ਚੰਡੀਗੜ੍ਹ : ਓਡਿਸ਼ਾ ਦੇ ਜਗਨਨਾਥਪੁਰੀ ‘ਚ ਸ੍ਰੀ ਗੁਰੂ ਨਾਨਕ ਦੇਵ ਜੀ ਨਾਲ ਸਬੰਧਤ ਮੰਗੂ ਮੱਠ ਨੂੰ ਢਾਹੇ ਜਾਣ ਦੇ ਮਾਮਲੇ ‘ਚ ਨਵਾਂ ਮੋੜ ਆਇਆ ਹੈ। ਓਡਿਸ਼ਾ ਸਰਕਾਰ ਨੇ ਮੰਗੂ ਮੱਠ ‘ਚ ਸਿੱਖ ਮਰਿਆਦਾ ਮੁਤਾਬਕ ਗੁਰਦੁਆਰਾ ਸਾਹਿਬ ਕਾਇਮ ਕਰਨ ਦਾ ਭਰੋਸਾ ਦਿੱਤਾ ਹੈ। ਇਸ ਦੇ ਨਾਲ ਹੀ ਜਗਨਨਾਥ ਮੰਦਰ ਦੇ ਦੂਸਰੇ ਪਾਸੇ ਸਥਿਤ ਪੰਜਾਬੀ ਮੱਠ ਦਾ ਉਪਯੋਗ ਸਿੱਖ ਭਾਈਚਾਰੇ ਦੀ ਸਲਾਹ ਨਾਲ ਕਰਨ ਦਾ ਭਰੋਸਾ ਦਿੱਤਾ ਗਿਆ ਹੈ ਅਤੇ ਗੁਰਦੁਆਰਾ ਬਾਉਲੀ ਮੱਠ ਦਾ ਇਕ ਹਿੱਸਾ ਢਾਹੇ ਜਾਣ ਦੀ ਸੰਭਾਵਨਾ ਨੂੰ ਵੀ ਰੱਦ ਕੀਤਾ ਗਿਆ ਹੈ। ਇਹ ਜਾਣਕਾਰੀ ਲੋਕ ਇਨਸਾਫ ਪਾਰਟੀ ਦੇ ਪ੍ਰਧਾਨ ਸਿਮਰਜੀਤ ਸਿੰਘ ਬੈਂਸ ਅਤੇ ਐੱਸ. ਜੀ. ਪੀ. ਸੀ. ਮੈਂਬਰ ਬਲਵਿੰਦਰ ਸਿੰਘ ਬੈਂਸ ਵਲੋਂ ਦਿੱਤੀ ਗਈ। ਉਨ੍ਹਾਂ ਦੀ ਅਗਵਾਈ ‘ਚ ਗਏ ਹੋਏ ਸੱਤ ਮੈਂਬਰੀ ਵਫ਼ਦ ਵਲੋਂ ਸੋਮਵਾਰ ਨੂੰ ਓਡਿਸ਼ਾ ਦੇ ਗ੍ਰਹਿ ਮੰਤਰੀ ਕੈਪਟਨ ਦੀਵ ਸ਼ੰਕਰ ਮਿਸ਼ਰਾ ਨਾਲ ਮੁਲਾਕਾਤ ਕੀਤੀ ਗਈ ਸੀ ਅਤੇ ਬੈਂਸ ਭਰਾਵਾਂ ਨੇ ਦਾਅਵਾ ਕੀਤਾ ਹੈ ਕਿ ਗ੍ਰਹਿ ਮੰਤਰੀ ਮਿਸ਼ਰਾ ਨੇ ਉਕਤ ਸਾਰੇ ਐਲਾਨ ਮੁੱਖ ਮੰਤਰੀ ਨਵੀਨ ਪਟਨਾਇਕ ਵਲੋਂ ਕੀਤੇ ਹਨ।
ਮੰਗੂ ਮੱਠ ਢਾਹੇ ਜਾਣ ਦੇ ਮੁੱਦੇ ‘ਤੇ ਰੋਸ ਜ਼ਾਹਿਰ ਕਰਨ ਓਡਿਸ਼ਾ ਪਹੁੰਚੇ ਹੋਏ ਲੋਕ ਇਨਸਾਫ ਪਾਰਟੀ ਦੇ 7 ਮੈਂਬਰੀ ਵਫ਼ਦ ਨੂੰ ਓਡਿਸ਼ਾ ਸਰਕਾਰ ਵਲੋਂ ਹੀ ਸੋਮਵਾਰ ਸਵੇਰੇ ਮੁਲਾਕਾਤ ਲਈ ਬੁਲਾਇਆ ਗਿਆ ਸੀ। ਓਡਿਸ਼ਾ ਦੇ ਗ੍ਰਹਿ ਮੰਤਰੀ ਕੈਪਟਨ ਦੀਵ ਸ਼ੰਕਰ ਮਿਸ਼ਰਾ ਨਾਲ ਇਹ ਮੁਲਾਕਾਤ ਕਰੀਬ 1 ਘੰਟਾ ਚੱਲੀ। ਮੁਲਾਕਾਤ ‘ਚ ਸਥਾਨਕ ਵਿਧਾਇਕ ਬੌਬੀ ਦਾਸ, ਜਗਨਨਾਥਪੁਰੀ ਡਿਵੈੱਲਪਮੈਂਟ ਬੋਰਡ ਦੇ ਚੇਅਰਮੈਨ ਕ੍ਰਿਸ਼ਨ ਕੁਮਾਰ ਅਤੇ ਲੋਇੰਪਾ ਦੇ ਪ੍ਰੋ. ਜਗਮੋਹਨ ਸਿੰਘ, ਜਸਵਿੰਦਰ ਸਿੰਘ ਖਾਲਸਾ, ਮੋਹਨ ਸਿੰਘ, ਜਸਵੰਤ ਸਿੰਘ ਗੱਜਣਮਾਜਰਾ, ਰਣਧੀਰ ਸਿੰਘ ਸਿਵੋ ਮੌਜੂਦ ਰਹੇ।
ਇਸ ਮੁਲਾਕਾਤ ਤੋਂ ਬਾਅਦ ਬੈਂਸ ਭਰਾਵਾਂ ਨੇ ਸਥਾਨਕ ਵਿਧਾਇਕ ਬੌਬੀ ਦਾਸ ਦੀ ਹਾਜ਼ਰੀ ‘ਚ ਕਿਹਾ ਕਿ ਉਨ੍ਹਾਂ ਦੀ ਓਡਿਸ਼ਾ ਸਰਕਾਰ ਨਾਲ ਗੱਲ ਕਾਫ਼ੀ ਤਸੱਲੀਬਖਸ਼ ਰਹੀ। ਓਡਿਸ਼ਾ ਦੇ ਗ੍ਰਹਿ ਮੰਤਰੀ ਮੁਤਾਬਕ ਸਿੱਖਾਂ ਦਾ ਕੋਈ ਵਫ਼ਦ ਹੁਣ ਤੱਕ ਓਡਿਸ਼ਾ ਸਰਕਾਰ ਕੋਲ ਠੀਕ ਢੰਗ ਨਾਲ ਆਪਣਾ ਪੱਖ ਨਹੀਂ ਰੱਖ ਸਕਿਆ ਸੀ, ਜਿਸ ਕਾਰਨ ਮੰਗੂ ਮੱਠ ਬਾਰੇ ਗਲਤ ਪ੍ਰਚਾਰ ਹੁੰਦਾ ਰਿਹਾ ਹੈ। ਸ਼੍ਰੋਮਣੀ ਕਮੇਟੀ ਮੈਂਬਰ ਬਲਵਿੰਦਰ ਸਿੰਘ ਬੈਂਸ ਨੇ ਦੱਸਿਆ ਕਿ ਜਿਵੇਂ ਹੀ ਓਡਿਸ਼ਾ ਦੇ ਗ੍ਰਹਿ ਮੰਤਰੀ ਵਲੋਂ ਮੰਗੂ ਮੱਠ ‘ਚ ਗੁਰਦੁਆਰੇ ਦੇ ਨਿਰਮਾਣ ਦਾ ਭਰੋਸਾ ਦਿੱਤਾ ਗਿਆ ਤਾਂ ਉਨ੍ਹਾਂ ਨੂੰ ਉਸਾਰੀ ਦਾ ਜਿੰਮਾ ਐੱਸ. ਜੀ. ਪੀ. ਸੀ. ਜਾਂ ਪੂਰੀ ਦੁਨੀਆ ‘ਚ ਵਸਦੇ ਸਿੱਖ ਭਾਈਚਾਰੇ ਨੂੰ ਸੌਂਪਣ ਦੀ ਪੇਸ਼ਕਸ਼ ਕੀਤੀ ਗਈ ਪਰ ਗ੍ਰਹਿ ਮੰਤਰੀ ਓਡਿਸ਼ਾ ਨੇ ਇਹ ਕਹਿੰਦੇ ਇਨਕਾਰ ਕਰ ਦਿੱਤਾ ਕਿ ਓਡਿਸ਼ਾ ਸਰਕਾਰ ਆਪਣੇ ਬਜਟ ਨਾਲ ਮੰਗੂ ਮੱਠ ਵਾਲੀ ਜਗ੍ਹਾ ‘ਤੇ ਗੁਰਦੁਆਰਾ ਆਰਤੀ ਸਾਹਿਬ ਦਾ ਨਿਰਮਾਣ ਕਰਵਾਏਗੀ ਅਤੇ ਇਸ ਤੋਂ ਇਲਾਵਾ ਓਡਿਸ਼ਾ ਪੁਲਸ ਦੇ ਕਬਜ਼ੇ ਹੇਠ ਕੀਤੇ ਗਏ ਪੰਜਾਬੀ ਮੱਠ ਨੂੰ ਜਗਨਨਾਥਪੁਰੀ ਮੰਦਰ ਤੋਂ 75 ਮੀਟਰ ਤੱਕ ਖਾਲੀ ਕਰ ਕੇ ਬਾਕੀ ਮੱਠ ਨੂੰ ਸਿੱਖਾਂ ਨਾਲ ਵਿਚਾਰ ਚਰਚਾ ਕਰ ਕੇ ਇਸਤੇਮਾਲ ਕੀਤਾ ਜਾਵੇਗਾ।