ਨਵੀਂ ਦਿੱਲੀ— ਦਿੱਲੀ ਦੇ ਪ੍ਰਾਈਵੇਟ ਅਤੇ ਸਰਕਾਰੀ ਸਕੂਲਾਂ ਦੇ ਲਗਭਗ 22 ਲੱਖ ਵਿਦਿਆਰਥੀਆਂ ਨੂੰ ਸੋਮਵਾਰ ਔਰਤਾਂ ਦਾ ਸਤਿਕਾਰ ਕਰਨ ਅਤੇ ਉਨ੍ਹਾਂ ਦੀ ਸ਼ਾਨ ਨੂੰ ਠੇਸ ਨਾ ਪਹੁੰਚਾਉਣ ਦੀ ਸਹੁੰ ਚੁਕਾਈ ਗਈ। ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਟਵੀਟ ਕਰ ਕੇ ਦੱਸਿਆ ਕਿ ਔਰਤਾਂ ਦੀ ਸੁਰੱਖਿਆ ਲਈ ਦਿੱਲੀ ‘ਚ ਇਕ ਵਿਸ਼ੇਸ਼ ਮੁਹਿੰਮ ਸ਼ੁਰੂ ਕੀਤੀ ਗਈ ਹੈ। ਇਸ ਮੁਹਿੰਮ ਅਧੀਨ 22 ਲੱਖ ਦੇ ਲਗਭਗ ਵਿਦਿਆਰਥੀਆਂ ਨੂੰ ਕੁੜੀਆਂ ਅਤੇ ਔਰਤਾਂ ਪ੍ਰਤੀ ਸਰਕਾਰ ਪ੍ਰਗਟ ਕਰਨ ਲਈ ਕਿਹਾ ਗਿਆ ਹੈ। ਨਾਲ ਹੀ ਸੀ.ਸੀ.ਟੀ.ਵੀ. ਕੈਮਰੇ ਅਤੇ ਸਟ੍ਰੀਟ ਲਾਈਟਾਂ ਵੀ ਲਾਈਆਂ ਜਾ ਰਹੀਆਂ ਹਨ।
ਉਨ੍ਹਾਂ ਕਿਹਾ ਕਿ ਸਮਾਜ ਦੀ ਵਿਚਾਰਧਾਰਾ ਨੂੰ ਬਦਲਣ ਦੀ ਲੋੜ ਹੈ। ਅਸੀਂ ਦਿੱਲੀ ਨੂੰ ਇਕ ਅਜਿਹੀ ਥਾਂ ਬਣਾਉਣੀ ਚਾਹੁੰਦੇ ਹਾਂ, ਜਿਥੇ ਔਰਤਾਂ ਰਾਤ ਸਮੇਂ ਘਰੋਂ ਬਾਹਰ ਨਿਕਲਣ ਵੇਲੇ ਕਿਸੇ ਤਰ੍ਹਾਂ ਦਾ ਡਰ ਮਹਿਸੂਸ ਨਾ ਕਰਨ। ਵਿਦਿਆਰਥੀਆਂ ਨੇ ਸਹੁੰ ਚੁੱਕੀ ਹੈ ਕਿ ਔਰਤਾਂ ਦਾ ਸਤਿਕਾਰ ਕਰਨਗੇ ਅਤੇ ਉਨ੍ਹਾਂ ਪ੍ਰਤੀ ਕਿਸੇ ਤਰ੍ਹਾਂ ਦਾ ਗਲਤ ਰਵੱਈਆ ਨਹੀਂ ਅਪਣਾਉਗੇ। ਵਿਦਿਆਰਥਣਾਂ ਨੂੰ ਵੀ ਕਿਹਾ ਗਿਆ ਹੈ ਕਿ ਉਹ ਘਰਾਂ ‘ਚ ਆਪਣੇ ਭਰਾਵਾਂ ਨੂੰ ਇਹ ਸਹੁੰ ਚੁਕਾਉਣਗੀਆਂ ਕਿ ਉਹ ਔਰਤਾਂ ਨਾਲ ਸਹੀ ਢੰਗ ਨਾਲ ਪੇਸ਼ ਆਉਣਗੇ।