ਨਵੀਂ ਦਿੱਲੀ— ਨਾਗਰਿਕਤਾ ਸੋਧ ਐਕਟ (ਸੀ. ਏ. ਏ.) ਨੂੰ ਲੈ ਕੇ ਵਿਰੋਧ ਭੱਖਦਾ ਹੀ ਜਾ ਰਿਹਾ ਹੈ। ਥਾਂ-ਥਾਂ ‘ਤੇ ਇਸ ਐਕਟ ਵਿਰੁੱਧ ਵਿਰੋਧ ਪ੍ਰਦਰਸ਼ਨ ਕੀਤੇ ਜਾ ਰਹੇ ਹਨ। ਦਿੱਲੀ ‘ਚ ਸੀ. ਏ. ਏ. ਨੂੰ ਲੈ ਕੇ ਮੰਗਲਵਾਰ ਭਾਵ ਅੱਜ ਪ੍ਰਦਰਸ਼ਨਕਾਰੀਆਂ ਅਤੇ ਜਾਮੀਆ ਵਿਦਿਆਰਥੀਆਂ ਵਲੋਂ ਵਿਰੋਧ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ। ਦਿੱਲੀ ਦੇ ਮੰਡੀ ਹਾਊਸ ‘ਚ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ, ਜਿਸ ਕਾਰਨ ਇੱਥੇ ਧਾਰਾ-144 ਲਾਗੂ ਕਰ ਦਿੱਤੀ ਗਈ ਹੈ। ਇਸ ਦੇ ਨਾਲ ਹੀ ਸੰਸਦ ਮਾਰਗ ਨੂੰ ਪੂਰੀ ਤਰ੍ਹਾਂ ਬੰਦ ਕਰ ਦਿੱਤਾ ਗਿਆ ਹੈ। ਭਾਰੀ ਗਿਣਤੀ ‘ਚ ਪੁਲਸ ਫੋਰਸ ਤਾਇਨਾਤ ਕਰ ਦਿੱਤੀ ਗਈ ਹੈ।
ਟ੍ਰੈਫਿਕ ਪੁਲਸ ਨੇ ਅਲਰਟ ਜਾਰੀ ਕੀਤਾ ਹੈ ਕਿ ਸੰਸਦ ਮਾਰਗ ਪੂਰੀ ਤਰ੍ਹਾਂ ਬੰਦ ਕਰ ਦਿੱਤਾ ਗਿਆ ਹੈ ਅਤੇ ਇਸ ਥਾਂ ਵੱਲ ਜਾਣ ਤੋਂ ਬਚੋ।
ਵਿਰੋਧ ਪ੍ਰਦਰਸ਼ਨ ਕਰ ਰਹੇ ਵਿਦਿਆਰਥੀ, ਪ੍ਰਦਰਸ਼ਨਕਾਰੀ ਮੰਡੀ ਹਾਊਸ ‘ਚ ਡਟੇ ਹੋਏ ਹਨ। ਉਨ੍ਹਾਂ ਨੇ ਹੱਥਾਂ ‘ਚ ਤਖਤੀਆਂ ਫੜੀਆਂ ਹੋਈਆਂ ਸਨ, ਜਿਸ ‘ਤੇ ਲਿਖਿਆ ਸੀ- ‘ਅਸੀਂ ਭਾਰਤ ਦੇ ਲੋਕ, ‘ਸੰਵਿਧਾਨ ਬਚਾਓ, ਦੇਸ਼ ਬਚਾਓ, ਅਤੇ ‘ਸਾਂਝੀ ਵਿਰਾਸਤ, ਸਾਂਝੀ ਸ਼ਹਾਦਤ, ਸਾਂਝੀ ਨਾਗਰਿਕਤਾ’। ਇੰਨਾ ਹੀ ਪ੍ਰਦਰਸ਼ਨਕਾਰੀਆਂ ਨੇ ਹੱਥਾਂ ‘ਚ ਸੰਵਿਧਾਨ ਦੀ ਕਾਪੀ ਅਤੇ ਬਾਬਾ ਸਾਹਿਬ ਅੰਬੇਡਕਰ ਦੀ ਤਸਵੀਰ ਵੀ ਹੈ। ਦੱਸਿਆ ਜਾ ਰਿਹਾ ਹੈ ਕਿ ਇਨ੍ਹਾਂ ਪ੍ਰਦਰਸ਼ਨਕਾਰੀਆਂ ਵਿਚ ਦਿੱਲੀ ਯੂਨੀਵਰਸਿਟੀ ਅਤੇ ਜਵਾਹਰਲਾਲ ਨਹਿਰੂ ਯੂਨੀਵਰਸਿਟੀ ਦੇ ਵਿਦਿਆਰਥੀ ਵੀ ਸ਼ਾਮਲ ਹਨ।