ਸੁੰਦਰੀਕਰਨ ਦਾ ਕੰਮ ਕੀਤਾ ਜਾਂਦਾ ਹੈ, ਉਸ ਨੂੰ (ਮੁੱਖ ਮੰਤਰੀ ਨਵੀਨ ਪਟਨਾਇਕ) ਨੂੰ ਪੰਜਾਬ ਜਾ ਕੇ ਦੇਖਣਾ ਚਾਹੀਦਾ। ਬੈਂਸ ਬੰਧੂਆਂ ਨੇ ਕਿਹਾ ਕਿ ਅਸੀਂ ਇੱਥੇ ਮੁੱਖ ਮੰਤਰੀ ਨੂੰ ਮਿਲਣਾ ਚਾਅ ਰਹੇ ਸੀ ਪਰ ਸਾਨੂੰ ਮਿਲਣ ਦਾ ਮੌਕਾ ਨਹੀਂ ਦਿੱਤਾ ਗਿਆ। ਵਿਧਾਇਕਾਂ ਨੇ ਧਮਕੀ ਦਿੰਦੇ ਹੋਏ ਕਿਹਾ ਕਿ ਜੇਕਰ ਮੁੱਖ ਮੰਤਰੀ ਨਵੀਨ ਪਟਨਾਇਕ ਮੰਗੂ ਮਠ ਦੇ ਬਚਾਉਣ ਨੂੰ ਲੈ ਕੇ ਕੋਈ ਠੋਸ ਕਦਮ ਨਹੀਂ ਚੁੱਕਦੇ ਹਨ ਤਾਂ ਪੰਜਾਬ ਤੋਂ ਲੱਖਾਂ ਦੀ ਗਿਣਤੀ ‘ਚ ਸਿੱਖ ਇੱਥੇ ਪਹੁੰਚਣਗੇ ਅਤੇ ਅੰਦੋਲਨ ਕਰਨਗੇ।
ਸਰਕਾਰ ਨੂੰ ਲੋਕਾਂ ਦੇ ਵਿਰੋਧ ਦਾ ਸਾਹਮਣਾ ਕਰਨਾ ਪੈ ਰਿਹੈ
ਦੱਸਣਯੋਗ ਹੈ ਕਿ ਪੁਰੀ ਸ਼੍ਰੀਮੰਦਰ ਦੀ ਸੁਰੱਖਿਆ ਅਤੇ ਪੁਰੀ ਨੂੰ ਵਿਸ਼ਵ ਪੱਧਰੀ ਸ਼ਹਿਰ ਬਣਾਉਣ ਦੇ ਮਕਸਦ ਨਾਲ ਰਾਜ ਸਰਕਾਰ ਨੇ ਸ਼੍ਰੀਮੰਦਰ ਦੇ 200 ਮੀਟਰ ਦੇ ਦਾਇਰੇ ‘ਚ ਸਥਿਤ ਕਈ ਪੁਰਾਣੇ ਮਠ ਅਤੇ ਮੰਦਰਾਂ ਨੂੰ ਤੋੜਨ ਦਾ ਕੰਮ ਸ਼ੁਰੂ ਕੀਤਾ ਹੈ। ਇਸ ਨੂੰ ਲੈ ਕੇ ਸਰਕਾਰ ਨੂੰ ਵੱਖ-ਵੱਖ ਸੰਗਠਨ ਅਤੇ ਲੋਕਾਂ ਦੇ ਵਿਰੋਧ ਦਾ ਵੀ ਸਾਹਮਣਾ ਕਰਨਾ ਪੈ ਰਿਹਾ ਹੈ। ਸਰਕਾਰ ਕਈ ਵਿਰੋਧ ਪ੍ਰਦਰਸ਼ਨਾਂ ਨੂੰ ਨਜ਼ਰਅੰਦਾਜ ਕਰਦੇ ਹੋਏ ਸ਼੍ਰੀਸ਼ੇਤਰ ਧਾਮ ਨੂੰ ਕੌਮਾਂਤਰੀ ਪੱਧਰ ਦਾ ਸ਼ਹਿਰ ਬਣਾਉਣ ਦੀ ਦਿਸ਼ਾ ‘ਚ ਆਪਣੀ ਕੋਸ਼ਿਸ਼ ਜਾਰੀ ਰੱਖੇ ਹੋਏ ਹਨ।