ਜੰਮੂ— ਜੰਮੂ-ਕਸ਼ਮੀਰ ਦੇ ਉੜੀ ਸੈਕਟਰ ਵਿਚ ਕੰਟਰੋਲ ਰੇਖਾ (ਐੱਲ. ਓ. ਸੀ.) ਨੇੜੇ ਪਾਕਿਸਤਾਨ ਵਲੋਂ ਵੀਰਵਾਰ ਨੂੰ ਜੰਗਬੰਦੀ ਦੀ ਉਲੰਘਣਾ ਕੀਤੀ ਗਈ। ਪਾਕਿਸਤਾਨੀ ਫੌਜੀਆਂ ਨੇ ਭਾਰਤੀ ਚੌਕੀਆਂ ਨੂੰ ਨਿਸ਼ਾਨਾ ਬਣਾਉਂਦੇ ਹੋਏ ਭਾਰੀ ਗੋਲੀਬਾਰੀ ਕੀਤੀ। ਭਾਰਤੀ ਫੌਜੀਆਂ ਦੀ ਜਵਾਬੀ ਕਾਰਵਾਈ ਵਿਚ ਦੋ ਪਾਕਿਸਤਾਨੀ ਫੌਜੀ ਮਾਰੇ ਗਏ। ਪਾਕਿਸਤਾਨ ਨੇ ਮੰਨਿਆ ਹੈ ਕਿ ਦੇਵਾ ਸੈਕਟਰ ‘ਚ ਦੋ ਪਾਕਿਸਤਾਨੀ ਫੌਜੀ ਮਾਰੇ ਗਏ ਹਨ। ਫੌਜ ਦੀ ਕਾਰਵਾਈ ਵਿਚ ਪਾਕਿਸਤਾਨ ਦੀਆਂ ਕਈ ਚੌਕੀਆਂ ਨੂੰ ਤਬਾਹ ਕਰਨ ਦੀ ਖ਼ਬਰ ਹੈ। ਭਾਰਤ ਵਲੋਂ ਦਾਗੇ ਗਏ ਮੋਰਟਾਰ ਅਤੇ ਭਾਰੀ ਗੋਲੀਬਾਰੀ ਵਿਚ ਪਾਕਿਸਤਾਨੀ ਟਿਕਾਣਿਆਂ ਨੂੰ ਵੀ ਨੁਕਸਾਨ ਪੁੱਜਾ ਹੈ।
ਇਸ ਤੋਂ ਪਹਿਲਾਂ ਬੁੱਧਵਾਰ ਨੂੰ ਪਾਕਿਸਤਾਨ ਵਲੋਂ ਉੜੀ ਦੇ ਹਾਜ਼ੀਪੀਰ ਵਿਚ ਸਵੇਰੇ ਕਰੀਬ 11 ਵਜ ਕੇ 30 ਮਿੰਟ ‘ਤੇ ਗੋਲੀਬਾਰੀ ਸ਼ੁਰੂ ਹੋਈ। ਇਸ ਗੋਲੀਬਾਰੀ ਵਿਚ ਭਾਰਤੀ ਫੌਜ ਦੇ ਇਕ ਜੇ. ਸੀ.ਓ. ਸ਼ਹੀਦ ਹੋ ਗਏ। ਪਾਕਿਸਤਾਨ ਦੀ ਫੌਜ ਨੇ ਰਿਹਾਇਸ਼ੀ ਇਲਾਕਿਆਂ ਨੂੰ ਵੀ ਨਿਸ਼ਾਨਾ ਬਣਾਇਆ। ਇਸ ਵਜ੍ਹਾਂ ਤੋਂ ਆਮ ਨਾਗਰਿਕ ਲਪੇਟ ਵਿਚ ਆ ਗਏ ਹਨ।
ਦੱਸਣਯੋਗ ਹੈ ਕਿ ਜੰਮੂ-ਕਸ਼ਮੀਰ ਤੋਂ ਧਾਰਾ-370 ਹਟਾਏ ਜਾਣ ਤੋਂ ਬਾਅਦ ਸਰਹੱਦ ਪਾਰ ਤੋਂ ਲਗਾਤਾਰ ਪਾਕਿਸਤਾਨ ਜੰਗਬੰਦੀ ਦਾ ਉਲੰਘਣ ਕਰ ਰਿਹਾ ਹੈ। ਪਾਕਿਸਤਾਨ ਨੇ ਲਗਾਤਾਰ ਸਰਹੱਦ ‘ਤੇ ਅਸ਼ਾਂਤੀ ਫੈਲਾਈ ਅਤੇ ਜਵਾਨਾਂ ਦੇ ਨਾਲ-ਨਾਲ ਸਰਹੱਦ ‘ਤੇ ਰਹਿਣ ਵਾਲੇ ਲੋਕਾਂ ਨੂੰ ਵੀ ਪਰੇਸ਼ਾਨ ਕੀਤਾ।