ਜਲੰਧਰ : ਕਾਂਗਰਸ ਦੇ ਸਾਬਕਾ ਵਿਧਾਇਕ ਕੰਵਲਜੀਤ ਸਿੰਘ ਲਾਲੀ ਨੇ ਡਰੱਗ ਅਤੇ ਗੈਂਗਸਟਰਾਂ ਦੇ ਮਾਮਲੇ ‘ਚ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਲਈ ਕੈਬਨਿਟ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਦੇ ਉਸ ਵਿਵਾਦਿਤ ਬਿਆਨ ਦਾ ਸਮਰਥਨ ਕੀਤਾ ਹੈ, ਜਿਸ ‘ਚ ਸੁਖਜਿੰਦਰ ਰੰਧਾਵਾ ਨੇ ਕਿਹਾ ਸੀ ਕਿ ਗੈਂਗਸਟਰਾਂ ਅਤੇ ਡਰੱਗ ਮਾਮਲਿਆਂ ‘ਚ ਚਰਚਿਤ ਅਕਾਲੀ ਆਗੂ ਬਿਕਰਮ ਸਿੰਘ ਮਜੀਠੀਆ ਪ੍ਰਤੀ ਮੁੱਖ ਮੰਤਰੀ ਨਰਮ ਰੁਖ ਆਪਣਾ ਰਹੇ ਹਨ। ਕੰਵਲਜੀਤ ਲਾਲੀ ਨੇ ਕਿਹਾ ਕਿ ਜੇਕਰ ਕੈਬਨਿਟ ਮੰਤਰੀ ਦੀ ਮੰਗ ‘ਤੇ ਮੁੱਖ ਮੰਤਰੀ ਕੋਈ ਠੋਸ ਕਾਰਵਾਈ ਨਹੀਂ ਕਰਦੇ ਤਾਂ ਰੰਧਾਵਾ ਨੂੰ ਵੀ ਚਾਹੀਦਾ ਹੈ ਕਿ ਉਹ ਆਪਣਾ ਅਸਤੀਫਾ ਦੇ ਕੇ ਕੈਪਟਨ ਮੰਤਰੀ ਮੰਡਲ ਤੋਂ ਬਾਹਰ ਆ ਜਾਣ ਕਿਉਂਕਿ ਮੰਤਰੀ ਅਹੁਦੇ ਦੀ ਖਾਤਰ ਪੰਜਾਬ ਦੇ ਹਿੱਤਾਂ ਨੂੰ ਤਾਕ ‘ਤੇ ਰੱਖਣਾ ਕਦੇ ਜਾਇਜ਼ ਨਹੀਂ ਹੈ।
ਲਾਲੀ ਨੇ ਕਿਹਾ ਕਿ 2017 ਦੀਆਂ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਕੈਪਟਨ ਅਮਰਿੰਦਰ ਨੇ ਹੱਥਾਂ ‘ਚ ਸ੍ਰੀ ਗੁਟਕਾ ਸਾਹਿਬ ਲੈ ਕੇ ਸੂਬੇ ‘ਚੋਂ 4 ਹਫ਼ਤਿਆਂ ‘ਚ ਨਸ਼ੇ ਨੂੰ ਖਤਮ ਕਰਨ ਦੀ ਸਹੁੰ ਚੁੱਕੀ ਸੀ। ਕੈਪਟਨ ਅਮਰਿੰਦਰ ਨੇ ਪੰਜਾਬ ਦੀ ਜਨਤਾ ਨਾਲ ਵਾਅਦਾ ਕੀਤਾ ਸੀ ਕਿ ਕਾਂਗਰਸ ਦੀ ਸਰਕਾਰ ਬਣਨ ਤੋਂ ਬਾਅਦ ਪੰਜਾਬ ਨੂੰ ਨਸ਼ਾ ਮੁਕਤ ਬਣਾਇਆ ਜਾਵੇਗਾ। ਕੈਪਟਨ ਨੇ ਇਹ ਵੀ ਦਾਅਵਾ ਕੀਤਾ ਸੀ ਕਿ ਉਹ ਸਰਕਾਰ ਬਣਦੇ ਹੀ ਬਿਕਰਮ ਮਜੀਠੀਆ ਨੂੰ ਸੀਖਾਂ ਦੇ ਪਿੱਛੇ ਕਰਨਗੇ। ਲਾਲੀ ਨੇ ਕਿਹਾ ਕਿ ਹੁਣ ਕਾਂਗਰਸ ਦੀ ਸਰਕਾਰ ਬਣੇ 3 ਸਾਲ ਹੋਣ ਨੂੰ ਹਨ ਪਰ ਸੂਬੇ ‘ਚ ਨਸ਼ਾ ਅੱਜ ਵੀ ਬਾ-ਦਸਤੂਰ ਵਿਕ ਰਿਹਾ ਹੈ। ਨਸ਼ਿਆਂ ਦੀ ਓਵਰਡੋਜ਼ ਕਾਰਨ ਰੋਜ਼ਾਨਾਂ ਮੌਤਾਂ ਹੋ ਰਹੀਆਂ ਹਨ। ਪੰਜਾਬ ਦੇ ਕੈਬਨਿਟ ਮੰਤਰੀਆਂ ਅਤੇ ਵਿਧਾਇਕ ਵਿਧਾਨ ਸਭਾ ਤੱਕ ‘ਚ ਚੀਖ-ਚੀਖ ਕੇ ਕੈਪ. ਅਮਰਿੰਦਰ ਤੋਂ ਮਜੀਠੀਆ ਖਿਲਾਫ ਕਾਰਵਾਈ ਕਰਨ ਦੀ ਮੰਗ ਕਰ ਚੁੱਕੇ ਹਨ ਪਰ ਹੁਣ ਅਕਾਲੀ ਆਗੂ ਹੀ ਕਾਂਗਰਸੀਆਂ ਨੂੰ ਉਲਟਾ ਤਾਅਨੇ ਮਾਰਨ ਲੱਗੇ ਹਨ। ਲਾਲੀ ਨੇ ਕਿਹਾ ਕਿ ਰੰਧਾਵਾ ਨੇ ਠੀਕ ਕਿਹਾ ਹੈ ਕਿ ਮਜੀਠੀਆ ਪਰਿਵਾਰ ਦੇ ਕੈਪਟਨ ਅਮਰਿੰਦਰ ਨਾਲ ਪਰਿਵਾਰਕ ਸਬੰਧ ਰਹੇ ਹਨ, ਜਿਸ ਕਾਰਨ ਕੈਪ. ਅਮਰਿੰਦਰ ਉਨ੍ਹਾਂ ਖਿਲਾਫ ਕੋਈ ਕਾਰਵਾਈ ਕਰਨ ਤੋਂ ਗੁਰੇਜ਼ ਕਰ ਰਹੇ ਹਨ। ਲਾਲੀ ਨੇ ਦੱਸਿਆ ਕਿ ਜਿਸ ਮੰਚ ‘ਤੇ ਕੈਪਟਨ ਅਮਰਿੰਦਰ ਨੇ ਸਹੁੰ ਚੁੱਕੀ ਸੀ ਉਹ ਖੁਦ ਵੀ ਉਸ ਮੰਚ ‘ਤੇ ਮੌਜੂਦ ਸਨ ਪਰ ਕੈਪ. ਅਮਰਿੰਦਰ ਹੁਣ ਆਪਣੀ ਕਸਮ ਅਤੇ ਸੂਬੇ ਦੀ ਜਨਤਾ ਨਾਲ ਕੀਤੇ ਵਾਅਦਿਆਂ ਤੋਂ ਪਿੱਛੇ ਹਟ ਰਹੇ ਹਨ।