ਮੋਹਾਲੀ : ਪੰਜਾਬ ਦੇ ਸਿਹਤ ਤੇ ਪਰਿਵਾਰ ਭਲਾਈ ਅਤੇ ਕਿਰਤ ਮੰਤਰੀ ਬਲਬੀਰ ਸਿੰਘ ਸਿੱਧੂ ਨੇ ਪੁਰਜ਼ੋਰ ਮੰਗ ਕੀਤੀ ਹੈ ਕਿ ਮੋਹਾਲੀ ‘ਚ ਬਣੇ ਹਵਾਈ ਅੱਡੇ ਦੇ ਨਾਂ ਵਿਚ ਮੋਹਾਲੀ ਸ਼ਹਿਰ ਦਾ ਨਾਮ ਜ਼ਰੂਰ ਦਰਜ ਹੋਣਾ ਚਾਹੀਦਾ ਹੈ ਅਤੇ ਜਿਹੜੇ ਇਸ ਦਾ ਵਿਰੋਧ ਕਰ ਰਹੇ ਹਨ, ਉਹ ਆਪਣੀ ਸੌੜੀ ਸੋਚ ਦਾ ਪ੍ਰਗਟਾਵਾ ਕਰ ਰਹੇ ਹਨ। ਹਵਾਈ ਅੱਡੇ ਦਾ ਨਾਂ ਚੰਡੀਗੜ੍ਹ ਕਰਨ ਦੀ ਮੰਗ ਕਰਨ ਵਾਲੀ ਸੰਸਦ ਮੈਂਬਰ ਕਿਰਨ ਖੇਰ ਨੂੰ ਆੜੇ ਹੱਥੀਂ ਲੈਂਦਿਆਂ ਸਿੱਧੂ ਨੇ ਕਿਹਾ ਕਿ ਉਹ ਆਪਣੀ ਘਟੀਆ ਸੋਚ ਨੂੰ ਜੱਗ ਜ਼ਾਹਿਰ ਕਰ ਰਹੇ ਹਨ।
ਉਨ੍ਹਾਂ ਕਿਹਾ ਕਿ ਮੋਹਾਲੀ ਨੂੰ ‘ਕੋਈ ਨਹੀਂ ਜਾਣਦਾ’ ਦੀ ਟਿੱਪਣੀ ਕਰਨ ਵਾਲੀ ਸੰਸਦ ਮੈਂਬਰ ਨੂੰ ਇਹ ਪਤਾ ਹੋਣਾ ਚਾਹੀਦਾ ਹੈ ਕਿ ਇਹ ਸ਼ਹਿਰ ਦਸਵੇਂ ਪਾਤਸ਼ਾਹ ਦੇ ਵੱਡੇ ਸਾਹਿਬਜ਼ਾਦੇ ਅਜੀਤ ਸਿੰਘ ਦੇ ਨਾਂ ਉਤੇ ਵਸਿਆ ਹੈ, ਜੋ ਵੱਡੇ ਨਿਵੇਸ਼ ਧੁਰੇ ਵਜੋਂ ਪੂਰੇ ਵਿਸ਼ਵ ਭਰ ਵਿਚ ਉੱਭਰ ਰਿਹਾ ਹੈ। ਮੋਹਾਲੀ ਆਈ. ਟੀ. ਹੱਬ ਵਜੋਂ ਦੇਸ਼ ਦੀ ਅਗਵਾਈ ਕਰਨ ਦੇ ਮੁਹਾਣ ਉਤੇ ਖੜ੍ਹਾ ਹੈ। ਕੈਬਨਿਟ ਮੰਤਰੀ ਨੇ ਕਿਹਾ ਕਿ ਕਿਰਨ ਖੇਰ ਨੂੰ ਸ਼ਾਇਦ ਇਹ ਗੱਲ ਨਹੀਂ ਪਤਾ ਕਿ ਚੰਡੀਗੜ੍ਹ ਪੰਜਾਬ ਦੇ 50 ਪਿੰਡਾਂ ਦੀ ਜ਼ਮੀਨ ਉਤੇ ਵਸਿਆ ਹੈ, ਜਿਸ ਵਿਚੋਂ 28 ਪਿੰਡਾਂ ਨੂੰ ਉਜਾੜ ਕੇ ਇਹ ਸ਼ਹਿਰ ਵਸਾਇਆ ਗਿਆ।
ਉਨ੍ਹਾਂ ਕਿਹਾ ਕਿ ਕਿਰਨ ਖੇਰ ਹੀ ਨਹੀਂ, ਸਗੋਂ ਭਾਜਪਾ ਦੇ ਸਾਰੇ ਆਗੂ ਬੇਥਵੀਆਂ ਮਾਰਨ ਉਤੇ ਉਤਰ ਆਏ ਹਨ ਕਿਉਂਕਿ ਹੁਣ ਦੇਸ਼ ਭਰ ਵਿਚੋਂ ਉਨ੍ਹਾਂ ਦੀ ਪੁੱਠੀ ਗਿਣਤੀ ਸ਼ੁਰੂ ਹੋ ਚੁੱਕੀ ਹੈ। ਉਨ੍ਹਾਂ ਕਿਹਾ ਕਿ ਪਹਿਲਾਂ ਮਹਾਰਾਸ਼ਟਰ ਤੇ ਹੁਣ ਝਾਰਖੰਡ ਦੇ ਆਏ ਨਤੀਜੇ ਇਸ ਗੱਲ ਦੀ ਗਵਾਹੀ ਭਰਦੇ ਹਨ ਕਿ ਹੁਣ ਭਾਜਪਾ ਦੇ ਪਾਪਾਂ ਦਾ ਘੜਾ ਭਰ ਚੁੱਕਿਆ ਹੈ। ਹਵਾਈ ਅੱਡੇ ਦੇ ਨਾਂ ਨਾਲ ਮੋਹਾਲੀ ਸ਼ਹਿਰ ਦਾ ਨਾਮ ਜੋੜਨ ਦੀ ਮੰਗ ਕਰਦਿਆਂ ਸ਼੍ਰੀ ਸਿੱਧੂ ਨੇ ਕਿਹਾ ਕਿ ਕਿਰਨ ਖੇਰ ਖ਼ੁਦ ਇਸ ਹਵਾਈ ਅੱਡੇ ਉਤੇ ਉਤਰ ਕੇ ਮੋਹਾਲੀ ਸ਼ਹਿਰ ਵਿੱਚੋਂ ਲੰਘ ਕੇ ਚੰਡੀਗੜ੍ਹ ਜਾਂਦੇ ਹਨ, ਜੇ ਉਨ੍ਹਾਂ ਹਵਾਈ ਅੱਡੇ ਦਾ ਨਾਂ ਚੰਡੀਗੜ੍ਹ ਦੇ ਨਾਮ ਉਤੇ ਰੱਖਣ ਦੀ ਮੰਗ ਜਾਰੀ ਰੱਖੀ ਤਾਂ ਉਨ੍ਹਾਂ ਦਾ ਇੱਥੇ ਆਉਣ ਉਤੇ ਘਿਰਾਓ ਤੇ ਬਾਈਕਾਟ ਕੀਤਾ ਜਾਵੇਗਾ।