ਚੰਡੀਗੜ੍ਹ: ਕਿਸਾਨ ਮਜ਼ਦੂਰ ਜਥੇਬੰਦੀ ਵਲੋਂ ਬਿਜਲੀ ਖਪਤਕਾਰਾਂ ‘ਤੇ 1490 ਕਰੋੜ ਦਾ ਨਵਾਂ ਬੋਝ 1 ਜਨਵਰੀ, 2020 ਤੋਂ ਪਾਉਣ ਵਾਲੀ ਪਾਵਰਕਾਮ ਤੇ ਪੰਜਾਬ ਸਰਕਾਰ ਦੀ ਸਖਤ ਨਿਖੇਧੀ ਕਰਦਿਆਂ ਘਰੇਲੂ ਬਿਜਲੀ ਦਰ 1 ਰੁਪਏ ਯੂਨਿਟ ਕਰਨ ਦੀ ਮੰਗ ਕੀਤੀ ਤੇ ਖਪਤਕਾਰਾਂ ਨੂੰ ਬਿਜਲੀ ਦਰਾਂ ‘ਚ ਵਾਧੇ ਖਿਲਾਫ਼ ਸੰਘਰਸ਼ਾਂ ‘ਚ ਸ਼ਾਮਲ ਹੋਣ ਦੀ ਅਪੀਲ ਕੀਤੀ। ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਦੇ ਪ੍ਰਧਾਨ ਸਤਨਾਮ ਸਿੰਘ ਪੰਨੂ, ਸੀਨੀਅਰ ਮੀਤ ਪ੍ਰਧਾਨ ਸਵਿੰਦਰ ਸਿੰਘ ਚੁਤਾਲਾ, ਸੂਬਾ ਦਫਤਰ ਸਕੱਤਰ ਗੁਰਬਚਨ ਸਿੰਘ ਚੱਬਾ ਨੇ ਜਾਰੀ ਪ੍ਰਤੀਕਿਰਿਆ ‘ਚ ਕਿਹਾ ਕਿ ਪੰਜਾਬ ਸਰਕਾਰ ਤੇ ਪਾਵਰਕਾਮ ਨੇ 1 ਜਨਵਰੀ, 2020 ਤੋਂ ਬਿਜਲੀ ਖਪਤਕਾਰਾਂ ‘ਤੇ ਵੱਡਾ ਬੋਝ ਪਾਉਣ ਦਾ ਫੈਸਲਾ ਕਰਦਿਆਂ ਸੁਪਰੀਮ ਕੋਰਟ ਦੀਆਂ ਹਦਾਇਤਾਂ ਮੁਤਾਬਕ ਨਾਭਾ ਤੇ ਤਲਵੰਡੀ ਸਾਬੋ ਨਿੱਜੀ ਥਰਮਲ ਪਲਾਂਟਾਂ ਨੂੰ 1490 ਕਰੋੜ ਰੁਪਏ ਦੇਣ ਦਾ ਜੁਗਾੜ ਕਰ ਲਿਆ ਹੈ।
ਕੁਝ ਹੋਰ ਨਿੱਜੀ ਕੰਪਨੀਆਂ ਵਲੋਂ ਵੀ 1300 ਕਰੋੜ ਰੁਪਏ ਲੈਣ ਲਈ ਸੁਪਰੀਮ ਕੋਰਟ ‘ਚ ਅਪੀਲ ਦਾਇਰ ਕੀਤੀ ਜਾ ਰਹੀ ਹੈ। ਕਿਸਾਨ ਆਗੂਆਂ ਨੇ ਬਿਜਲੀ ਦਰਾਂ ‘ਚ ਵੱਡਾ ਵਾਧਾ ਕਰਨ ਵਾਲੀ ਕੈਪਟਨ ਸਰਕਾਰ ਤੇ ਪਾਵਰਕਾਮ ਦੀ ਨਿਖੇਧੀ ਕਰਦਿਆਂ ਕੀਤਾ ਵਾਧਾ ਤੁਰੰਤ ਵਾਪਸ ਲੈਣ ਦੀ ਮੰਗ ਕੀਤੀ ਹੈ ਤੇ ਬਿਜਲੀ ਕੰਪਨੀਆਂ ਨਾਲ ਪਿਛਲੀ ਅਕਾਲੀ ਭਾਜਪਾ ਸਰਕਾਰ ਵਲੋਂ ਕੀਤੇ ਪੰਜਾਬ ਮਾਰੂ ਸਮਝੌਤੇ ਰੱਦ ਕਰਨ ਲਈ ਮੰਗ ਕਰਦਿਆਂ ਪੰਜਾਬ ਦੇ ਬਿਜਲੀ ਖਪਤਕਾਰਾਂ ਨੂੰ ਬਿਜਲੀ ਦਰਾਂ ਦੇ ਵਾਧੇ ਵਾਲੇ ਬਿੱਲ ਨਾ ਭਰਨ, 1 ਰੁਪਏ ਯੂਨਿਟ ਘਰੇਲੂ ਬਿਜਲੀ ਦਰ ਕਰਵਾਉਣ ਲਈ ਸੰਘਰਸ਼ ਦੇ ਮੈਦਾਨ ‘ਚ ਨਿਤਰਨ ਦੀ ਅਪੀਲ ਕੀਤੀ। ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਨੇ ਬਿਜਲੀ ਦਰਾਂ ਦੇ ਮੁੱਦੇ ‘ਤੇ ਸੰਘਰਸ਼ ਦਾ ਪ੍ਰੋਗਰਾਮ ਉਲੀਕਣ ਲਈ 27 ਦਸੰਬਰ ਨੂੰ ਮੀਟਿੰਗ ਸੱਦੀ ਹੈ।